ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਝਦਾ ਪੱਕਦਾ ਤੇਜ਼ ਕਦਮੀਂ ਸੜਕੇ ਸੜਕ ਪਿੰਡ ਨੂੰ ਤੁਰਿਆ ਜਾ ਰਿਹਾ ਸੀ। ਅਧੀਏ ਵਿਚ ਬਾਕੀ ਬਚਦਾ ਇਕ ਪੈੱਗ ਉਹ ਨੇ ਆਪਣੀ ਪੈਂਟ ਦੇ ਡੱਬ ਵਿਚ ਰੱਖਿਆ ਸੀ।

***

ਚਾਨਣ ਇੱਕ ਰਿਟਾਇਰਡ ਫੌਜੀ ਸੀ। ਦੂਜੀ ਵੱਡੀ ਸੰਸਾਰ ਜੰਗ ਵੇਲੇ ਉਹ ਭਰਤੀ ਹੋਇਆ ਸੀ। ਵੀਹ ਇੱਕੀ ਸਾਲ ਦਾ ਹੋਵੇਗਾ। ਘਰ ਵਿਚ ਗ਼ਰੀਬੀ ਸੀ। ਹੋਰ ਕਿਧਰੇ ਹੱਥ ਨਾ ਪੈਂਦਾ ਦੇਖ ਕੇ ਉਹ ਭਰਤੀ ਹੋ ਗਿਆ ਸੀ। ਉਨ੍ਹਾਂ ਦਿਨਾਂ ਵਿਚ ਉਹ ਨੂੰ ਇਹ ਗੀਤ ਬੜਾ ਹੀ ਚੰਗਾ ਲੱਗਿਆ ਸੀ-

