ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਇਹ ਦੋਹਤੀ ਦੀ ਕੁੜੀ ਐ। ਹਿੰਡ ਕਰਕੇ ਆ ਗਈ ਮੇਰੇ ਨਾਲ। ਮੈਂ ਤਾਂ ਸ਼ਹਿਰ ਆਇਆ ਸੀ। ਉੱਥੋਂ ਏਧਰ ਆ ਗਿਆ।’ ਫੇਰ ਦੱਸਣ ਲੱਗਿਆ, ‘ਪਿੰਡ ਦਾ ਤਾਂ ਮੈਨੂੰ ਪਤਾ ਸੀ। ਸਿੱਧੂਆਂ ਦੇ ਘਰੋਂ ਮੈਂ ਤੇਰਾ ਘਰ ਵੀ ਪੁੱਛ ਲਿਆ। ਮਖਿਆ, ਆਏ ਤਾਂ ਹਾਂ ਮਿਲ ਈ ਚੱਲੀਏ ਰਾਮੋ ਨੂੰ।'

ਰਾਮ ਕੁਰ ਨੇ ਦੇਖਿਆ, ਗੁਰਚਰਨ ਖਾਸਾ ਬੁੜ੍ਹਾ ਹੋ ਗਿਆ ਸੀ। ਦਾੜ੍ਹੀ ਚਿੱਟੀ ਸਫ਼ੈਦ, ਕੁਕੜੀ ਦੇ ਆਂਡੇ ਵਰਗੀ, ਅੱਖਾਂ ਵਿੱਚ ਉਹ ਨੂਰ ਨਹੀਂ ਰਹਿ ਗਿਆ ਸੀ। ਬੱਸ ਜਿਵੇਂ ਰੀਠੇ ਜਿਹੇ ਘੁੰਮ ਰਹੇ ਹੋਣ। ਹੇਠਲੇ ਚਾਰੇ ਦੰਦ ਨਿਕਲੇ ਹੋਏ ਸਨ। ਝੁਕੇ ਕੇ ਤੁਰਦਾ। ਬੇਰੀ ਦੀ ਸੋਟੀ ਉਹ ਦਾ ਸਹਾਰਾ ਸੀ। ਰਾਮ ਕੁਰ ਨੂੰ ਇੱਕ-ਇੱਕ ਕਰਕੇ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ। ਤੌੜੀ ਵਿੱਚੋਂ ਉਹ ਤਿੰਨ ਬਾਟੀਆਂ ਸੂਹੇ ਦੁੱਧ ਦੀਆਂ ਭਰ ਲਿਆਈ। ਵਿੱਚ ਖੰਡ ਦੀ ਮੁੱਠੀ-ਮੁੱਠੀ ਘੋਲ ਕੇ।

ਗੁਰਚਰਨ ਕਹਿੰਦਾ,'ਐਨਾ ਤਾਂ ਪੀਤਾ ਨ੍ਹੀਂ ਜਾਣਾ ਰਾਮੋ। ਇੱਕ ਖਾਲੀ ਬਾਟੀ ਲਿਆ ਦੇ। ਮੈਂ ਬੁੱਕ ਪੀ ਲੈਨਾਂ। ਬਾਕੀ ਕੁੜੀ ਪੀ ਲੂ। ਇੱਕ ਬਾਟੀ ਤਾਂ ਤੂੰ ਚੱਕ ਈ ਲੈ।'

