ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/99

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਜ਼ਾਰ ਆਖਿਆ ਜਾਂਦਾ ਹੈ। ਇਸ ਬਜ਼ਾਰ ਵਿਚ ਇਕ ਦੁਕਾਨ ਹਜ਼ਾਰੀ ਹਲਵਾਈ ਦੀ ਹੈ। ਜਿਸ 'ਤੇ ਹੁਣ ਉਸ ਦਾ ਵੱਡਾ ਮੁੰਡਾ ਨੰਜੋ ਬੈਠਦਾ ਹੈ।

ਨੰਜੋ ਤੋਂ ਛੋਟਾ ਰਾਜਦੇਵ ਹੈ। ਇਹ ਨੇੜੇ ਦੇ ਸ਼ਹਿਰ ਕਾਲਜ ਜਾਂਦਾ ਹੁੰਦਾ, ਬੀ. ਏ. ਕਰ ਗਿਆ ਸੀ। ਫੇਰ ਓਸੇ ਸ਼ਹਿਰ ਵਿਚ ਬੈਂਕ ਦੀ ਨੌਕਰੀ ਮਿਲ ਗਈ। ਹਰ ਰੋਜ਼ ਪਿੰਡ ਆ ਜਾਂਦਾ ਹੈ। ਸਕੂਟਰ ਹੈ ਕੋਲ। ਹਜ਼ਾਰੀ ਲਾਲ ਨੇ ਉਹ ਦਾ ਨਾਂ ਸਿਰਫ਼ ਰਾਜਦੇਵ ਰੱਖਿਆ ਸੀ। ਪਰ ਉਹ ਰਾਜਦੇਵ ਸਿੰਘ ਲਿਖਣ ਲੱਗ ਪਿਆ। ਕੇਸ ਦਾੜੀ ਰੱਖ ਕੇ ਪੱਗ ਬੰਨ੍ਹਣ ਲੱਗਿਆ। ਹੁਣ ਦਾੜ੍ਹੀ ਖੁੱਲ੍ਹੀ ਛੱਡ ਕੇ ਰੱਖਦਾ ਹੈ। ਸੁਹਣਾ ਹੀ ਬੜਾ ਲੱਗਦਾ ਹੈ। ਕਦੇ ਕਦੇ ਉਹ ਵੱਡੇ ਭਰਾ ਨੰਜੋ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਮਿੱਠੀ ਮਿੱਠੀ ਬਹਿਸ ਕਰਦਾ ਹੈ। ਬਹਿਸ ਵਿਚ ਹਜ਼ਾਰੀ ਲਾਲ ਸ਼ਾਮਲ ਹੋ ਜਾਂਦਾ ਹੈ। ਹਜ਼ਾਰੀ ਨੰਜੋ ਦਾ ਪੱਖ ਲੈਂਦਾ ਹੈ। ਪਰ ਰਾਜਦੇਵ ਦੋਵਾਂ ਦੇ ਉੱਤੋਂ ਦੀ ਰਹਿੰਦਾ ਹੈ। ਬੰਸੋ ਨੂੰ ਵੀ ਉਹ ਚੁੱਪ ਕਰਵਾ ਕੇ ਸਾਹ ਲੈਂਦਾ ਹੈ।

ਰਾਜਦੇਵ ਸਿੰਘ ਸ਼ਹਿਰੋਂ ਅਖ਼ਬਾਰ ਲੈ ਕੇ ਆਉਂਦਾ ਹੈ। ਉਹ ਅਖ਼ਬਾਰ ਦਾ ਪੱਕਾ ਸਰੋਤਾ ਲੱਖਾ ਸਿੰਘ ਹੈ। ਲੱਖੇ ਦਾ ਛੋਟਾ ਮੁੰਡਾ ਕਦੇ ਕਦੇ ਰਾਜਦੇਵ ਤੋਂ ਅਖ਼ਬਾਰ ਮੰਗ ਕੇ ਆਪਣੇ ਘਰ ਨੂੰ ਲੈ ਜਾਂਦਾ ਹੈ।

