ਰੌਲਾ ਸੁਣ ਕੇ ਉੱਥੋਂ ਕਈ ਆਦਮੀ ਇਕੱਠੇ ਹੋ ਗਏ। ਹੌਲੀ-ਹੌਲੀ ਸਾਰੇ ਪਿੰਡ ਵਿੱਚ ਹੀ ਚਬਾ ਚਬੀ ਸ਼ੁਰੂ ਹੋ ਗਈ- ‘ਕੁੰਢੇ ਦੇ ਖੇਤ ਮੱਕੀ ’ਚ ਬੰਦੇ ਦਾ ਸ਼ੱਕ ਐ।' ਪਲਾਂ ਵਿੱਚ ਹੀ ਉਸ ਅਗਵਾੜ ਦੀ ਸੱਥ ਵਿੱਚ ਇੱਕ ਇਕੱਠ ਬੱਝ ਗਿਆ। ਕਿਸੇ ਕੋਲ ਗੰਡਾਸਾ, ਕਿਸੇ ਕੋਲ ਗੰਧਾਲਾ ਤੇ ਕਈਆਂ ਕੋਲ ਸੋਟੀਆਂ। ਛੇ ਸੱਤ ਲਸੰਸੀਏ। ਜਾਣ ਸਾਰ ਉਨ੍ਹਾਂ ਨੇ ਕੁੰਢੇ ਕਾ ਮੱਕੀ ਦਾ ਸਾਰਾ ਖੇਤ ਘੇਰ ਲਿਆ, ਜਿਵੇਂ ਜੰਗਲੀ ਸੂਰ ਦਾ ਸਿਰ ਚਿੱਪਣਾ ਹੋਵੇ।
ਮੱਕੀ ਦੇ ਖੇਤ ਵਿੱਚ ਅੰਦਰ ਵੜਨ ਦਾ ਹੌਸਲਾ ਕਿਸੇ ਦਾ ਨਹੀਂ ਸੀ ਪੈਂਦਾ। ਬਾਹਰੋਂ ਲਲਕਾਰੇ ਵੱਜ ਰਹੇ ਸਨ। ਲਸੰਸੀਆਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਆਵਾਜ਼ਾਂ ਉੱਠੀਆਂ- ‘ਜੇ ਕੋਈ ਹੈ ਤਾਂ ਬਾਹਰ ਆ ਜਾ ਭਲੀ ਪਤ ਨਾਲ, ਨਹੀਂ ਤਾਂ ਵਿਚੇ ਭੁੰਨ ਦਿਆਂਗੇ।'
ਕੁਝ ਚਿਰ ਕੋਈ ਆਵਾਜ਼ ਨਾ ਆਈ। ਫੇਰ ਮੱਕੀ ਦੇ ਟਾਂਡੇ ਖੜਕਣ ਲੱਗੇ। ਬਾਹਰਲਾ ਸਾਰਾ ਇਕੱਠ ਮੂੰਹ ਵਿੱਚ ਉਂਗਲਾਂ ਪਾਉਣ ਲੱਗਿਆ, ਜਦੋਂ ਰਾਈਫ਼ਲ ਉਨ੍ਹਾਂ ਨੇ ਮੱਕੀ ਦੇ ਇੱਕ ਕਿਆਰੇ ਵਿੱਚ ਉਤਾਂਹ ਖੜੀ ਕੀਤੀ ਹੋਈ ਦੇਖੀ।
'ਮੈਂ ਹਾਜ਼ਰ ਆਂ'-ਅੰਦਰੋਂ ਆਵਾਜ਼ ਆਈ ਤੇ ਨਾਲ ਹੀ ਨਾਲ ਅੰਦਰਲੇ ਆਦਮੀ ਨੇ ਰਾਈਫ਼ਲ ਵਗਾ ਕੇ ਲੋਕਾਂ ਦੇ ਸਿਰੋਂ ਪਾਰ ਜਾ ਮਾਰੀ।
‘ਮੈਂ ਆ ਰਿਹਾਂ। ਮੇਰੇ ਕੋਲ ਕੁਝ ਨ੍ਹੀਂ। ਮੇਰੀਆਂ ਦੋਵੇਂ ਬਾਹਾਂ ਖੜ੍ਹੀਆਂ ਨੇ,'ਤੇ ਉਹ ਬੰਦਾ ਮੱਕੀ ਵਿਚੋਂ ਨਿਕਲ ਕੇ ਲੋਕਾਂ ਦੇ ਇਕੱਠ ਵਿੱਚ ਆ ਖੜੋਤਾ। ਸਾਰੇ ਲੋਕ ਭੱਜ ਕੇ ਉਸ ਦੇ ਗਿਰਦ ਹੋ ਗਏ। ਪਰ ਹੱਥ ਕੋਈ ਨਹੀਂ ਸੀ ਪਾਉਂਦਾ। ਵੱਡੀ ਉਮਰ ਦੇ ਮਨੁੱਖਾਂ ਨੇ ਪਛਾਣ ਲਿਆ-ਉਹ ਇਸੇ ਪਿੰਡ ਦੇ ਨੂਰੇ ਤੇਲੀ ਦਾ ਮੁੰਡਾ ਸੀ, ਅਲੀ।
