ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਂਝੀ ਖਿੜਕੀ

ਉਨ੍ਹਾਂ ਦੇ ਘਰਾਂ ਦੀ ਇੱਕ ਕੰਧ ਸਾਂਝੀ ਹੈ। ਇੱਕ ਪਾਸੇ ਹਜ਼ਾਰੀ ਲਾਲ ਹਿੰਦੂ ਖੱਤਰੀ ਦਾ ਘਰ ਤੇ ਇੱਕ ਪਾਸੇ ਲੱਖਾ ਸਿੰਘ ਜੱਟ ਸਿੱਖ। ਹਜ਼ਾਰੀ ਲਾਲ ਤੇ ਲੱਖਾ ਸਿੰਘ ਹਾਣੋ ਹਾਣੀ ਹਨ। ਉਨ੍ਹਾਂ ਦੇ ਘਰ ਭਾਵੇਂ ਅੱਡ ਅੱਡ ਪੱਤੀਆਂ ਵਿਚ ਹਨ, ਪਰ ਉਹ ਬਚਪਨ ਵਿਚ ਘਰਾਂ ਦੀਆਂ ਛੱਤਾਂ 'ਤੇ ਇਕੱਠੇ ਖੇਡਦੇ ਹੁੰਦੇ। ਬੰਦੇ ਜਦੋਂ ਘਰ ਨਾ ਹੁੰਦੇ ਤਾਂ ਬੁੜ੍ਹੀਆਂ ਬਨੇਰਿਆਂ 'ਤੇ ਬੈਠ ਕੇ ਗੱਲਾਂ ਕਰਦੀਆਂ। ਲੱਖਾ ਸਿੰਘ ਮਾਂ ਦਾ ਇਕੱਲਾ ਪੁੱਤ ਸੀ ਤੇ ਹਜ਼ਾਰੀ ਲਾਲ ਵੀ ਇਕੱਲਾ। ਫੇਰ ਜਦ ਉਹ ਜਵਾਨ ਹੋ ਗਏ ਹਾਂ ਹਜ਼ਾਰੀ ਲਾਲ ਨੂੰ ਸਾਕ ਹੋ ਗਿਆ। ਉਹ ਦਾ ਪਿਓ ਹਲਵਾਈ ਦੀ ਦੁਕਾਨ ਕਰਦਾ ਹੁੰਦਾ। ਆਪਣੇ ਪਿੰਡ ਤੋਂ ਛੁੱਟ ਉਹ ਪਟੜੀਵੇਰ ਦੇ ਹੋਰ ਪਿੰਡਾਂ ਵਿਚ ਵੀ ਸਾਹੇ ਪਕਾ ਕੇ ਆਉਂਦਾ। ਖਾਂਦਾ ਪੀਂਦਾ ਘਰ ਸੀ। ਪਰ ਲੱਖਾ ਸਿੰਘ ਦੇ ਪਿਓ ਕੋਲ ਥੋੜ੍ਹੀ ਜ਼ਮੀਨ ਸੀ, ਮਸਾਂ ਚਾਰ ਵਿੱਘੇ। ਉਹ ਹਿੱਸੇ ਠੇਕੇ 'ਤੇ ਪੈਲੀ ਲੈ ਕੇ ਵਾਹੀ ਕਰਦਾ। ਵਾਹਵਾ ਖਾਂਦਾ ਪੀਂਦਾ ਘਰ ਤਾਂ ਉਹ ਵੀ ਸੀ। ਘਰ ਦੀ ਜ਼ਮੀਨ ਤਕੜੀ ਨਾ ਹੋਣ ਕਰਕੇ ਲੱਖੇ ਨੂੰ ਸਾਕ ਨਹੀਂ ਹੁੰਦਾ ਸੀ। ਫੇਰ ਲੱਖੇ ਦੇ ਪਿਓ ਨੇ ਗਹਿਣੇ ਦੀ ਘੁਮਾਂ ਜ਼ਮੀਨ ਲੈ ਲਈ। ਦੋ ਕੁ ਸਾਲਾਂ ਬਾਅਦ ਫੇਰ ਇੱਕ ਘੁਮਾਂ ਹੋਰ ਤੇ ਫੇਰ ਉਨ੍ਹਾਂ ਦੇ ਘਰ ਦੀ ਹਵਾ ਬੱਝਣ ਲੱਗੀ।

