ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਕੰਦਰ ਜਦ ਤੀਹ ਸਾਲ ਦਾ ਹੋਇਆ ਤਾਂ ਘਰ ਵਿੱਚ ਉਹ ਦੀ ਇੱਕੋ ਇੱਕ ਮਾਂ ਮਰ ਗਈ। ਘਰ ਸਾਂਭਣ ਲਈ ਹੁਣ ਕੋਈ ਨਹੀਂ ਸੀ। ਦੋ ਚਾਰ ਸਾਲਾਂ ਵਿੱਚ ਹੀ ਉਹ ਸਾਰਾ ਮੁੰਡਪੁਣਾ ਛੱਡ ਕੇ ਵਾਹਵਾ ਕਬੀਲਦਾਰ ਜਿਹਾ ਹੋ ਗਿਆ-ਭਾਵੇਂ ਸੀ ਅਜੇ ਛੜਾ ਹੀ। ਜ਼ਮੀਨ ਚੰਗੀ ਹੋਣ ਕਰਕੇ ਉਸ ਨੂੰ ਸਾਕ ਵੀ ਹੋ ਗਿਆ ਤੇ ਉਹ ਪੂਰਾ ਪੂਰਾ ਧਸ ਗਿਆ-ਕਬੀਲਦਾਰੀ ਵਿੱਚ।

ਉਸ ਦੇ ਦੋ ਮੁੰਡੇ ਤੇ ਇੱਕ ਕੁੜੀ ਸੀ। ਕੁੜੀ ਮੁੰਡਿਆਂ ਨਾਲੋਂ ਵੱਡੀ ਸੀ। ਕੁੜੀ ’ਤੇ ਨਿੱਤ ਨਵਾਂ ਵਾਰ ਆਉਂਦਾ ਸੀ। ਉਹ ਕੱਦੂ ਦੀ ਵੇਲ ਵਾਂਗ ਵਧ ਰਹੀ ਸੀ। ਥੋੜੇ ਸਾਲਾਂ ਵਿੱਚ ਹੀ ਉਹ ਕੋਠੇ ਜਿੱਡੀ ਹੋ ਗਈ ਸੀ।

ਜਿਉਂ ਜਿਉਂ ਦਿਨ ਲੰਘਦੇ ਗਏ, ਸਕੰਦਰ ਮੰਨੇ ਦੰਨੇ ਆਦਮੀਆਂ ਵਿੱਚ ਗਿਣਿਆ ਜਾਣ ਲੱਗਿਆ। ਅਗਵਾੜ ਦਾ ਕੋਈ ਵੀ ਨਬੇੜਾ ਕਰਨਾ ਹੁੰਦਾ, ਉਸ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਂਦੀ। ਸੱਥ ਵਿੱਚ ਬਹਿ ਕੇ ਜਦ ਉਹ ਆਪਣੀ ਜਵਾਨੀ ਦੀਆਂ ਗੱਲਾਂ ਕਰਦਾ ਤਾਂ ਕਈ ਮਛੋਹਰੇ ਮੁੰਡਿਆਂ ਦਾ ਕੰਨ ਰਸ ਜਾਂਦਾ। ਸੱਥ ਵਿੱਚ ਪਏ ਖੁੰਡਾਂ ਤੇ ਆਥਣ ਵੇਲੇ ਜਦ ਲੋਕ ਜੁੜਦੇ ਤਾਂ ਸਕੰਦਰ ਦੀਆਂ ਗੱਲਾਂ ਬੜੇ ਚਸਕੇ ਨਾਲ ਸੁਣੀਆਂ ਜਾਂਦੀਆਂ। ਉਹ ਆਉਣ ਸਾਰ ਮਿਰਚ ਮਸਾਲਾ ਲਾ ਕੇ ਕੋਈ ਟੋਟਕਾ ਜ਼ਰੂਰ ਸੁਣਾਉਂਦਾ। ਕਈ ਵਾਰ ਉਹ ਨਵੀਂ ਚੋਬਰੀ ਨੂੰ ਤਾੜ ਰਿਹਾ ਹੁੰਦਾ- 'ਓਏ, ਫੰਨੂ ਖੋਹਣੈ ਤੁਸੀਂ, ਕਾਲਜੇ ਤਾਂ ਥੋਡੇ ਚਾਹਾਂ ਨੇ ਫੂਕ ’ਤੇ। ਬਹੁਤੀ ਮੱਲ ਮਾਰੋਂਗੇ ਤਾਂ ਕੋਈ ਤੌੜਾ ਤੱਤਾ ਕਰ ਲੋਂਗੇ ਬੱਸ।'

