ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ
ਧੀ ਦਾ ਵਰਮ

ਓਦਣ ਮੈਂ ਕੁਝ ਸਦੇਹਾਂ ਹੀ ਉੱਠ ਖੜਿਆ ਸਾਂ। ਤਾਰਿਆਂ ਦੀ ਛਾਂ ਅਜੇ ਹੈਗੀ ਸੀ। ਦਾਤਣ ਕਰਦਾ ਕਰਦਾ ਫਲ੍ਹਾ ਲੰਘ ਕੇ ਰੂੜੀਆਂ ਵਿੱਚ ਦੀ ਹੁੰਦਾ ਹੋਇਆ ਨਿਆਈਆਂ ਵਿੱਚ ਪਹੁੰਚਿਆ ਤਾਂ ਟੋਭੇ ਕੋਲਦੀ ਭੜੀਂਅ ਟਪਦੀ ਇੱਕ ਛਾਂ ਜਿਹੀ ਮੈਂ ਵੇਖੀ। ਮੈਂ ਡਰ ਗਿਆ। ਇਹ ਓਪਰਾ ਜਿਹਾ ਬੰਦਾ ਕੌਣ ਹੈ? ਐਨੇ ਸਵਖਤੇ ਐਨੀ ਕਾਹਲੀ ਕਾਹਲੀ ਕੀ ਕਰਦਾ, ਦਿਲ ਕਰੜਾ ਕਰਕੇ ਮੈਂ ਜ਼ਰਾ ਉਸ ਦੇ ਨੇੜੇ ਚਲਿਆ ਗਿਆ। ਲੁਕ ਕੇ ਤੇ ਸਾਹ ਘੁੱਟ ਕੇ ਮੈਂ ਉਸ ਨੂੰ ਦੇਖਦਾ ਰਿਹਾ। ਐਨੀ ਕਾਹਲ ਨਾਲ ਦੇਖੀਏ ਭਲਾਂ ਕੀ ਕਰਦਾ ਹੈ। ਉਸ ਦੇ ਹੱਥ ਵਿੱਚ ਕਹੀ ਸੀ। ਲਹੂ ਲਿੱਬੜੀਆਂ ਲੀਰਾਂ, ਮੈਲੇ ਦੇ ਬੁੱਥ ਜਿਹੇ-ਸਭ ਕੁਝ ਬੱਕਰੀ ਦੀ ਜੇਰ ਜਿਹਾ, ਪਹਿਲਾਂ ਉਸ ਨੇ ਕਹੀ ਤੋਂ ਥੱਲੇ ਢੇਰੀ ਕਰ ਦਿੱਤਾ। ਫੇਰ ਕਾਹਲੀ- ਕਾਹਲੀ ਪੰਜ ਸੱਤ ਚੇਪੇ ਕੱਢ ਕੇ ਟੋਏ ਵਿੱਚ ਉਸ ਸਭ ਕਾਸੇ ਨੂੰ ਦੱਬ ਦਿੱਤਾ ਤੇ ਉੱਤੋਂ ਚੰਗੀ ਤਰ੍ਹਾਂ ਮਿੱਟੀ ਥਾਪੜ ਦਿੱਤੀ। ਇੱਕ ਬਿੰਦ ਉਹ ਉੱਥੇ ਖੜ੍ਹਾ ਰਿਹਾ ਤੇ ਫੇਰ ਪੰਦਰਾਂ ਸੋਲਾਂ ਕਰਮ ਘਰ ਵੱਲ ਨੂੰ ਤੁਰ ਕੇ ਥਾਏਂ ਬੈਠ ਗਿਆ, ਜਿਵੇਂ ਉਸ ਦੀ ਪਾਤਲੀ ਵਿੱਚ ਕੋਈ ਤਿੱਖੀ ਸੂਲ ਲੱਗੀ ਹੋਵੇ। ਬਿੰਦ ਕੁ ਸਾਹ ਲੈ ਕੇ ਉਹ ਫੇਰ ਉੱਠ ਕੇ ਤੁਰ ਪਿਆ।

ਸਕੰਦਰ 'ਤੇ ਜਦ ਜਵਾਨੀ ਦਾ ਪੂਰਾ ਲੋਰ ਸੀ, ਹਰ ਮੂੰਹ ਉਸ ਦੀ ਗੱਲ ਕਰਦਾ ਸੀ-

‘ਨਰੈਣੇ ਕੇ ਘੀਚਰ ਦਾ ਅੱਜ ਸਕੰਦਰ ਨਾਲ ਟੇਟਾ ਲੱਗ ਗਿਆ। ਸਕੰਦਰ ਨੇ ਲਖੀਰ ਖਿੱਚ ਕੇ ਹਿੱਕ ਥਾਪੜ ’ਤੀ-ਟੱਪ ਕੇ ਦਿਖਾ ਜੇ ਬੰਦੇ ਦਾ ਪੁੱਤ ਐ?' ਤੇ ਘੀਚਰ ਦੋ ਹੋਰ ਹਮੈਤੀਆਂ ਸਣੇ ਲਖੀਰ ਕੰਨੀ ਝਾਕ ਵੀ ਨੀ ਸਕਿਆ।'

‘ਘੁੰਨਸਾਂ ਵਾਲੇ ਪੁਲ 'ਤੇ ਅੱਜ ਤਿੰਨ ਓਡਾਂ ਦੀ ਸਕੰਦਰ ਨੇ ਬੂਥ ਲਵਾ 'ਤੀ।'

"ਐਤਕੀ ਕਾਲੇਕਿਆਂ ਦੇ ਮੇਲੇ 'ਤੇ ਸਕੰਦਰ ਨੇ ਪੰਸੇਰੀ ਦੀ ਕਾਤਰੀ ਬਣਾ ’ਤੀ ਤੇ ਕੋਈ ਵੀ ਉਹਦੇ ਨਿਸ਼ਾਨ ਨੂੰ ਟੱਪ ਨੀ ਸਕਿਆ।"

‘ਕੰਦੇ ਦੇ ਮੁੰਡੇ ਦਾ ਵਿਆਹ ਸੀ।ਗਿੱਧੇ ਵਿੱਚ ਸਕੰਦਰ ਨੇ ਬੋਲੀਆਂ ਪਾ ਪਾ ਮੇਲਣਾਂ ਦੀ ਗੋਡੀ ਲਵਾ ’ਤੀ।'

ਧਨੌਲੇ ਵਾਲੀ ਸੜਕ 'ਤੇ ਜਦ ਮੋਟਰ ਲੁੱਟੀ ਗਈ ਸੀ ਤਾਂ ਉਨ੍ਹਾਂ ਡਾਕੂਆਂ ਦੀ ਢਾਣੀ ਵਿੱਚ ਸਕੰਦਰ ਦਾ ਵੀ ਨਾਂ ਸੀ। ਮੁਕਲਾਵੇ ਜਾ ਰਹੀ ਇੱਕ ਮੁਟਿਆਰ ਦੀਆਂ ਬਾਲੀਆਂ ਲਾਹੁਣ ਲੱਗੇ ਦੇ ਉਸ ਦੇ ਹੱਥ ਕੰਬ ਗਏ ਸਨ ਤੇ ਉਹ ਓਥੋਂ ਹੀ ਉਸ ਢਾਣੀ ਨਾਲੋਂ ਨਿੱਖੜ ਆਇਆ ਸੀ।

ਧੀ ਦਾ ਵਰਮ

129