ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

-"ਦੇਵ, ਇਹ ਕੌਣ ਹੋਇਆ ਬਈ?" ਰਾਮ ਨਰਾਇਣ ਨੇ ਪਲੰਘ 'ਤੇ ਬੈਠਣ ਤੋਂ ਪਹਿਲਾਂ ਹੀ ਪੁੱਛ ਲਿਆ।

-"ਅਬਦੁੱਲਾ ਖਾਂ, ਕੌਣ ਅਬਦੁੱਲਾ ਖਾਂ?"

-"ਸੂਬੇਦਾਰ ਅਬਦੁੱਲਾ ਖਾਂ। ਤੂੰ ਬੈਠ ਪਹਿਲਾਂ ਰਜ਼ਾਈਆਂ ਖੋਲ੍ਹ ਲਈਏ। ਫੇਰ ਤੈਨੂੰ ਦੱਸਦਾਂ ਸਾਰੀ ਕਹਾਣੀ।"

ਆਪਣੀਆਂ ਆਪਣੀਆਂ ਰਜ਼ਾਈਆਂ ਹਿੱਕ ਤੱਕ ਖਿੱਚ ਕੇ ਉਨ੍ਹਾਂ ਨੇ ਇੱਕ ਦੂਜੇ ਵੱਲ ਮੂੰਹ ਕੀਤਾ ਤੇ ਸਿਰਹਾਣਿਆਂ 'ਤੇ ਕੂਹਣੀਆਂ ਟਿਕਾ ਕੇ ਲੇਟ ਗਏ। ਹਰਦੇਵ ਸਿੰਘ ਨੇ ਗੱਲ ਸ਼ੁਰੂ ਕੀਤੀ।-"ਇਹ ਉਹ ਸੂਬੇਦਾਰ ਅਬਦੁੱਲਾ ਖਾਂ ਐ, ਜੀਹਨੇ ਅੰਗਰੇਜ਼ਾਂ ਦੇ ਰਾਜ ਵੇਲੇ ਆਪਣੇ ਪਿੰਡ ਪ੍ਰਾਇਮਰੀ ਸਕੂਲ ਖੁਲ੍ਹਵਾਇਆ ਸੀ। ਏਸੇ ਪਿੰਡ ਦਾ ਈ ਐ ਇਹ ਅਬਦੁੱਲਾ ਖਾਂ।"

-"ਵਾਹ ਬਈ ਵਾਹ ਕਮਾਲ ਹੋ 'ਗੀ ਫੇਰ ਤਾਂ। ਇਹ ਫੋਟੋ ਕਿੱਥੋਂ ਮਿਲੀ ਤੈਨੂੰ?"

-'ਇਹ ਜਿਹੜਾ ਆਪਣਾ ਘਰ ਐ ਨਾ ਅੰਦਰਲਾ, ਇਹ ਏਸ ਅਬਦੁੱਲਾ ਖਾਂ ਦਾ ਸੀ। ਆਪਣੇ ਵਾਲੀ ਜ਼ਮੀਨ ਵੀ ਏਸੇ ਦੀ ਐ। ਜਦੋਂ ਅਸੀਂ ਪਾਕਿਸਤਾਨ ਛੱਡ ਕੇ ਆਏ, ਬਾਪੂ ਜੀ ਨੂੰ ਇਹ ਜ਼ਮੀਨ ਤੇ ਇਹ ਘਰ ਅਲਾਟ ਹੋ ਗਿਆ ਸੀ।'

-'ਤੇ ਇਹ ਫ਼ੋਟੋ?'

