ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਮਹੀਨੇ ਪੁੱਛ-ਪੜਤਾਲ ਚੱਲਦੀ ਰਹੀ ਤੇ ਫੇਰ ਪਤਾ ਨਹੀਂ ਉਸ ਮਾਮਲੇ ਦਾ ਕੀ ਬਣਿਆ। ਮੈਨੂੰ ਥਾਣੇ ਵਿੱਚ ਨਹੀਂ ਸੱਦਿਆ ਗਿਆ ਸੀ ਤੇ ਫੇਰ ਪਿਤਾ ਜੀ ਅਗਲੇ ਸਾਲ ਰਿਟਾਇਰ ਹੋ ਗਏ ਸਨ। ਅਸੀਂ ਅੰਮ੍ਰਿਤਸਰ ਛੱਡ ਆਏ ਸਾਂ।

ਸੁਸ਼ਮਾ ਚਾਹ ਲੈ ਕੇ ਆਈ। ਪਲੇਟ ਵਿੱਚ ਬਿਸਕੁਟਾਂ ਦਾ ਪੈਕਟ ਖੋਲ੍ਹਦੀ ਉਹ ਪੁੱਛਣ ਲੱਗੀ,'ਮਨੋਰਮਾ, ਤੂੰ ਮੈਨੂੰ ਜਾਣਦੀ ਸੀ ਉਸ ਤੋਂ ਪਹਿਲਾਂ?'

‘ਹਾਂ, ਮੈਂ ਤੁਹਾਨੂੰ ਸੜਕਾਂ ਤੇ ਘੁੰਮਦੇ ਦੇਖਿਆ ਹੋਇਆ ਸੀ।' ‘ਫੇਰ ਤੂੰ ਪੁਲਿਸ ਕੋਲ ਮੇਰਾ ਨਾਉਂ ਕਿਉਂ ਨਾ ਲਿਆ?'

'ਮੈਂ ਪੱਕਾ ਫ਼ੈਸਲਾ ਕਰ ਲਿਆ ਹੋਇਆ ਸੀ, ਮਰ ਬੇਸ਼ੱਕ ਜਾਵਾਂ, ਪਰ ਤੇਰਾ ਨਾਉਂ ਜ਼ੁਬਾਨ 'ਤੇ ਨਹੀਂ ਲਿਆਉਣਾ।' 'ਤੇ ਫਿਰ ਮੈਂ ਸਵਾਲ ਕੀਤਾ, 'ਤੂੰ ਉਹਨੂੰ ਮਾਰ ਕਿਉਂ ਦਿੱਤਾ ਸੀ, ਸੁਸ਼ਮਾ?'

'ਉਸ ਦਾ ਇਹੀ ਇਲਾਜ ਸੀ।' ਉਹਨੇ ਕਿਹਾ।ਉਹ ਦੀਆ ਅੱਖਾਂ ਵਿੱਚ ਹੁਣ ਵੀ ਕੋਈ ਪਛਤਾਵਾ ਨਹੀਂ ਸੀ।

‘ਤੇ ਫੇਰ ਤੂੰ ਵਿਆਹ ਨਹੀਂ ਕਰਵਾਇਆ?'

‘ਵਿਆਹ ਮੇਰੇ ਨਾਲ ਕੌਣ ਕਰਦਾ? ਮੈਂ ਅਬਾਰਸ਼ਨ ਕਰਵਾਈ ਤੇ ਕੁਝ ਮਹੀਨਿਆਂ ਬਾਅਦ ਪੁਲਿਸ ਵਿੱਚ ਭਰਤੀ ਹੋ ਗਈ। ਬੀ.ਏ. ਤਾਂ ਕਰ ਈ ਚੁੱਕੀ ਸੀ। ਮੈਨੂੰ ਮਰਦ-ਜ਼ਾਤ ਨਾਲ ਈ ਨਫ਼ਰਤ ਐ ਹੁਣ। ਇਹੋ ਜਿਹਾ ਕੇਸ ਮੈਨੂੰ ਮਿਲ ਜਾਵੇ ਤਾਂ ਗਿਣ-ਗਿਣ ਕੇ ਬਦਲੇ ਲੈਂਦੀ ਹਾਂ, ਮਰਦ ਤੋਂ ਤੇ ਫੇਰ ਉਸ ਨੇ ਮੈਨੂੰ ਆਪਣੇ ਅਟੈਚੀ ਵਿੱਚੋਂ ਕੱਢ ਕੇ ਉਹੀ ਚਾਕੂ ਵਿਖਾਇਆ। ਤੇਜ਼ਧਾਰ ਚਾਕੂ, ਕਾਲੇ ਦਸਤੇ ਵਾਲਾ। ਮੈਂ ਉਹਦੀਆਂ ਗੱਲਾਂ ਸੁਣ-ਸੁਣ ਭਿਆਨਕਤਾ ਜਿਹੀ ਮਹਿਸੂਸ ਕਰ ਰਹੀ ਸਾਂ। ਮੈਂ ਉਹਨੂੰ ਹੋਰ ਕੋਈ ਗੱਲ ਨਾ ਪੁੱਛੀ ਤੇ ਨਾ ਹੀ ਉਹਦੇ ਭਵਿੱਖ ਬਾਰੇ ਕੋਈ ਸੁਝਾਓ ਦੇਣਾ ਚਾਹਿਆ।'

