ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਤੇ ਹੀ ਰੋਣ ਲੱਗਣਗੇ। ਗਵਾਂਢ ਵਿਚੋਂ ਵੀ ਚਾਰ ਪੰਜ ਬੁੜ੍ਹੀਆਂ ਤੇ ਕੁਝ ਬੰਦੇ ਆ ਗਏ। ਅਗਵਾੜ ਸਾਰੇ ਵਿੱਚ ਫੇਰ ਪਿੰਡ 'ਚ ਵੀ ਮੂੰਹੋਂ ਮੂੰਹ ਇਕਦਮ ਗੱਲ ਹੋ ਗਈ ਕਿ ਗੱਜਣ ਸਿੰਘ ਭੁੰਜੇ ਲਾਇਆ ਹੋਇਐ।

ਕੁਝ ਬੰਦੇ ਹੋਰ ਵੀ ਆ ਗਏ। ਇੱਕ ਬੰਦਾ ਜਿਸ ਦੇ ਤੇੜ ਚਿੱਟੀ ਮੈਲੀ ਟੰਗਵੀ ਧੋਤੀ ਬੰਨੀ ਹੋਈ ਸੀ, ਦਾੜ੍ਹੀ ਕੱਟੀ ਹੋਈ ਸੀ ਤੇ ਸਿਰ 'ਤੇ ਪੱਗ, ਆਉਣ ਸਾਰ ਪੁੱਛਣ ਲੱਗਾ-'ਅਜੇ ਸਾਹ ਹੈਗੇ ਐ?' ਮੈਂ ਉਸ ਨੂੰ ਦੱਸਿਆ ਕਿ ਇਹ ਤਾਂ ਕਦੋਂ ਦਾ ਪੂਰਾ ਹੋ ਗਿਆ। ਉਹ ਬੰਦਾ ਚੁੱਪ ਕਰਕੇ ਜਗਰਾਜ ਨੂੰ ਮੋਢਿਓਂ ਫੜ ਕੇ ਇੱਕ ਖੂੰਜੇ ਲੈ ਗਿਆ ਤੇ ਬੱਚਿਆਂ ਵਾਂਗ ਸਮਝਾਇਆ- 'ਦੇਖ ਭਾਈ ਜਗਰਾਜ ਸਿਆਂ, ਤੇਰੇ ਬਾਪੂ ਨੂੰ ਛੇ ਮਹੀਨੇ ਹੋ ’ਗੇ, ਨਾਮਾ ਕਰਨ ਖਾਤਰ ਕਹਿੰਦਿਆਂ ਨੂੰ, ਪਰ ਉਸ ਤੋਂ ਆਇਆ ਨ੍ਹੀਂ ਗਿਆ। ਬਿਮਾਰ ਬਹੁਤ ਰਿਹਾ ਵਿਚਾਰਾ। ਬੁੜ੍ਹੇ ਦੇ ਹਕਾਮੇ ਵੇਲੇ ਪੈਸੇ ਲਏ ਸੀ। ਹੁਣ ਡੂਢ ਹਜ਼ਾਰ ਦਾ ਨਾਮਾ ਹੋ ਗਿਆ। ਆਥਣੇ ਹੱਟ 'ਤੇ ਆਜੀ ਤੂੰ ਜ਼ਰੂਰ।’

ਉਸ ਤੋਂ ਮੋਢਾ ਛੁਡਾ ਕੇ ਜਗਰਾਜ ਬਾਪੂ ਦੀ ਲੋਥ ਵੱਲ ਆਇਆ ਤਾਂ ਇੱਕ ਹੋਰ ਬੰਦੇ ਨੇ ਉੱਠ ਕੇ ਕੰਨ ਵਿੱਚ ਆਖਿਆ- 'ਜਗਰਾਜ ਭਾਈ, ਬੁੜ੍ਹੇ ਨੇ ਕੁੜੀ ਦੇ ਵਿਆਹ ਵੇਲੇ ਦੋ ਹਜ਼ਾਰ ਲਿਆ ਸੀ, ਬਿਆਜੂ। ਜਾਦ ਰੱਖੀਂ। ਬਹੀ ਮੇਰੇ ਕੋਲ ਐ, ਦੇਖਣੀ ਐ ਤਾਂ।' ਜਗਰਾਜ ਦੇ ਦਿਮਾਗ਼ ਵਿੱਚ ਹਥੌੜੇ ਦੀਆਂ ਸੱਟਾਂ ਵੱਜ ਰਹੀਆਂ ਸਨ।

ਗੱਜਣ ਦੀ ਅਰਥੀ ਅਜੇ ਚੁੱਕੀ ਨਹੀਂ ਸੀ ਕਿ ਤੀਜੇ ਬੰਦੇ ਨੇ ਜਗਰਾਜ ਨੂੰ ਆ ਕੇ ਆਖਿਆ- 'ਬਹੁਤ ਦੁੱਖ ਭੋਗਿਆ ਵਿਚਾਰੇ ਨੇ। ਚੰਗਾ ਇਹ ਵੀ ਐਨੀ ਈ ਲਿਖੀ ਸੀ। ਜਗਰਾਜ, ਵੇਲਾ ਭਾਵੇਂ ਗੱਲ ਕਰਨ ਦਾ ਨਹੀਂ, ਪਰ ਕੀਤੀ ਈ ਚੰਗੀ ਹੁੰਦੀ ਐ। ਨਾਲੇ ਗੱਲ ਕੰਨ 'ਚ ਕਰਨ ਆਲੀ ਐ। ਬੁੜ੍ਹੇ ਕੰਨੀਂ ਪੰਜਾਹ ਰੁਪਈਏ ਫ਼ੀਮ ਦੇ ਰਹਿੰਦੇ ਨੇ।'

ਜਗਰਾਜ ਦੀਆਂ ਅੱਖਾਂ ਵਿੱਚ ਅੱਥਰੂ ਸੁੱਕ ਗਏ। ਉਸ ਨੂੰ ਲੱਗਿਆ, ਜਿਵੇਂ ਧਰਮਰਾਜ ਦੇ ਜਮਦੂਤਾਂ ਨਾਲੋਂ ਤਕੜੇ ਇਹ ਤਿੰਨ ਜਮ ਉਸ ਦੇ ਬਾਪੂ ਨੂੰ ਮਰਨ ਨਹੀਂ ਦੇਣਾ ਚਾਹੁੰਦੇ।♦

ਗੱਜਣ ਸਿੰਘ

125