ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਉਹ ਹੱਸਣ ਲੱਗਿਆ, ਅਖੇ-ਜੇ ਅਸੀਂ ਮੁੜ ਗੋਬਿੰਦਪੁਰੇ ਆ ਜਾਈਏ ਤਾਂ ਤੁਸੀਂ ਸਾਨੂੰ ਇਹ ਸਾਡਾ ਘਰ ਵਾਪਸ ਮੋੜ ਦਿਓਂਗੇ? ਮੈਂ ਕਿਹਾ-ਹਾਂ, ਆ ਜਾਓ। ਫੇਰ ਕਹਿੰਦਾ-ਮੇਰੀ ਇੱਕ ਅਰਜ਼ ਮੰਨ ਲਓ। ਇਹ ਮੇਰੇ ਅੱਬਾ ਦੀ ਫ਼ੋਟੋ ਐ। ਇਹ ਨੂੰ ਤੁਸੀਂ ਆਪਣੇ ਘਰ ਲਾ ਕੇ ਰੱਖੋ। ਹਮੇਸ਼ਾ ਇਹ ਏਸ ਘਰੇ ਰਹੇ ਬੱਸ। ਫ਼ੋਟੋ ਮੈਂ ਲੈ ਲਈ ਤੇ ਏਥੇ ਬੈਠਕ ਵਿਚ ਇਸ ਨੂੰ ਸਜਾ ਦਿੱਤਾ। ਇਹ ਬਾਹਰਲੇ ਘਰ ਵਾਲੀ ਥਾਂ ਵੀ ਉਨ੍ਹਾਂ ਦੀ ਹੀ ਸੀ।"

-"ਅਜੀਬ ਮੋਹ ਐ ਬਈ ਆਪਣੀ ਧਰਤੀ ਦਾ।" ਰਾਮ ਨਰਾਇਣ ਆਖ ਰਿਹਾ ਸੀ।-'ਅਸਲੀ ਵਿਚ ਜਿਸ ਮਿੱਟੀ ਵਿਚੋਂ ਬੰਦਾ ਪੈਦਾ ਹੋਇਆ ਹੋਵੇ, ਉਹ ਮਿੱਟੀ ਉਹ ਨੂੰ ਬੁਲਾਉਂਦੀ ਰਹਿੰਦੀਐ। ਉਹ ਨੂੰ ਆਪਣੇ ਵੱਲ ਖਿੱਚਦੀ ਐ। ਬੰਦਾ ਆਪਣੀ ਮਿੱਟੀ ਨੂੰ ਲੋਚਦਾ ਰਹਿੰਦੈ। ਮਿੱਟੀ ਦਾ ਮਿੱਟੀ ਨਾਲ ਰਿਸ਼ਤਾ ਈ ਅਹਿਓ ਜ੍ਹਾ ਐ। ਇਹ ਜ਼ਾਤ ਐ ਮਿੱਟੀ ਦੀ।"

-"ਗੱਲ ਤਾਂ ਅਸਲ ਇਹ ਐ ਯਾਰ, ਏਸ ਗੰਦੀ ਸਿਆਸਤ ਨੇ ਮਨੁੱਖ ਨੂੰ ਵੰਡ ਦਿੱਤਾ। ਮਿੱਟੀ ਤਾਂ ਮਨੁੱਖ ਦੀ ਇੱਕੋ ਐ।"

-"ਹਾਂ, ਦੇਖ ਲੈ। ਪਾਕਿਸਤਾਨੋਂ ਚੱਲ ਕੇ ਆਇਆ ਬੰਦਾ।" ਰਾਮ ਨਰਾਇਣ ਆਖ ਰਿਹਾ ਸੀ।

-"ਹੋਰ ਸੁਣ, ਹਦਾਇਤੁੱਲਾ ਜਾਂਦਾ ਹੋਇਆ ਦੋ ਸੌ ਰੁਪਈਆ ਵੀ ਫੜਾ ਗਿਆ ਨੰਬਰਦਾਰ ਨੂੰ। ਅਖੇ-ਇਨ੍ਹਾਂ ਦੇ ਲੱਡੂ ਲਿਆ ਕੇ ਸਕੂਲ ਦੇ ਸਾਰੇ ਮੁੰਡੇ ਕੁੜੀਆਂ ਤੇ ਮਾਸਟਰਾਂ ਨੂੰ ਵੰਡ ਦਿਓ। ਆਖਿਓ-ਬਈ ਸੂਬੇਦਾਰ ਅਬਦੁੱਲਾ ਖਾਂ ਦਾ ਲੜਕਾ ਇਹ ਲੱਡੂ ਦੇ ਕੇ ਗਿਐ।"

