ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹੀ ਪੁਰਾਣੀ ਸੁਸ਼ਮਾ ਲਿਕਲਦੀ ਆ ਰਹੀ ਸੀ। ਮੈਨੂੰ ਉਹਦਾ ਮੂੰਹ ਉਦਾਸ ਹੋ ਗਿਆ ਲੱਗਿਆ। ਉਸ ਦੀਆਂ ਅੱਖਾਂ ਵਿੱਚ ਔਰਤ ਉਤਰਨ ਲੱਗੀ ਸੀ, ਸਦੀਆਂ ਤੋਂ ਦੁੱਖਾਂ ਮਾਰੀ ਔਰਤ। ਉਹ ਉੱਠੀ ਤੇ ਰਸੋਈ ਵੱਲ ਜਾਣ ਲੱਗੀ। ਹੁਣ ਮੈਨੂੰ ਸੱਚਮੁੱਚ ਹੀ ਉਹ ਔਰਤ ਲੱਗ ਰਹੀ ਸੀ ਸੁਸ਼ਮਾ।

ਰਸੋਈ ਵਿੱਚੋਂ ਸਟੋਵ ਵਿੱਚ ਹਵਾ ਭਰਨ ਦੀ ਅਵਾਜ਼ ਆਈ। ਉਹ ਚਾਹ ਬਣਾ ਰਹੀ ਹੋਵੇਗੀ।

ਅੰਮ੍ਰਿਤਸਰ ਉਨ੍ਹਾਂ ਦਿਨਾਂ ਵਿੱਚ ਪਿਤਾ ਜੀ ਕਾਲਜ ਵਿੱਚ ਲਾਇਬ੍ਰੇਰੀਅਨ ਸਨ। ਪੁਤਲੀ ਘਰ ਦੇ ਕੁਆਰਟਰਾਂ ਵਿੱਚ ਅਸੀਂ ਰਹਿੰਦੇ ਸਾਂ। ਕੁਆਟਰਾਂ ਤੋਂ ਅਲੱਗ ਨੇੜੇ ਹੀ ਸਾਂਝੀਆਂ ਟੱਟੀਆਂ ਬਣੀਆਂ ਹੋਈਆਂ ਸਨ। ਇੱਕ ਵਾਰ ਮੈਨੂੰ ਦਸਤ ਲੱਗੇ ਹੋਏ ਸਨ। ਘੱਟੇ ਘੰਟੇ ਬਾਅਦ ਮੈਂ ਟੱਟੀ ਜਾਂਦੀ। ਅੱਧੀ ਰਾਤ ਜਾ ਕੇ ਕਿਤੇ ਕੁਝ ਆਰਾਮ ਆਇਆ ਸੀ। ਪਰ ਤੜਕੇ ਚਾਰ ਵਜੇ ਮੈਨੂੰ ਦਰਦ ਉੱਠਿਆ ਤੇ ਮੈਂ ਕਰਾਹ ਕੇ ਟੱਟੀਆਂ ਵੱਲ ਦੌੜੀ। ਖੜ੍ਹੀ ਹੋਈ ਤਾਂ ਨੇੜੇ ਹੀ ਚੰਨ-ਚਾਨਣੀ ਰਾਤ ਵਿੱਚ ਮੈਨੂੰ ਦੋ ਪਰਛਾਵੇਂ ਜਿਹੇ ਦਿੱਸੇ। ਟੱਟੀਆਂ 'ਤੇ ਟੀਨ ਦੀ ਛੱਤ ਤਾਂ ਸੀ, ਪਰ ਉਨ੍ਹਾਂ ਦੀਆਂ ਕੰਧਾਂ ਆਦਮੀ ਦੇ ਮੋਢੇ ਜਿੰਨੀਆਂ ਉੱਚੀਆਂ ਹੀ ਸਨ। ਖੜ੍ਹੇ ਹੋ ਕੇ ਬਾਹਰ ਸਭ ਕੁਝ ਦਿੱਸਦਾ ਸੀ। ਮੈਂ ਸਹਿਮ ਕੇ ਖੜ੍ਹੀ ਰਹੀ। ਉਹ ਟੱਟੀਆਂ ਦੇ ਦੇ ਹੋਰ ਨੇੜੇ ਆ ਗਏ ਸਨ। ਠੋਡੀ ਉਤਾਂਹ ਚੁੱਕੇ ਕੇ ਮੈਂ ਉਨ੍ਹਾਂ ਨੂੰ ਧਿਆਨ ਨਾਲ ਦੇਖਣ ਲੱਗੀ। ਪਹਿਚਾਣ ਲਿਆ, ਇੱਕ ਇਹ ਸੁਸ਼ਮਾ ਸੀ ਤੇ ਇੱਕ ਇਹਦਾ ਪ੍ਰੇਮੀ। ਮੈਂ ਉਹ ਦੀ ਸ਼ਕਲ ਪਹਿਲਾਂ ਵੀ ਦੇਖੀ ਹੋਈ ਸੀ। ਸ਼ਹਿਰ ਦੇ ਦੂਜੇ ਪਾਸਿਓਂ ਕਿਧਰੋਂ ਆਇਆ ਕਰਦਾ ਸੀ। ਮੈਂ ਉਨ੍ਹਾਂ ਨੂੰ ਕਈ ਵਾਰ ਸ਼ਹਿਰ ਦੀਆਂ ਉਜਾੜ ਥਾਵਾਂ ਵੱਲ ਜਾਂਦਿਆਂ ਦੇਖਿਆ ਹੋਇਆ ਸੀ। ਪੁਤਲੀ ਘਰ ਦੇ ਚੌਕ ਵਿੱਚ ਉਹ ਆ ਖੜ੍ਹਦਾ ਸੀ ਤੇ ਸੁਸ਼ਮਾ ਉਹ ਨੂੰ ਉੱਥੇ ਜਾ ਕੇ ਮਿਲਦੀ ਸੀ ਤੇ ਫੇਰ ਉਹ ਕਿਸੇ ਪਾਸੇ ਵੀ ਤੁਰ ਜਾਇਆ ਕਰਦੇ ਸਨ। ਅਸੀਂ ਮੇਰੇ ਹਾਣ ਦੀਆਂ ਕੁੜੀਆਂ ਨੇ ਉਨ੍ਹਾਂ ਦੀ ਪੈੜ ਕੱਢ ਲਈ ਹੋਈ ਸੀ।