'ਤੂੰ ਕੀ ਕਰਨ ਆਈ ਐਂ ਏਥੇ, ਪਟਿਆਲੇ?' ਉਹਨੇ ਪੁੱਛਿਆ।

'ਏਥੇ ਭੂਆ ਜੀ ਨੇ। ਉਨ੍ਹਾਂ ਇੱਕ ਮੁੰਡੇ ਨਾਲ ਗੱਲ ਚਲਾਈ ਹੋਈ ਐ। ਏਥੇ ਬੈਂਕ ਵਿੱਚ ਕਲਰਕ ਐ, ਉਹ ਮੁੰਡਾ। ਮੁੰਡੇ ਨਾਲ ਮੇਰੀ ਮੁਲਾਕਾਤ ਹੋ ਚੁੱਕੀ ਐ।' ਮੈਂ ਦੱਸ ਰਹੀ ਸਾਂ।

‘ਫੇਰ ਕੈਸਾ ਲੱਗਿਆ ਉਹ ਤੈਨੂੰ' ਉਹਨੇ ਇਕਦਮ ਪੁੱਛਿਆ।

‘ਬਹੁਤ ਸਵੀਟ।' ਕਹਿ ਕੇ ਮੈਂ ਸ਼ਰਮਾ ਗਈ।

‘ਤੂੰ ਵੀ ਉਹਨੂੰ ਪਸੰਦ ਆ ਗਈ?' ਸੁਸ਼ਮਾ ਨੇ ਮੇਰਾ ਮੋਢਾ ਝੰਜੋੜਿਆ।

‘ਲੱਗਦਾ ਤਾਂ ਹੈ, ਪਰ ਦੇਖੋ'। ਮੈਂ ਕਿਹਾ।

'ਹਾਂ, ਇਹ ਠੀਕ ਐ। ਇਸ਼ਕ-ਮੁਸ਼ਕ ਵਾਲਾ ਚੱਕਰ ਬੜਾ ਖ਼ਤਰਨਾਕ ਹੁੰਦੈ। ਇਹ ਪਿਆਰ-ਵਿਆਰ ਸਭ ਬਕਵਾਸ ਐ।' ਉਹ ਬਹੁਤ ਕੁਝ ਬੋਲਣਾ ਚਾਹ ਰਹੀ ਹੋਵੇਗੀ, ਪਰ ਮੈਂ ਉਹਦੇ ਕੋਲੋਂ ਘਰ ਜਾਣ ਲਈ ਇਜਾਜ਼ਤ ਮੰਗੀ। ਉਹ ਮਾਰਕੀਟ ਤੱਕ ਮੇਰੇ ਨਾਲ ਆਈ ਤੇ ਮੈਨੂੰ ਲੋਕਲ ਬੱਸ ਚੜ੍ਹਾ ਗਈ। ਬੱਸ ਵਿੱਚ ਬੈਠੀ ਮੈਂ ਉਹਦੇ ਬਾਰੇ ਕਿੰਨਾ ਹੀ ਕੁਝ ਸੋਚੀ ਜਾ ਰਹੀ ਸਾਂ। ਮੈਨੂੰ ਉਹਦੇ ਕੋਲੋਂ ਡਰ ਆ ਰਿਹਾ ਸੀ ਤੇ ਉਹਦੇ 'ਤੇ ਤਰਸ ਵੀ। ਮਨ ਵਿੱਚ ਇੱਕ ਫ਼ੈਸਲਾ ਜਿਹਾ ਪੁੰਗਰ ਰਿਹਾ ਸੀ ਕਿ ਦੁਬਾਰਾ ਕਦੇ ਵੀ ਸੁਸ਼ਮਾ ਨੂੰ ਨਹੀਂ ਮਿਲਾਂਗੀ।

ਇੱਕ ਕੁੜੀ ਸੁਸ਼ਮਾ

113