ਭਰਤੀ ਹੋ ਜਾ ਤੂੰ, ਬਣਜੇਂਗਾ ਰੰਗਰੂਟ।

ਏਥੇ ਤਾਂ ਨੇ ਫਿੱਡੇ ਛਿੱਤਰ, ਓਥੇ ਮਿਲਦੇ ਬੂਟ ...।

ਸਾਰੀ ਉਮਰ ਉਹ ਦਾ ਵਿਆਹ ਨਹੀਂ ਹੋ ਸਕਿਆ ਸੀ। ਭਰਤੀ ਹੋਣ ਵੇਲੇ ਉਹ ਦਾ ਪਿਓ ਮਰ ਚੁੱਕਿਆ ਸੀ। ਇਕੱਲੀ ਮਾਂ ਸੀ ਸਿਰਫ਼ ਤਿੰਨ ਘੁਮਾਂ ਜ਼ਮੀਨ ਸੀ, ਜਿਹੜੀ ਉਹਦੇ ਪਿਓ ਨੇ ਸ਼ਰੀਕਾਂ ਵਿਚ ਗਹਿਣੇ ਧਰ ਰੱਖੀ ਸੀ। ਉਹਦਾ ਪਿਓ ਹੱਡੋ ਮਾਸੋਂ ਕਮਜ਼ੋਰ ਸੀ। ਕਮਾਈ ਹੁੰਦੀ ਨਹੀਂ ਸੀ। ਇਸ ਜ਼ਮੀਨ ਨੂੰ ਵਾਢਾ ਧਰ ਲਿਆ ਸੀ। ਤੇ ਹੌਲੀ ਹੌਲੀ ਸਾਰੀ ਮੁਕਾ ਲਈ ਸੀ। ਚਾਨਣ ਦਾ ਬਾਪੂ ਮਰਿਆ ਸੀ ਤਾਂ ਮਾਂ ਲੋਕਾਂ ਦੇ ਘਰ ਗੋਲਾ ਧੰਦਾ ਕਰਨ ਲੱਗੀ ਸੀ। ਚਾਨਣ ਆਪ ਵੀ ਨਿੱਕਾ ਮੋਟਾ ਕੰਮ ਕਰਦਾ। ਮਾਂ ਪੁੱਤ ਥੋੜ੍ਹੀ ਮੋਟੀ ਕਮਾਈ ਕਰਦੇ ਤੇ ਦੋ ਡੰਗ ਦੀ ਰੋਟੀ ਖਾ ਲੈਂਦੇ। ਪਰ ਜੱਟ ਦਾ ਪੁੱਤ ਹੋ ਕੇ ਚਾਨਣ ਸ਼ਰੀਕਾਂ ਦੇ ਘਰੀਂ ਮਜ੍ਹਬੀ-ਰਮਦਾਸੀਆਂ ਵਾਂਗ ਕੰਮ ਕਰਦਾ ਹੀਣਤ ਮੰਨਦਾ। ਅੱਖਾਂ ਮੀਚ ਕੇ ਜੁਟਿਆ ਰਹਿੰਦਾ, ਪਰ ਅੰਦਰੋਂ ਜਟਊ ਗੈਰਤ ਨਾਲ ਉਹਦਾ ਦਿਲ ਪੁੱਛੀਂਦਾ ਤੁਰਿਆ ਜਾਂਦਾ। ਏਸ ਕਰਕੇ ਉਹ ਭਰਤੀ ਜਾ ਹੋਇਆ ਸੀ। ਪਹਿਲੀ ਤਲਬ ਵਿਚੋਂ ਉਹ ਨੇ ਦਸ ਰੁਪਏ ਦਾ ਮਨੀਆਰਡਰ ਮਾਂ ਦੇ ਨਾਂ ਭੇਜਿਆ ਸੀ ਤਾਂ ਮਾਂ ਦੀਆਂ ਅੱਖਾਂ ਚਰਾਗਾਂ ਵਾਂਗ ਖੁੱਲ੍ਹ ਗਈਆਂ ਸਨ। ਉਹ ਨੂੰ ਪਹਿਲੀ ਵਾਰ ਸੁੱਖ ਦਾ ਸਾਹ ਆਇਆ ਸੀ। ਜਿਵੇਂ ਉਹ ਦੇ ਫੇਫੜਿਆਂ ਵਿਚ ਅਸਲੋਂ ਹੀ ਤਾਜ਼ੀ ਹਵਾ ਭਰਨ ਲੱਗੀ ਹੋਵੇ ਤੇ ਫੇਰ ਹਰ ਮਹੀਨੇ ਉਹ ਮਨੀਆਰਡਰ ਭੇਜਦਾ। ਹੁਣ ਤਾਂ ਬੁੜ੍ਹੀ ਪਹਿਨ ਪੱਚਰ ਕੇ ਵੀ ਰਹਿਣ ਲੱਗੀ। ਸ਼ਰੀਕਾਂ ਦੇ ਘਰ ਕੰਮ ਕਰਨ ਵੀ ਨਾ ਜਾਂਦੀ। ਉਹ ਦਾ ਮੁੰਡਾ ਉਹ ਨੂੰ ਵਰ੍ਹੇ ਛਿਮਾਹੀਂ ਕੁੜਤੀ ਸਲਵਾਰ ਦਾ ਕੱਪੜਾ ਭੇਜਦਾ। ਜੁੱਤੀ ਤੇ ਚਿੱਟੀ ਚਾਦਰ। ਖੰਡ ਤੇ ਲਿਪਟਨ ਦੀ ਚਾਹ ਪੱਤੀ ਦਾ ਡੱਬਾ ਵੀ। ਉਹ ਦੇ ਭਰਤੀ ਹੋਣ ਤੋਂ ਦਸ ਕੁ ਸਾਲਾਂ ਬਾਅਦ ਉਹ ਦੀ ਮਾਂ ਮਰ ਗਈ। ਘਰ ਉਹ ਨੇ ਸ਼ਰੀਕਾਂ ਨੂੰ ਨਹੀਂ ਦਿੱਤਾ। ਜਿੰਦਾ ਲਾ ਛੱਡਿਆ। ਇੱਕ ਸਾਲ ਦੋ ਮਹੀਨਿਆਂ ਦੀ ਲੰਬੀ ਛੁੱਟੀ ਆਇਆ ਤੇ ਪੱਕੀ ਬੈਠਕ ਪਵਾ ਗਿਆ। ਤੇ ਫੇਰ ਦੋ ਕੁ ਸਾਲਾਂ ਬਾਅਦ ਪੱਕੀ ਸਬਾਤ ਤੇ ਵਰਾਂਡਾ ਵੀ। ਤੇ ਫਿਰ ਪੰਜ ਸੱਤ ਸਾਲਾਂ ਵਿਚ ਪੈਸੇ ਜੋੜ ਜੋੜ ਕੇ ਉਹ ਨੇ ਪਿਓ ਦੀ ਗਹਿਣੇ ਧਰੀ ਸਾਰੀ ਜ਼ਮੀਨ ਛੁਡਾ ਲਈ ਸੀ। ਉਹ ਲੰਬੀ ਛੁੱਟੀ ਆਉਂਦਾ ਤੇ ਕਬੀਲਦਾਰ ਜਿਹਾ ਬਣ ਕੇ ਰਹਿੰਦਾ। ਦੂਜੇ ਫ਼ੌਜੀਆਂ ਵਾਂਗ ਦਾਰੂ ਨਾ ਪੈਂਦਾ। ਆਪਣੇ ਆਪ ਨੂੰ ਸਿਆਣਾ ਜਿਹਾ ਬਣਾ ਕੇ ਰੱਖਦਾ। ਉਹ ਨੂੰ ਆਸ ਸੀ ਕਿ ਕੋਈ ਰਿਸ਼ਤਾ ਹੋ ਜਾਵੇਗਾ, ਪਰ ਇਹ ਆਸ ਲੰਬੀ ਹੁੰਦੀ ਅਖ਼ੀਰ ਮੁੱਕ ਗਈ ਸੀ। ਤੇ ਫੇਰ ਉਹ ਹੌਲਦਾਰੀ ਪੈਨਸ਼ਨ ਲੈ ਕੇ ਪਿੰਡ ਆ

78

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