ਹੁਣ ਕਈ ਦਿਨਾਂ ਤੋਂ ਉਹ ਬਾਹਰ ਸੱਥ ਵਿੱਚ ਨਹੀਂ ਸੀ ਬੈਠਾ। ਇੱਕ ਦਿਨ ਤਾਂ ਬੰਦੇ ਉਸ ਨੂੰ ਘਰੋਂ ਵੀ ਸੱਦਣ ਗਏ। ਪਰ ਫੇਰ ਪਤਾ ਨਹੀਂ ਕੀ ਹੋ ਗਿਆ, ਹੁਣ ਸੱਥ ਵਿੱਚ ਬੈਠ ਕੇ ਉਹ ਦਾ ਨਾਉਂ ਕੋਈ ਘੱਟ ਹੀ ਲੈਂਦਾ ਸੀ।

ਇੱਕ ਦਿਨ ਵੀਹੀ ਵਿੱਚ ਲੰਘਦੇ ਨੇ ਮੈਂ ਸੁੱਣਿਆ-'ਧੀਆਂ ਦੇ ਦੁੱਖ ਬੜੇ', ਤਿੰਨ ਚਾਰ ਬੁੜ੍ਹੀਆਂ ਗੱਲਾਂ ਕਰ ਰਹੀਆਂ ਹਨ। ਇੱਕ ਕਹਿੰਦੀ- 'ਓਦੇਂ ਦਾ ਵਿਚਾਰਾ ਅੰਦਰੋਂ ਨੀ ਨਿਕਲਿਆ।' ਇੱਕ ਹੋਰ ਕਹਿੰਦੀ ਸੀ- 'ਲੋਕਾਂ ਨੂੰ ਮੂੰਹ ਕਿਵੇਂ ਦਿਖਾਵੇ, ਦਾੜ੍ਹੀ ਤਾਂ ਕੁੜੀ ਨੇ ਮੁੰਨ ’ਤੀ। ਸੱਥ ਦਾ ਖਡਿਉਣਾ ਸੀ, ਹੁਣ ਅੱਖ ਉੱਚੀ ਕਿਵੇਂ ਕਰੇ।'

ਸਕੰਦਰ ਨੂੰ ਪੂਰਾ ਮਾਣ ਸੀ ਕਿ ਕਦੇ ਕੋਈ ਉਹ ਦੀ ਵਾਅ ਕੰਨੀਂ ਵੀ ਨਹੀਂ ਝਾਕ ਸਕਦਾ। ਕੀ ਪਤਾ ਸੀ ਕਿ ਘਰ ਦੀ ਅੱਗ ਹੀ ਕਿਸੇ ਦਿਨ ਉਸ ਨੂੰ ਸਾੜ ਦੇਵੇਗੀ।

ਆਪਣੀ ਉਮਰ ਵਿੱਚ ਜਿਹੜੇ ਆਦਮੀ ਖੁੱਲ੍ਹੇ ਚਰੇ ਹੋਣ, ਜੇ ਵਖ਼ਤ ਨਾ ਵਿਚਾਰਿਆ ਜਾਵੇ ਤਾਂ ਉਨ੍ਹਾਂ ਦੇ ਧੀ ਪੁੱਤ ਵੀ ਘੱਟ ਨਹੀਂ ਗੁਜ਼ਾਰਦੇ। ਸਕੰਦਰ ਦੀ ਜਵਾਨੀ ਦੇ ਰੱਥ ਬਚਨੋ ਉਸ ਦੀ ਧੀ ਨੇ ਵੀ ਸੁਣ ਰੱਖੇ ਸਨ। ਬਚਨੋਂ ਨੇ ਬੁੜ੍ਹੀਆਂ ਕੁੜੀਆਂ ਤੋਂ ਸੁਣਿਆ ਹੋਇਆ ਸੀ ਕਿ ਚੜ੍ਹਦੀ ਅਵਜਥਾ ਵਿੱਚ ਸਕੰਦਰ ਨੇ ਪਿੰਡ ਦੀ ਕੋਈ ਵੀ ਸੋਹਣੀ ਤੀਵੀਂ ਛੇੜੇ ਬਿਨਾਂ ਨਹੀਂ ਸੀ ਲੰਘਣ ਦਿੱਤੀ।ਡੇਰੇ ਵਾਲੇ ਮਹੰਤਾਂ ਦੀ ਕੁੜੀ ਨੂੰ ਤਾਂ ਇੱਕ ਵਾਰੀ ਮਹੀਨਾ ਪਿੰਡੋਂ ਬਾਹਰ ਹੀ ਉਹ ਨੇ ਰੱਖਿਆ ਸੀ। ਕੀ ਹੋ ਗਿਆ ਜੇ ਉਹ ਦਾ ਪਿਓ ਹੁਣ ਵੱਡਾ ਖੜਪੈਂਚ ਬਣਿਆ ਫਿਰਦਾ ਸੀ, ਪਰ ਸੀ ਤਾਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਜਾਣ ਵਾਲੀ ਗੱਲ।ਸੋ, ਪਿਓ ਵੱਲੋਂ ਉਹ ਦਾ ਧੁੜਕੂ ਚੁੱਕਿਆ ਹੋਇਆ ਸੀ। ਸਾਰਾ ਦਿਨ

130

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