ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂਗਲ ਦਾ ਜਦੋਂ ਵੱਡਾ ਮੁੰਡਾ ਵਿਆਹਿਆ ਤਾਂ ਸੰਤਾ ਬਹੁਤ ਹੈਰਾਨ ਹੋਇਆ। ਫੇਰ ਗੱਲ ਉਡਾਈ-"ਕੁੜੀ ਵੀ ਕਿਹੜਾ ਖਤਰਾਣੀ ਦੇ ਪੇਟੋਂ ਐ। ਹੋਊ ਕੋਈ ਜਾਤ ਕੁਜਾਤ, ਇਹ ਦੇ ਵਾਂਗੂੰ।"

ਏਵੇਂ ਜਿਵੇਂ ਪਟਵਾਰੀ ਮੁੰਡੇ ਦੇ ਵਿਆਹ ਨੂੰ ਵੀ ਉਹ ਨੇ ਮਖੌਲ ਚੁੱਕਿਆ ਸੀ-"ਢੁੱਕਿਆ ਹੋਊ ਆਵਦੀ ਜਾਣ 'ਚ ਵਾਜੇ ਪੀਪਣੀਆਂ ਲੈ ਕੇ, ਹੈਗਾ ਤਾਂ ਸਨਿਆਰੀ ਦਾ। ਕੀ ਦੇਖਿਐ ਬਈ ਅਗਲੇ ਨੇ?"

ਐੱਫ਼. ਸੀ. ਆਈ. ਵਾਲੇ ਮੁੰਡੇ ਦੇ ਵਿਆਹ ਵੇਲੇ ਸੰਤਾ ਕੁਝ ਨਹੀਂ ਬੋਲਿਆ। ਸੱਥ ਦੇ ਲੋਕ ਉਹ ਦੇ ਮੂੰਹ ਵੱਲ ਝਾਕਦੇ। ਪਰ ਉਹ ਚੁੱਪ ਸੀ। ਅਖ਼ੀਰ ਇੱਕ ਦਿਨ ਉਹ ਦੀ ਮਗਜਾਲੀ ਖੁੱਲ੍ਹੀ-"ਕੱਜ ਵਾਲਾ ਈ ਕੱਜ ਆਲਿਆਂ ਨੂੰ ਕੁੜੀ ਦਿਊ। ਨਰ੍ਹੜੇ ਆਲਾ ਤਾਂ ਸੌ ਕਿਹੜਾ ਮਾਰਦੈ ਜੁੱਤੀ ਅਹਿਆਂ ਜਿਆਂ ਦੇ।" ਫੇਰ ਕਹਿੰਦਾ-"ਨਾਲੇ ਭਾਈ, ਸਮੇਂ ਬਦਲ 'ਗੇ। ਹੁਣ ਕੌਣ ਦੇਖਦੈ ਸੱਚੀਆਂ ਕੁਲਾਂ। ਗਰਕਣ 'ਤੇ ਆ 'ਗੀ ਦੁਨੀਆਂ ਤੇ ਫੇਰ ਮਨ ਵਿਚ ਹੀ ਚਿਤਾਰਦਾ-"ਕਿੰਨਾ ਮਾਸਟਰਾਂ, ਪਟਵਾਰੀਆਂ ਤੇ ਲੁੱਟਣ ਖਾਣ ਮਹਿਕਮਿਆਂ ਨੂੰ ਹੱਥ ਪਾ ਲੈਣ, ਰਹਿਣਗੇ ਤਾਂ ਸੁਨਿਆਰੀ ਦੇ। ਦਾਗ਼ ਤਾਂ ਧੋਤਾ ਨ੍ਹੀ ਜਾਂਦਾ। ਕਿਧਰੇ ਧੁਰ ਅੰਦਰ ਉਹ ਮੁਕਾਬਲਾ ਕਰਦਾ-"ਸੁਨਿਆਰੀ ਸਨੂਰੀ ਨੂੰ ਕੌਣ ਜਾਣਦੈ ਸਾਲਾ ਏਸ ਦੁਨੀਆਂ 'ਚ। ਤਿੰਨੇ ਮੁੰਡੇ ਮੌਜਾਂ ਕਰਦੇ ਐ। ਕਿੱਤਿਆਂ 'ਤੇ ਲਗ ਗੇ। ਵਿਆਹੇ ਗਏ। ਏਮੇ ਜਿਮੇਂ ਫੌਜੀ ਵਿਆਹਿਆ ਜਾਉ। ਏਧਰ ਇੱਕ ਮੈਂ ਆਂ। ਸੁੱਚੀ ਕੁੱਲ ਨੂੰ ਕੀ ਚੱਟਣੈ ਸਾਲਾ। ਮੁੰਡਾ ਅਲੱਥ ਜ੍ਹਾ ਬਣੀ ਜਾਂਦੈ। ਕੀ ਪਤਾ, ਸਿਰੇ ਲੱਗੂ ਜਾਂ ਕੀਹ ਐ। ਧਾਗੇ ਤਵੀਤਾਂ ਦਾ ਇਹ ਕਿੱਤਾ ਐ ਸਾਲਾ ਕੋਈ।" ਪਰ ਉਹ ਦਿਲ ਧਰਦਾ-"ਕੁਝ ਵੀ ਹੋਵੇ, ਪਿਓ ਦਾਦੇ ਦੀ ਬਣੀ 'ਤੇ ਰਹਿਣੈ। ਬੰਦੇ ਨ੍ਹੀ ਦੇਖਦੇ, ਉੱਤੇ ਰੱਬ ਤਾਂ ਦੇਖਦੈ।"