ਹਜ਼ਾਰੀ ਲਾਲ ਦੀ ਬਹੂ ਬਸੋ ਇੱਕ ਵਾਰੀ ਪੇਕੇ ਗਈ ਤਾਂ ਗਵਾਂਢੀਆਂ ਦੀ ਕੁੜੀ ਲਈ ਮੁੰਡੇ ਦੀ ਦੱਸ ਪਾ ਆਈ। ਕੁੜੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ, ਲੱਖਾ ਕਮਾਊ ਮੁੰਡਾ ਸੀ। ਅੱਜ ਗਹਿਣੇ ਦੀ ਜ਼ਮੀਨ ਕੋਲ ਹੈ ਤਾਂ ਕੱਲ੍ਹ ਨੂੰ ਬੈਅ ਵੀ ਲੈ ਲੈਣਗੇ। ਪਿੰਡਾਂ ਵਿਚ ਗਹਿਣੇ ਬੈਅ ਜ਼ਮੀਨ ਦਾ ਲੈਣ ਦੇਣ ਤਾਂ ਚੱਲਦਾ ਰਹਿੰਦਾ ਹੈ। ਫੇਰ ਮੁੰਡੇ ਨੂੰ ਐਬ ਕੋਈ ਨਹੀਂ। ਲੱਖੇ ਨੂੰ ਸਾਕ ਹੋ ਗਿਆ। ਕੁੜੀ ਲੱਖੇ ਨਾਲੋਂ ਉਮਰ ਵਿਚ ਕੁਝ ਛੋਟੀ ਸੀ। ਬੰਸੋ ਤੋਂ ਵੀ ਛੋਟੀ। ਬੰਸੋ ਨੂੰ ਉਹ ਭੂਆ ਆਖਦੀ ਸੀ।

ਸੱਸਾਂ ਵਾਂਗ ਹੀ ਭੂਆ ਭਤੀਜੀ ਵਰਤਣ ਲੱਗੀਆਂ। ਸਗੋਂ ਬੁੜ੍ਹੀਆਂ ਨਾਲੋਂ ਉਹ ਬਹੁਤਾ ਸੁਰ ਰੱਖਦੀਆਂ। ਇੱਕ ਪਿੰਡ ਦੀਆਂ ਜੋ ਸਨ, ਫੇਰ ਗਵਾਂਢਣਾਂ। ਇੱਥੇ ਵੀ ਗਵਾਂਢ ਮੱਥਾ।

ਹਜ਼ਾਰੀ ਦੇ ਘਰ ਦੀਆਂ ਤਾਂ ਪੱਕੀਆਂ ਪੌੜੀਆਂ ਸਨ। ਅਸਾਨੀ ਨਾਲ ਹੀ ਛੱਤ 'ਤੇ ਜਾ ਸਕੀਦਾ ਪਰ ਲੱਖੇ ਦੇ ਘਰ ਬਾਂਸ ਦੀ ਪੌੜੀ ਸੀ। ਬਾਂਸ ਦੀ ਪੌੜੀ ਚੜ੍ਹਕੇ ਕੋਠੇ 'ਤੇ ਆਉਣਾ ਜਾਣਾ ਐਨਾ ਸੁਖਾਲਾ ਤੇ ਛੇਤੀ ਦਾ ਕੰਮ ਨਹੀਂ ਸੀ। ਇਕ ਇਕ ਟੰਬਾ ਕਰਕੇ ਉਤਰਨਾ ਪੈਂਦਾ ਸੀ। ਬਾਂਸ ਦੀ ਪੌੜੀ ਲਚਕਦੀ। ਧਿਆਨ ਜਿਹਾ ਰੱਖਣਾ ਪੈਂਦਾ। ਪੌੜੀ ਹੁਣ ਸਰਕੀ, ਹੁਣ ਸਰਕੀ।

96

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