ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਮ ਨਰਾਇਣ ਦੇ ਮੂੰਹ 'ਤੇ ਬਹਾਨੇ ਭਰੀਆਂ ਗੱਲਾਂ ਆਉਂਦੀਆਂ ਤੇ ਵਾਪਸ ਹੋ ਜਾਂਦੀਆਂ। ਗੱਲ ਮੂੰਹੋਂ ਕੱਢਣ ਲੱਗਿਆਂ ਉਹ ਆਪਣੇ ਆਪ ਨੂੰ ਗੁਨਾਹਗਾਰ ਸਮਝਦਾ। ਅਖ਼ੀਰ ਉਹ ਨੇ ਸੱਚੀ ਗੱਲ ਆਖੀ-"ਭੋਗ ਵਾਲੇ ਦਿਨ ਤੇਰੀ ਭਰਜਾਈ ਬਹੁਤ ਢਿੱਲੀ ਹੋ 'ਗੀ ਸੀ। ਹਸਪਤਾਲ ਲਿਜਾਣਾ ਪਿਆ। ਤਿੰਨ ਰਾਤਾਂ ਓਥੇ ਹੀ ਰਹੇ। ਬੱਸ ਫੇਰ ਘੋਲ ਈ ਪੈਂਦੀ ਗਈ। ਅੱਜ ਜਾਨਾ, ਕੱਲ੍ਹ ਜਾਨਾ। ਆਹ ਦਿਨ ਆ ਗਿਆ।"

ਤੇ ਫੇਰ ਹਰਦੇਵ ਸਿੰਘ ਉਹ ਨੂੰ ਕਹਿੰਦਾ-"ਚੱਲ ਹੁਣ ਮੰਜੇ 'ਤੇ ਹੀ ਆ ਜਾ। ਕੀਹ ਐ ਇਨ੍ਹਾਂ ਗੱਲਾਂ 'ਚ। ਬੰਦਾ ਮੁੜ ਕੇ ਤਾਂ ਔਂਦਾ ਨ੍ਹੀ।"

ਮੰਜੇ 'ਤੇ ਬੈਠ ਕੇ ਉਹ ਏਧਰ ਓਧਰ ਦੀਆਂ ਹੋਰ ਗੱਲਾਂ ਮਾਰਨ ਲੱਗੇ।

ਹਰਦੇਵ ਸਿੰਘ ਦੇ ਘਰ ਵਾਲੀ ਆਈ ਤੇ ਕਹਿੰਦੀ-"ਰਾਮ, ਹੱਥ ਮੂੰਹ ਧੋ ਲੈ। ਤੱਤਾ ਪਾਣੀ ਰੱਖਿਆ ਪਿਐ ਗੁਸਲਖਾਨੇ 'ਚ। ਫੇਰ ਰੋਟੀ ਖਾ ਲਿਓ।"