ਦੁੱਧ ਪੀ ਕੇ ਉਹ ਆਪੋ-ਆਪਣੀ ਘਰ-ਕਬੀਲਦਾਰੀ ਦੀਆਂ ਗੱਲਾਂ ਕਰਨ ਲੱਗੇ। ਮੁੰਡੇ-ਕੁੜੀਆਂ ਦੀਆਂ ਗੱਲਾਂ ਤੋਂ ਅਗਾਂਹ ਰਿਸ਼ਤੇਦਾਰੀਆਂ ਵਿੱਚ ਪੈ ਗਏ। ਆਪਣੀ ਕੋਈ ਗੱਲ ਤਾਂ ਇੱਕ ਵੀ ਨਾ ਕੀਤੀ ਤੇ ਫੇਰ ਕਹਿੰਦਾ, 'ਚੰਗਾ ਚੱਲਦਾ ਮੈਂ ਤਾਂ। ਦਿਨ ਛਿਪਦੇ ਨੂੰ ਪਹੁੰਚ ਜੂੰ ਪਿੰਡ ਹੌਲੀ-ਹੌਲੀ। ਬੱਸਾਂ ਦੇ ਟੈਮ ਹੈਗੇ ਐ ਹਾਲੇ।'

ਰਾਮ ਕੁਰ ਨੇ ਉਹ ਨੂੰ ਰਾਤ ਰਹਿਣ ਲਈ ਜ਼ੋਰ ਪਾਇਆ। ਕਹਿੰਦੀ ਸੀ, ‘ਗੱਲਾਂ ਕਰਾਂਗੇ, ਪਰ ਉਹ ਜਾਣ ਦੀ ਕਾਹਲ ਕਰ ਰਿਹਾ ਸੀ।'

ਆਪਣੇ ਬੂਹੇ ਅੱਗੇ ਖੜ੍ਹੀ ਉਹ ਉਹ ਨੂੰ ਦੂਰ ਤੱਕ ਤੁਰੇ ਜਾਂਦੇ ਨੂੰ ਦੇਖਦੀ ਰਹੀ ਤੇ ਫਿਰ ਅੰਦਰ ਸਬ੍ਹਾਤ ਵਿੱਚ ਰਜ਼ਾਈ ਲੈ ਕੇ ਪੈ ਗਈ। ਉਹ ਦਾ ਚਿੱਤ ਢਿੱਲਾ ਹੋ ਗਿਆ ਸੀ।

ਹੌਲੀ-ਹੌਲੀ ਦਿਨ ਪਾ ਕੇ ਉਹ ਨੂੰ ਮਹਿਸੂਸ ਹੋਣ ਲੱਗਿਆ, ਜਿਵੇਂ ਇਸ ਸੰਸਾਰ ਵਿੱਚ ਉਹ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਨਾ ਰਹਿ ਗਈ ਹੋਵੇ। ਉਹ ਦਾ ਰੰਗੜਊ ਪਾਰੇ ਵਾਂਗ ਫੈਲ ਕੇ ਜਿਵੇਂ ਮਿੱਟੀ ਦਾ ਹਿੱਸਾ ਹੀ ਬਣ ਗਿਆ ਹੋਵੇ। ਇੱਕ ਦਿਨ ਉਹ ਨੇ ਹਰਨੇਕ ਨੂੰ ਕਿਹਾ ਕਿ ਉਹ ਬਾਹਰਲੇ ਘਰ ਦੋਵੇਂ ਘਰੀਂ ਇੱਕ-ਇੱਕ ਮੱਝ ਬੰਨ੍ਹ ਆਵੇ। ਤੇ ਫੇਰ ਇੱਕ ਦਿਨ ਉਹ ਨੇ ਅਗਵਾੜ ਦੇ ਚਾਰ ਸਿਆਣੇ ਬੰਦੇ ਸੱਦੇ ਤੇ ਜ਼ਮੀਨ ਦੇ ਪੰਜ ਹਿੱਸੇ ਕਰ ਦਿੱਤੇ। ਹੋਰ ਦਿਨ ਲੰਘੇ ਤਾਂ ਉਹ ਨੇ ਹਰਨੇਕ ਨੂੰ ਆਖਿਆ,'ਤੂੰ ਸਾਂਭ ਭਾਈ ਆਵਦਾ ਘਰ ਆਪੇ ਈ। ਮੇਰਾ ਤਾਂ ਚੰਦ ਰੋਜ਼ ਦਾ ਮੇਲਾ ਐ। ਵਿਆਹ ਵੀ ਕਰਾ ਲੈ ਹੁਣ।'♦

100

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