-"ਅਬਦੁੱਲਾ ਖਾਂ ਆਪ ਤਾਂ ਮਰ ਗਿਆ, ਹੁਣ ਇਹ ਦਾ ਮੁੰਡਾ ਹਦਾਇਤ ਉੱਲਾ ਖਾਂ ਪਿਛਲੇ ਸਾਲ ਇੱਥੇ ਗੋਬਿੰਦਪੁਰੇ ਆਇਆ ਸੀ, ਓਧਰੋਂ ਪਾਕਿਸਤਾਨ 'ਚੋਂ। ਪਹਿਲਾਂ ਤਾਂ ਉਹ ਲੁਧਿਆਣੇ ਪਹੁੰਚਿਆ। ਫੇਰ ਲੁਧਿਆਣੇ ਤੋਂ ਬੱਸ ਲੈ ਕੇ ਆਪਣੇ ਸ਼ਹਿਰ। ਸ਼ਹਿਰੋਂ ਉਹ ਨੇ ਟੈਕਸੀ ਕਰਵਾਈ ਤੇ ਏਥੇ ਆ ਗਿਆ। ਏਥੇ ਜੈਮਲ ਸਿਓਂ ਨੰਬਰਦਾਰ ਦਾ ਘਰ ਪੁੱਛਦਾ ਫਿਰੇ। ਜੈਮਲ ਸਿੰਘ ਨੰਬਰਦਾਰ ਉਹ ਦੇ ਬਾਪ ਅਬਦੁੱਲਾ ਖਾਂ ਦਾ ਹਾਣੀ ਐ। ਅਬਦੁੱਲਾ ਖਾਂ ਦੀਆਂ ਚਿੱਠੀਆਂ ਵੀ ਔਂਦੀਆਂ ਰਹੀਐਂ, ਜੈਮਲ ਨੰਬਰਦਾਰ ਦੇ ਨਾਉਂ। ਓਧਰੋਂ ਉਹ ਪਿੰਡ ਦਾ ਸਾਰਾ ਹਾਲ ਚਾਲ ਪੁੱਛਦਾ ਹੁੰਦਾ। ਇਹ ਐਧਰੋਂ ਲਿਖਵਾ ਕੇ ਭੇਜਦਾ ਚਿੱਠੀ। ਜੈਮਲ ਨੰਬਰਦਾਰ ਨੂੰ ਨਾਲ ਲੈ ਕੇ ਫੇਰ ਉਹ ਹਦਾਇਤੁੱਲਾ ਆਪਣੇ ਘਰ ਆਇਆ। ਆਪਣੀ ਉਮਰ ਦਾ ਈ ਸੀ, ਉਹ ਵੀ। ਖੜ੍ਹਾ ਬਾਰ ਕੰਨੀ ਝਾਕੀ ਗਿਆ, ਖਾਸਾ ਚਿਰ। ਸਿਆਣਦਾ ਹੋਊਗਾ, ਉਹ ਵੀ ਫੌਜੀ ਐ। ਸੂਬੇਦਾਰੀ ਪੈਨਸ਼ਨ ਆਇਆ ਵਿਐ। ਉਹ ਅੱਖਰ ਵੀ ਪੜ੍ਹੇ, ਚੂਨੇ ਵਿਚ ਖੋਦ ਕੇ ਵਿਚ ਕਾਲਾ ਰੰਗ ਭਰਿਆ ਹੋਇਆ "ਸੁਬਹਾਨ ਅੱਲਾਹ ਵਲ ਹਮਦੂਲ ਇਲਾਹ ਵਲਾ ਇੱਲਾਹ ਇਲ ਲੱਲਾਹ ਵੱਲਾ ਹੂ ਅਕਬਰ।" ਫੇਰ ਅੰਦਰ ਆ ਕੇ ਮੰਜੇ 'ਤੇ ਬੈਠ ਗਿਆ। ਛੱਤਾਂ ਤੇ ਕੰਧਾਂ ਦੀ ਸਿਆਣ ਜ੍ਹੀ ਕੱਢੀ ਜਾਵੇ। ਚਿਹਰਾ ਉਦਾਸ ਹੋ ਗਿਆ ਉਹਦਾ। ਮੈਂ ਘਰ ਈ ਸੀ। ਮੈਨੂੰ ਕੋਈ ਸਮਝ ਨਾ ਆਵੇ। ਫੇਰ ਜੈਮਲ ਸਿਓਂ ਨੇ ਦੱਸਿਆ ਮੈਨੂੰ ਕਿ ਇਹ ਸੂਬੇਦਾਰ ਅਬਦੁੱਲਾ ਖਾਂ ਦਾ ਲੜਕਾ ਐ ਹਦਾਇਤੁੱਲਾ ਖਾਂ। ਜਦੋਂ ਇਹ ਪਾਕਿਸਤਾਨ ਗਏ ਐ, ਇਹ ਤੀਜੀ ਜਮਾਤ 'ਚ ਪੜ੍ਹਦਾ ਹੁੰਦਾ ਸੀ। ਇਹ ਘਰ ਇਨ੍ਹਾਂ ਦਾ ਸੀ, ਜੀਹਦੇ 'ਚ ਹੁਣ ਤੁਸੀਂ ਬੈਠੇ ਓਂ। ਅਸੀਂ ਉਹ ਨੂੰ ਚਾਹ ਪਿਆਈ। ਰੋਟੀ ਨੂੰ ਪੁੱਛਿਆ, ਉਹ ਕਹਿੰਦਾ-ਰੋਟੀ ਤਾਂ ਮੈਂ ਨੰਬਰਦਾਰ ਦੇ ਘਰ ਖਾਊਂਗਾ। ਇਹ ਫ਼ੋਟੋ ਫਰੇਮ ਕਰਵਾ ਕੇ ਉਹ ਨਾਂਲ ਲਿਆਇਆ ਸੀ। ਮੈਨੂੰ ਪਹਿਲਾਂ

ਮਿੱਟੀ ਦੀ ਜ਼ਾਤ

93