***

ਅੰਬਰ ਚੜ੍ਹਿਆ ਨੀਲਾ ਤਾਰਾ।

ਸ਼ਹਿਰ ਵਿਚ ਕਰਫ਼ਿਊ ਹੈ।

ਰਾਜਦੇਵ ਕਿੰਨੇ ਹੀ ਦਿਨ ਬੈਂਕ ਨਹੀਂ ਗਿਆ। ਅਖ਼ਬਾਰ ਵੀ ਬੰਦ ਹਨ। ਰੇਡੀਓ ਰਹਿ ਗਿਆ ਬੱਸ: ਰਾਜਦੇਵ ਖ਼ਬਰਾਂ ਦੇ ਮਤਲਬ ਸਮਝਾਉਂਦਾ ਹੈ, ਪਰ ਕੀ ਸੱਚ ਹੈ, ਕੀ ਝੂਠ? ਲਾਹੌਰ ਕੁਝ ਹੋਰ ਬੋਲਦਾ ਹੈ, ਬੀ.ਬੀ.ਸੀ., ਕੁਝ ਹੋਰ ਤੇ ਅਕਾਸ਼ਵਾਣੀ ਹੋਰ। ਪਿੰਡਾਂ ਤੇ ਸ਼ਹਿਰਾਂ ਵਿਚੋਂ ਅਫ਼ਵਾਹਾਂ ਉੱਡ ਕੇ ਇਸ ਪਿੰਡ ਦੇ ਬਜ਼ਾਰ ਵਿਚ ਜੰਡ ਹੇਠ ਪਹੁੰਚਦੀਆਂ ਹਨ, ਉਹ ਹੋਰ।

ਤੇ ਫੇਰ ਅਸਮਾਨ ਕੁਝ ਸਾਫ਼ ਹੋਇਆ ਹੈ। ਪਰ ਧਰਤੀ ਦੇ ਲੋਕ ਇਕ ਦੂਜੇ ਤੋਂ ਅੱਖ ਬਚਾ ਕੇ ਗੱਲਾਂ ਕਰਨ ਲੱਗੇ ਹਨ।

ਹੁਣ ਰਾਜਦੇਵ ਘਰ ਵਿਚ ਬਹੁਤੀ ਬਹਿਸ ਨਹੀਂ ਕਰਦਾ। ਚਾਚਾ ਲੱਖਾ ਸਿੰਘ ਜਦੋਂ ਉਹ ਨੂੰ ਮਿਲਦਾ ਹੈ ਤਾਂ ਖ਼ਬਰਾਂ ਦੇ ਅਰਥ ਉਹ ਨਹੀਂ ਰਹਿੰਦੇ। ਜੇ ਉਹ ਦੋ ਚਾਰ ਬੰਦਿਆਂ ਨਾਲ ਗੱਲਾਂ ਕਰ ਰਿਹਾ ਹੋਵੇ ਤਾਂ ਰਾਜਦੇਵ ਨੂੰ ਕੋਲ ਆਇਆ ਦੇਖ ਕੇ ਪਤਾ ਨਹੀਂ ਉਹ ਆਪਣੀ ਗੱਲ ਦਾ ਰੁੱਖ ਕਿਉਂ ਬਦਲ ਲੈਂਦੇ ਹਨ? ਰਾਜਦੇਵ ਸਭ ਸਮਝਦਾ ਹੈ ਤੇ ਹੈਰਾਨ ਹੈ।

ਲੱਖਾ ਸਿੰਘ ਹੁਣ ਕਦੇ ਆਥਣੇ ਹਜ਼ਾਰੀ ਲਾਲ ਦੇ ਖੁੱਡੇ ਮੂਹਰੇ ਆ ਕੇ ਨਹੀਂ ਬੈਠਦਾ।

ਬੰਸੋ ਤੇ ਮਲਕੀਤੋ ਸਾਂਝੀ ਖਿੜਕੀ ਕੋਲ ਖੜ੍ਹ ਕੇ ਗੱਲਾਂ ਤਾਂ ਸਾਂਝੀਆਂ ਕਰਦੀਆਂ ਹਨ, ਪਰ ਗੱਲਾਂ ਵਿਚ ਉਹ ਰਸ ਨਹੀਂ ਹੁੰਦਾ। ਭੂਆ-ਭਤੀਜੀ ਵਾਲਾ ਰਿਸ਼ਤਾ ਜਿਵੇਂ ਬਦਰੰਗ ਹੁੰਦਾ ਜਾਪਦਾ ਹੋਵੇ। ਚੀਜ਼ਾਂ ਦਾ ਲੈਣ ਦੇਣ ਉਵੇਂ ਹੈ।

ਸਾਂਝੀ ਖਿੜਕੀ

99