-"ਹੋਰ ਵੀ ਕਹਿ ਗਿਆ। ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਹਰ ਜਮਾਤ ਵਿਚੋਂ ਜਿਹੜਾ ਮੁੰਡਾ ਜਾਂ ਕੁੜੀ ਫਸਟ ਆਵੇ, ਉਹ ਉਹ ਨੂੰ ਹਰ ਸਾਲ ਇਨਾਮ ਭੇਜਿਆ ਕਰੇਗਾ। ਪਹਿਲੀ ਵਾਲੇ ਨੂੰ ਦਸ ਰੁਪਈਏ, ਦੂਜੀ ਵਾਲੇ ਨੂੰ ਵੀਹ, ਤੀਜੀ ਵਾਲੇ ਨੂੰ ਤੀਹ, ਚੌਥੀ ਵਾਲੇ ਨੂੰ ਚਾਲੀ, ਪੰਜਵੀਂ ਵਾਲੇ ਨੂੰ ਪੰਜਾਹ ਤੇ ਏਵੇਂ ਜਿਵੇਂ ਛੀਵੀਂ,ਸੱਤਵੀਂ ਤੇ ਅੱਠਵੀਂ ਵਾਲਿਆਂ ਨੂੰ, ਸੱਠ, ਸੱਤਰ ਤੇ ਅੱਸੀ। ਐਸ ਸਾਲ ਆਏ ਐ ਤਿੰਨ ਸੌ ਸੱਠ ਰੁਪਈਏ।"

ਛੋਟੀ ਕੁੜੀ ਦੁੱਧ ਦਾ ਗੜਵਾ, ਜੋ ਰੱਖ ਗਈ ਸੀ, ਉਹ ਕਦੋਂ ਦਾ ਠੰਡਾ ਹੋ ਚੁੱਕਿਆ ਸੀ। ਠੰਡਾ ਦੁੱਧ ਉਨ੍ਹਾਂ ਨੂੰ ਹੋਰ ਵੀ ਸੁਆਦ ਲੱਗਿਆ। ਸਰ੍ਹੋਂ ਦੇ ਸਾਗ ਵਿਚ ਖਾਸਾ ਸਾਰਾ ਘਿਓ ਪਾ ਕੇ ਮੱਕੀ ਦੀ ਰੋਟੀ ਖਾਣ ਨਾਲ ਉਨ੍ਹਾਂ ਦੇ ਕਾਲਜਿਆਂ ਵਿਚ ਪਿਆਸ ਦੀ ਇੱਕ ਜਲਣ ਜਿਹੀ ਵੀ ਜਾਗੀ ਹੋਈ ਸੀ। ਦੁੱਧ ਪੀਣ ਬਾਅਦ ਵੀ ਉਹ ਗੱਲਾਂ ਕਰਦੇ ਰਹੇ। ਅੱਧੀ ਰਾਤ ਟੱਪ ਚੁੱਕੀ ਹੋਵੇਗੀ, ਜਦੋਂ ਉਨ੍ਹਾਂ ਦੇ ਘੁਰਾੜੇ ਵੱਜਣ ਲੱਗੇ।

ਦੂਜੇ ਦਿਨ ਰਾਮ ਨਰਾਇਣ ਸਦੇਹਾਂ ਹੀ ਜਾਗ ਪਿਆ। ਉਹ ਛੇਤੀ ਛੇਤੀ ਤਿਆਰ ਹੋ ਰਿਹਾ ਸੀ। ਹਰਦੇਵ ਸਿੰਘ ਤਾਂ ਕਦੋਂ ਦਾ ਉੱਠ ਕੇ ਗੁਰਦੁਆਰੇ ਵੀ ਜਾ ਆਇਆ ਸੀ। ਉਹ ਨੇ ਰਾਮ ਨਰਾਇਣ ਵਾਸਤੇ ਗਰਮ ਪਾਣੀ ਦੀ ਬਾਲਟੀ ਲਿਆਂਦੀ। ਉਹ ਓਥੇ ਬੈਠਕ ਵਿਚ ਹੀ ਨਹਾ ਲਿਆ। ਫੇਰ ਉਨ੍ਹਾਂ ਨੇ ਪਰੌਠਿਆਂ ਨਾਲ ਚਾਹ ਪੀਤੀ। ਰਾਮ ਨਰਾਇਣ ਚਾਹੁੰਦਾ ਸੀ ਕਿ ਛੇਤੀ ਇੱਥੋਂ ਨਿਕਲ ਤੁਰੇ। ਗੋਬਿੰਦਪੁਰੇ ਦੇ ਬੱਸ ਅੱਡੇ ਤੋਂ ਪਹਿਲੀ ਬੱਸ ਲੈ ਕੇ ਦਸ ਵੱਜਦੇ ਨੂੰ ਪਟਿਆਲੇ ਪਹੁੰਚ ਜਾਵੇ। ਇੰਝ ਉਹ ਦੀ ਛੁੱਟੀ ਬਚ ਰਹੇਗੀ।

94

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