ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਿਸਾਬ ਬੱਸਾਂ ਫਿਰ ਕਿੱਥੇ ਸਨ। ਗੋਬਿੰਦਪੁਰੇ ਤੋਂ ਸ਼ਹਿਰ ਪੰਦਰਾਂ ਮੀਲ ਦੂਰ ਸੀ। ਸਕੂਲ ਦਾ ਇੱਕ ਬੋਰਡਿੰਗ ਹਾਊਸ ਵੀ ਸੀ। ਹਰਦੇਵ ਸਿੰਘ ਉਸ ਬੋਰਡਿੰਗ ਹਾਊਸ ਵਿਚ ਰਹਿੰਦਾ।

ਪਟਿਆਲਾ ਮਹਿੰਦਰਾ ਕਾਲਜ ਵਿਚ ਉਹ ਫੇਰ ਇਕੱਠੇ ਹੋ ਗਏ। ਰਾਮ ਨਰਾਇਣ ਆਪਣੇ ਘਰ ਰਹਿੰਦਾ ਤੇ ਹਰਦੇਵ ਸਿੰਘ ਕਾਲਜ ਹੋਸਟਲ ਵਿਚ। ਇਕੱਠਿਆਂ ਨੇ ਹੀ ਬੀ. ਏ. ਕੀਤੀ। ਰਾਮ ਨਰਾਇਣ ਬੈਂਕ ਵਿਚ ਕਲਰਕ ਲੱਗ ਗਿਆ। ਹਰਦੇਵ ਸਿੰਘ ਕਿਸੇ ਨੌਕਰੀ ਵਿਚ ਨਾ ਪਿਆ। ਉਹ ਆਪਣੇ ਬਾਪ ਦਾ ਇਕੱਲਾ ਪੁੱਤ ਸੀ। ਓਧਰ ਉਹ ਨੇ ਬੀ. ਏ. ਕੀਤੀ ਤੇ ਓਧਰ ਉਹ ਦਾ ਬਾਪ ਗੁਜ਼ਰ ਗਿਆ। ਪਿਓ ਫ਼ੌਜੀ ਬੰਦਾ ਸੀ, ਚਾਹੁੰਦਾ ਸੀ ਕਿ ਹਰਦੇਵ ਸਿੰਘ ਨੂੰ ਉਹ ਕੋਈ ਅਫ਼ਸਰ ਬਣਾਵੇਗਾ, ਪਰ ਜ਼ਮੀਨ ਬਹੁਤ ਸੀ। ਹਰਦੇਵ ਸਿੰਘ ਸਰਕਾਰੀ ਨੌਕਰੀ ਕਰਦਾ ਤਾਂ ਜ਼ਮੀਨ ਕੌਣ ਸੰਭਾਲਦਾ?

ਹਰਦੇਵ ਸਿੰਘ ਦੇ ਆਪ ਵੀ ਅਗਾਂਹ ਇੱਕ ਮੁੰਡਾ ਹੋਇਆ, ਕੁੜੀਆਂ ਚਾਰ। ਮੁੰਡਾ ਉਹ ਨੇ ਵੀ ਬੀ. ਏ. ਤੱਕ ਪੜ੍ਹਾਇਆ। ਆਪਣੇ ਬਾਪ ਵਾਂਗ ਹਰਦੇਵ ਸਿੰਘ ਵੀ ਚਾਹੁੰਦਾ ਸੀ ਕਿ ਉਹ ਦਾ ਮੁੰਡਾ ਕੋਈ ਅਫ਼ਸਰ ਬਣ ਜਾਵੇ। ਖੇਤੀ ਦੇ ਕੰਮ ਵਿਚ ਕੀ ਧਰਿਆ ਪਿਆ ਹੈ? ਮਿੱਟੀ ਨਾਲ ਮਿੱਟੀ ਹੋ ਕੇ ਰਹਿਣਾ ਪੈਂਦਾ ਹੈ। ਕਿੰਨਾ ਚਾਅ ਸੀ, ਉਹ ਨੂੰ ਮੁੰਡੇ ਦਾ। ਮੁੰਡੇ ਦੇ ਹੁੰਦਿਆਂ ਉਹ ਨੂੰ ਆਪਣੇ ਚਾਰ ਪੱਥਰ ਯਾਦ ਨਹੀਂ ਸਨ। ਪਰ ਮੁੰਡਾ ਅਜਿਹੀ ਕਿਸੇ ਬਿਮਾਰੀ ਨੇ ਫੜਿਆ ਬਸ ਜਾਨ ਦੇ ਕੇ ਹੀ ਖਹਿੜਾ ਛੁੱਟਿਆ।