ਰਾਮ ਨਰਾਇਣ ਉੱਠਿਆ ਤੇ ਗੁਸਲਖਾਨੇ ਵਿਚ ਜਾ ਕੇ ਮੂੰਹ ਹੱਥ ਧੋਣ ਲੱਗਿਆ। ਗਰਮ ਪਾਣੀ ਨਾਲ ਗੋਡਿਆਂ ਤੱਕ ਲੱਤਾਂ ਤੇ ਕੁਹਣੀਆਂ ਤੱਕ ਬਾਹਾਂ ਤੇ ਫੇਰ ਸਾਰਾ ਚਿਹਰਾ ਧੋ ਕੇ ਉਹ ਨੂੰ ਜਿਵੇਂ ਸੁਰਤ ਜਿਹੀ ਆ ਗਈ ਹੋਵੇ। ਉਹ ਦੁਪਹਿਰ ਦਾ ਪਟਿਆਲਿਓਂ ਚੱਲਿਆ ਹੋਇਆ ਸੀ। ਅੱਖਾਂ ਮੱਚੂ ਮੱਚੂ ਕਰ ਰਹੀਆਂ ਸਨ। ਮੰਜੇ 'ਤੇ ਆ ਕੇ ਬੈਠਣ ਵੇਲੇ ਹਰਦੇਵ ਸਿੰਘ ਦੀ ਪਤਨੀ ਉਹ ਨੂੰ ਇੱਕ ਭਾਰਾ ਜਿਹਾ ਕੰਬਲ ਦੇਣ ਆਈ ਤੇ ਉਹ ਦੇ ਕੋਲ ਹੀ ਪੈਂਦ ਵੱਲ ਬੈਠ ਗਈ। ਹਰਦੇਵ ਸਿੰਘ ਗੁਸਲਖਾਨੇ ਵੱਲ ਚਲਿਆ ਗਿਆ ਸੀ। ਉਹ ਉਹ ਦੀ ਪਤਨੀ ਦਾ ਹਾਲ ਚਾਲ ਪੁੱਛਣ ਲੱਗੀ। ਰਾਮ ਨਰਾਇਣ ਨੇ ਉਹ ਦੇ ਨਾਲ ਵੀ ਮੁੰਡੇ ਦਾ ਦੁੱਖ ਵੰਡਾਇਆ। ਬਿਜਲੀ ਬੱਤੀ ਦੇ ਚਾਨਣ ਵਿਚ ਉਹ ਨੇ ਦੇਖਿਆ, ਉਹ ਖਾਸੀ ਬੁੜ੍ਹੀ ਹੋ ਗਈ ਲਗਦੀ ਸੀ। ਸਿਰ ਦੇ ਵਾਲ ਅੱਧੇ ਚਿੱਟੇ ਹੋਏ ਪਏ ਸਨ। ਪਹਿਲਾਂ ਤਾਂ ਉਹ ਪੰਜ ਜਵਾਕ ਜੰਮ ਕੇ ਵੀ ਮੁਟਿਆਰ ਜਿਹੀ ਲੱਗਿਆ ਕਰਦੀ ਸੀ। ਹਰਦੇਵ ਸਿੰਘ ਵੀ ਅੱਜ ਉਹ ਨੂੰ ਉਮਰ ਉਭਾਰ ਜਿਹਾ ਦਿੱਸਿਆ ਸੀ। ਦਾੜ੍ਹੀ ਖੁੱਲ੍ਹੀ ਛੱਡੀ ਹੋਈ। ਚਿਹਰੇ ਦੀਆਂ ਝੁਰੜੀਆਂ ਸਾਫ਼ ਨਜ਼ਰ ਆਉਂਦੀਆਂ ਗੱਲਾਂ ਵਿਚ ਉਹ ਤੰਤ ਨਹੀਂ ਰਹਿ ਗਿਆ ਸੀ। ਰਾਮ ਨਰਾਇਣ ਨੇ ਮਨ ਵਿਚ ਸੋਚਿਆ, ਉਹ ਆਪ ਤਾਂ ਅਜੇ ਹਰਦੇਵ ਸਿੰਘ ਨਾਲੋਂ ਤਕੜਾ ਪਿਆ ਹੈ। ਫੇਰ ਉਹ ਨੇ ਤਰਕ ਲੱਭਿਆ-'ਪੁੱਤ ਦੀ ਮੌਤ ਦਾ ਬੜਾ ਦੁੱਖ ਹੁੰਦੈ। ਰੱਬ ਜੀਹਨੂੰ ਨਹੀਂ ਦਿੰਦਾ, ਸਬਰ ਕਰਕੇ ਬੈਠਾ ਰਹਿੰਦੈ। ਪਰ ਜੀਹਨੂੰ ਦੇ ਕੇ ਫੇਰ ਲੈ ਵੀ ਜਾਂਦੈ, ਉਹ ਸਬਰ ਨਾਲੋਂ ਵੀ ਭੈੜੀ ਗੱਲ ਐ।"

ਰੋਟੀ ਖਾ ਕੇ ਉਹ ਬਾਹਰਲੇ ਘਰ ਦੀ ਬੈਠਕ ਵਿਚ ਆ ਗਏ। ਬਿਜਲੀ ਬੱਤੀ ਜਗਾਈ। ਬੈਠਕ ਵਿਚ ਸੋਫਾ ਸੈੱਟ ਰੱਖਿਆ ਹੋਇਆ ਸੀ। ਦੋ ਪਲੰਘ ਵਿਛੇ ਹੋਏ ਸਨ। ਇੱਕ ਪਾਸੇ ਟੈਲੀਵਿਜ਼ਨ ਪਿਆ ਸੀ। ਸਾਹਮਣੇ ਵਾਲੀ ਕੰਧ 'ਤੇ ਸੋਭਾ ਸਿੰਘ ਦੀ ਬਣਾਈ ਬਾਬੇ ਨਾਨਕ ਦੀ ਵੱਡੀ ਤੇ ਆਕਰਸ਼ਕ ਤਸਵੀਰ। ਕਾਰਨਿਸ 'ਤੇ ਕਿੰਨੀਆਂ ਸਾਰੀਆਂ ਧਾਰਮਿਕ ਪੁਸਤਕਾਂ। ਖੱਬੇ ਪਾਸੇ ਦੀ ਕੰਧ 'ਤੇ ਆਟੋਮੈਟਿਕ ਕਲਾਕ ਤੇ ਸੱਜੇ ਪਾਸੇ ਦੀ ਕੰਧ 'ਤੇ ਚਿੱਟੀ ਲੱਕੜ ਦੇ ਫਰੇਮ ਵਾਲੀ ਇੱਕ ਫੋਟੋ। ਇਹ ਫੋਟੋ ਪਿਛਲੀ ਵਾਰ ਰਾਮ ਨਰਾਇਣ ਨੇ ਨਹੀਂ ਦੇਖੀ ਸੀ। ਕਰੜ ਬਰੜੀ ਖੁੱਲ੍ਹੀ ਦਾੜ੍ਹੀ, ਮੁੱਛਾਂ ਬਿਲਕੁੱਲ ਸਾਫ਼, ਸਿਰ 'ਤੇ ਚਿੱਟੀ ਪੱਗ ਲੜ ਛੱਡਵੀਂ।'

92

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