ਅਲੀ ਨੇ ਥਿੜਕਦੀ ਆਵਾਜ਼ ਵਿੱਚ ਦੱਸਿਆ ਕਿ ਮੱਕੀ ਵਿੱਚ ਦਸ ਗ੍ਰਿਨੇਡ ਤੇ ਦੋ ਸੌ ਰੌਂਦ ਪਏ ਹਨ।
ਇੱਕ ਤਕੜੇ ਜਿਹੇ ਜੁਆਨ ਨੇ ਅਲੀ ਦੀਆਂ ਦੋਵੇਂ ਬਾਹਾਂ ਪਿੱਛੇ ਨੂੰ ਕਰਵਾ ਕੇ ਆਪਣੀ ਪੱਗ ਨਾਲ ਨੂੜ ਲਈਆਂ ਤੇ ਉਸਨੂੰ ਪਿੰਡ ਵੱਲ ਆਪਣੇ ਅੱਗੇ ਲਾ ਲਿਆ। ਸਾਰਾ ਇਕੱਠ ਉਸ ਦੇ ਪਿੱਛੇ ਪਿੱਛੇ ਸੀ।
‘ਗਿੱਦੜ ਦੀ ਜਦੋਂ ਮੌਤ ਔਂਦੀ ਐ, ਚੂਹੜਿਆਂ ਦੀ ਮੁੰਨੀ ਨਾਲ ਆ ਕੇ ਖਹਿੰਦੈ।' ਲੋਕਾਂ ਦੀ ਚਬਰ ਚਬਰ ਵਿਚੋਂ ਇੱਕ ਉੱਚੀ ਚੀਕਦੀ ਆਵਾਜ਼ ਅਲੀ ਨੇ ਸੁਣੀ।
‘ਸਾਲੇ ਟੌਂਡੇ ਤੋਂ ਚੁੱਪ ਕਰਕੇ ਪਾਕਿਸਤਾਨ ’ਚ ਰੋਟੀਆਂ ਨੀਂ ਖਾਧੀਆਂ ਗਈਆਂ,' ਇੱਕ ਤਿੱਖੀ ਛੁਰੀ ਵਰਗੀ ਹੋਰ ਆਵਾਜ਼ ਅਲੀ ਦੇ ਸਾਰੇ ਸਰੀਰ ਵਿੱਚ ਖੁਭ ਗਈ। ਕਈ ਜੋਸ਼ੀਲੇ ਨੌਜਵਾਨ ਟਿਚਕਾਰੀਆਂ ਮਾਰ ਰਹੇ ਸਨ। ਨਵੇਂ ਸ਼ਿਕਾਰ ਨੂੰ ਲਿਆ ਕੇ ਪ੍ਰਾਚੀਨ ਮਨੁੱਖ ਸ਼ਾਇਦ ਇਸੇ ਤਰ੍ਹਾਂ ਦੀਆਂ ਚਾਂਭੜਾਂ ਪਾਉਂਦੇ ਹੋਣ।
ਪਿੰਡ ਲਿਆ ਕੇ ਉਸ ਨੂੰ ਇੱਕ ਹਥਾਈ ਵਿੱਚ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਲੈਣ ਵਾਸਤੇ ਸਰਪੰਚ ਨੇ ਚੌਕੀਦਾਰ ਨੂੰ ਉਸ ਵੇਲੇ ਡੱਕਰ ਦਿੱਤਾ।
ਹਥਾਈ ਵਿੱਚ ਹੀ ਅਲੀ ਨੂੰ ਰੋਟੀ ਖਵਾਈ ਗਈ। ਰੋਟੀ ਖਾ ਕੇ ਉਸ ਨੂੰ ਸੁਰਤ ਜਿਹੀ ਆ ਗਈ ਸੀ। ਪਹਿਲਾਂ ਤਾਂ ਛੇ ਸੱਤ ਦਿਨ ਛੋਲਿਆਂ ਦੇ ਭੁੰਨ੍ਹੇ ਹੋਏ ਦਾਣੇ ਚੱਬ ਕੇ ਤੇ ਗੁੜ ਖਾ ਕੇ ਹੀ ਉਸ ਨੇ ਝੱਟ ਪਾਇਆ ਸੀ। ਉਸ ਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ
ਛਾਤਾਬਾਜ਼
115