ਮੁੰਡੇ ਮਰੇ ਨੂੰ ਤਾਂ ਛੇ ਮਹੀਨੇ ਹੋ ਚੁੱਕੇ ਸਨ। ਹਰਦੇਵ ਸਿੰਘ ਨੇ ਰਾਮ ਨਰਾਇਣ ਨੂੰ ਚਿੱਠੀ ਵੀ ਲਿਖੀ ਸੀ। ਭੋਗ ਦਾ ਛਪਿਆ ਕਾਰਡ ਵੀ ਗਿਆ, ਪਰ ਰਾਮ ਨਰਾਇਣ ਅੱਜ ਤੱਕ ਗੋਬਿੰਦਪੁਰੇ ਨਾ ਆ ਸਕਿਆ। ਘੋਲ ਹੀ ਘੋਲ ਪੈਂਦੀ ਗਈ। ਪਤਾ ਨਹੀਂ, ਕੀ ਸੋਚਦਾ ਹੋਵੇਗਾ ਹਰਦੇਵ ਸਿੰਘ? ਰਾਮ ਨਰਾਇਣ ਆਪਣੇ ਚੌੜੇ ਵਿਚ ਗੱਲ ਲਿਆਉਂਦਾ ਤੇ ਆਪਣੇ ਆਪ 'ਤੇ ਲਾਹਨਤਾਂ ਪਾਉਣ ਲੱਗਦਾ। ਭਰਾਵਾਂ ਨਾਲੋਂ ਵੱਧ ਸੀ ਹਰਦੇਵ ਸਿੰਘ ਉਹਨੂੰ। ਉਹ ਕਿੰਨਾ ਨਿੱਘਰ ਗਿਆ ਹੈ। ਕਿਸੇ ਯਾਰ ਮਿੱਤਰ ਦੇ ਦੁੱਖ ਸੁੱਖ ਵੇਲੇ ਵੀ ਨਹੀਂ ਜਾ ਸਕਦਾ। ਕਦੇ ਉਹ ਸੋਚਦਾ, ਜਦੋਂ ਉਹ ਮੁੰਡੇ ਦੇ ਭੋਗ 'ਤੇ ਹੀ ਨਾ ਗਿਆ, ਹੁਣ ਐਨੇ ਚਿਰ ਪਿੱਛੋਂ ਜਾਣ ਦਾ ਕੀ ਲਾਭ? ਪਰ ਨਹੀਂ, ਉਹ ਨੂੰ ਹਰਦੇਵ ਸਿੰਘ ਦੇ ਸੁਭਾਓ ਦਾ ਪਤਾ ਸੀ। ਹਰਦੇਵ ਸਿੰਘ ਉਹ ਦੇ ਬਾਰੇ ਬੁਰਾ ਨਹੀਂ ਸੋਚ ਰਿਹਾ ਹੋਵੇਗਾ, ਉਹ ਮਿਲ ਬੈਠਣਗੇ ਤਾਂ ਚੰਗਾ ਮਾਹੌਲ ਆਪ ਪੈਦਾ ਹੋ ਜਾਵੇਗਾ। ਮੁੰਡੇ ਦਾ ਦੁੱਖ ਤਾਂ ਉਹ ਨੂੰ ਸਾਰੀ ਉਮਰ ਰਹਿਣਾ ਹੈ। ਛੇ ਮਹੀਨੇ ਗੁਜ਼ਰ ਜਾਣ ਪਿੱਛੋਂ ਕੀ ਇਹ ਦੁੱਖ ਦੁੱਖ ਨਹੀਂ ਰਹਿ ਗਿਆ ਹੋਵੇਗਾ? ਉਹ ਆਪਣੀ ਬੈਂਕ ਦੀ ਨੌਕਰੀ ਦੀ ਮਜਬੂਰੀ ਵੀ ਦੱਸੇਗਾ। ਉਹ ਨੇ ਆਪਣੇ ਦੁੱਖ ਵੀ ਤਾਂ ਹਰਦੇਵ ਸਿੰਘ ਨਾਲ ਸਾਂਝੇ ਕਰਨੇ ਹਨ। ਉਹ ਦੀ ਪਤਨੀ ਨਿੱਤ ਬਿਮਾਰ ਰਹਿੰਦੀ ਹੈ, ਜਿਵੇਂ ਧੁਰ ਦਰਗਾ ਬਿਮਾਰੀ ਲਿਖਵਾ ਕੇ ਲਿਆਈ ਹੋਵੇ। ਰਾਮ ਨਰਾਇਣ ਦੀ ਬੁੱਢੀ ਮਾਂ ਤਕੜੀ ਨਾ ਹੁੰਦੀ ਤਾਂ ਘਰ ਵਿਚ ਰੋਟੀ ਪੱਕਣੀ ਮੁਸ਼ਕਲ ਸੀ। ਬਿਮਾਰੀ ਕਰਕੇ ਹੀ ਉਹ ਦੇ ਕੋਈ ਬੱਚਾ ਨਹੀਂ ਹੋਇਆ ਸੀ। ਬੱਚਾ ਨਾ ਹੋਣ ਕਰਕੇ ਹੀ ਬਿਮਾਰ ਰਹਿੰਦੀ ਹੋਵੇਗੀ।

ਰਾਮ ਨਰਾਇਣ ਹੁਣ ਗੋਬਿੰਦਪੁਰੇ ਨੂੰ ਤੁਰਿਆ ਜਾ ਰਿਹਾ ਮਨ ਵਿਚ ਇੱਕੋ ਗੱਲ ਫੜੀ ਬੈਠਾ ਸੀ ਕਿ ਉਹ ਹਰਦੇਵ ਸਿੰਘ ਨੂੰ ਇਹ ਕਹਿ ਕੇ ਦਿਲ ਧਰਾਵੇਗਾ-"ਯਾਰ, ਮੇਰੇ

ਮਿੱਟੀ ਦੀ ਜ਼ਾਤ

89