ਟੱਟੀਆਂ ਕੋਲ ਆ ਕੇ ਸ਼ੁਸ਼ਮਾ ਨੇ ਉਹ ਨੂੰ ਖੜ੍ਹਾਇਆ ਸੀ ਤੇ ਉਹ ਦੇ ਹੱਥਾਂ ਨੂੰ ਚੁੰਮ ਕੇ ਆਖਿਆ ਸੀ,'ਰਜੇਸ਼ ਮੈਂ ਇਸ ਨੂੰ ਖ਼ਤਮ ਨਹੀਂ ਕਰਾਂਗੀ। ਇਹ ਤੇਰਾ ਖੂਨ ਐ। ਮੈਂ ਇਸ ਨੂੰ ਇਸ ਸੰਸਾਰ 'ਤੇ ਲਿਆਵਾਂਗੀ। ਤੂੰ ਵਿਆਹ ਕਰਵਾ ਲੈ ਮੇਰੇ ਨਾਲ।'

‘ਸੁਸ਼ਮਾ, ਤੂੰ ਸਮਝਦੀ ਕਿਉਂ ਨਹੀਂ। ਮੇਰੇ ਲਈ ਇਹ ਬਹੁਤ ਔਖਾ ਐ। ਪਿਤਾ ਜੀ ਰਿਸ਼ਤੇ ਨੂੰ ਹਾਂ ਕਰੀ ਬੈਠੇ ਨੇ।ਉਨ੍ਹਾਂ ਦਾ ਦਿਲ ਮੈਂ ਨਹੀਂ ਤੋੜ ਸਕਦਾ। ਉਨ੍ਹਾਂ ਨੂੰ ਬਹੁਤ ਸੱਟ ਲੱਗੇਗੀ। ਉਨ੍ਹਾਂ ਦੇ ਬਹੁਤ ਚੰਗੇ ਦੋਸਤ ਦੀ ਕੁੜੀ ਹੈ ਉਹ। ਤੂੰ ਅਬਾਰਸ਼ਨ ਕਰਵਾ ਲੈ।' ਉਹ ਜਿਵੇਂ ਉਹ ਦੇ ਪੈਰਾਂ ਵਿੱਚ ਵਿਛਿਆ ਖੜ੍ਹਾ ਹੋਵੇ।

'ਤਾਂ ਫੇਰ ਮੇਰੇ ਨਾਲ ਤੇਰਾ ਇਹ ਕੀ ਐ?' ਸੁਸ਼ਮਾ ਨੇ ਉਸ ਤੋਂ ਵੱਧ ਪਿਘਲ ਕੇ ਪੁੱਛਿਆ ਸੀ।

‘ਆਪਾਂ ਪਿਆਰ ਕਰਦੇ ਆਂ ਇੱਕ-ਦੂਜੇ ਨੂੰ। ਸੱਚਾ ਪਿਆਰ। ਸਾਰੀ ਉਮਰ ਕਰਦੇ ਰਹਾਂਗੇ।'

‘ਨਹੀਂ, ਮੈਨੂੰ ਅਜਿਹੇ ਪਿਆਰ ਦੀ ਲੋੜ ਨਹੀਂ। ਮੈਂ ਤੇਰਾ ਬੱਚਾ ਜੰਮਾਂਗੀ। ਮੇਰੇ ਨਾਲ ਵਿਆਹ ਕਰਵਾ ਲੈ। ਨਹੀਂ ਤਾਂ ਮੈਂ...।'

ਇੱਕ ਕੁੜੀ ਸੁਸ਼ਮਾ

111