ਸੱਥ ਦੇ ਲੋਕ ਸੰਤੇ ਦੀਆਂ ਗੱਲਾਂ ਸੁਣਦੇ ਤੇ ਹੱਸ ਛੱਡਦੇ। ਕੋਈ ਜਣਾ ਉਹ ਦੀਆਂ ਤੇਜ਼ ਤਰਾਰ ਗੱਲਾਂ ਸੁਣਨ ਲਈ ਉਹ ਨੂੰ ਛੇੜਦਾ ਤਾਂ ਸੰਤਾ ਗੱਲ ਨੂੰ ਹੋਰ ਮਸਾਲਾ ਲਾ ਕੇ ਸੁਣਾਉਂਦਾ।

-"ਮੈਂਗਲ ਦੀ ਲਾਦ ਸੁਹਣੀ ਬਹੁਤ ਐ, ਸੰਤ ਰਾਮਾ। ਮੂਰਤਾਂ ਅਰਗੇ ਮੁੰਡੇ ਐ।"

-"ਸੁਨਿਆਰੀ ਦੇ ਨੇ। ਸੁਨਿਆਰੀ ਦਾ ਮਾਸ ਸਿਉਨੇ 'ਚੋਂ ਕੱਢ ਕੇ ਬਣਾਇਆ ਹੁੰਦੈ।" ਸੱਥ ਵਿਚ ਹਾਸੜ ਮੱਚ ਉੱਠਦਾ।

ਅੰਦਰੋਂ ਅੰਦਰ ਸੰਤਾ ਕੋਸ਼ਿਸ਼ ਕਰਦਾ ਕਿ ਉਹ ਮੈਂਗਲ ਦੇ ਬਰਾਬਰ ਉੱਠ ਸਕੇ। ਉਹ ਦੀ ਕੁਲ ਵੀ ਸੁੱਚੀ ਰਹੇ ਤੇ ਉਹ ਆਰਥਿਕ ਪੱਖੋਂ ਵੀ ਮੈਂਗਲ ਦੀ ਬਰਾਬਰੀ ਕਰੇ। ਏਸੇ ਕਰਕੇ ਤਾਂ ਉਨ੍ਹਾਂ ਮੰਡੀ ਜਾ ਕੇ ਮਕਾਨ ਬਣਾਇਆ ਸੀ। ਬਣਾਇਆ ਵੀ ਮੈਂਗਲ ਦੇ ਮੁੰਡੇ ਦੀ ਕੋਠੀ ਨੇੜੇ।

ਸੰਤੇ ਦਾ ਮੁੰਡਾ ਬਹੁਤਾ ਨਹੀਂ ਪੜ੍ਹ ਸਕਿਆ ਸੀ ਤਾਂ ਕੀ। ਉਹ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਲਾਲੇ ਤੋਂ ਹੁਣ ਛੇ ਸੌ ਰੁਪਿਆ ਮਹੀਨਾ ਤਨਖਾਹ ਲੈਂਦਾ। ਉਹ ਵਿਆਹਿਆ ਵੀ ਗਿਆ। ਸੰਤੇ ਨੇ ਮੰਡੀ ਆ ਕੇ ਵੀ ਧਾਗੇ ਤਵੀਤ ਚਲਾ ਲਏ। ਗਲੀਆਂ ਦੀਆਂ ਔਰਤਾਂ ਕੋਲ ਉਹ ਖ਼ੁਦ ਹੀ ਚਲਿਆ ਜਾਂਦਾ। ਮੋਢੇ ਚਾਰਖਾਨੇ ਦਾ ਜਾਲਖਾ

ਸੁੱਚੀ ਕੁਲ

85