ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰ੍ਹਿਆ ਢਾਂਡੇ ਵਾਂਗ ਉਹ ਗਵਾਂਢੀਆਂ ਦੇ ਕੌਲੇ ਕਛਦੀ ਰਹਿੰਦੀ। ਗਵਾਂਢੀਆਂ ਦਾ ਮੁੰਡਾ ਦੀਪਾ ਵੀ ਉਸ ਦੀ ਤਾੜ ਵਿੱਚ ਰਹਿੰਦਾ ਸੀ। ਬਹੁਤੀ ਗੱਲ ਕੀ ਛੇਕੜ ਨੂੰ ਬਚਨੋਂ ਦਾ ਦੀਪੇ ਨਾਲ ਪੇਚਾ ਪੈ ਗਿਆ।

ਬਚਨੋ ਦੀ ਮਾਂ ਪਹਿਲਾਂ ਤਾਂ ਚੋਰੀ ਛੁਪੇ ਦੁਆਈ ਬੂਟੀ ਕਰਦੀ ਰਹੀ। ਬਚਨੋ ਨੇ ਆਪਣੀ ਮਾਂ ਨੂੰ ਚੌਥੇ ਮਹੀਨੇ ਹਾਨੀਸਾਰ ਨੂੰ ਦੱਸ ਹੀ ਦਿੱਤਾ ਸੀ। ਪਾਪ ਗੁੱਝਾ ਕਾਹਨੂੰ ਰਹਿੰਦਾ ਹੈ, ਆਖ਼ਰ ਨੂੰ ਇੱਕ ਦਿਨ ਵਿਸ਼ ਬਣ ਕੇ ਫੁੱਟ ਪੈਂਦਾ। ਬਥੇਰਾ ਕਾੜ੍ਹੇ ਦਿੱਤੇ, ਪਰ ਕੁਝ ਨਾ ਬਣਿਆ। ਦਿਨ ਉੱਪਰੋਂ ਸਮੁੰਦਰ ਦੀ ਲਹਿਰ ਵਾਂਗ ਚੜ੍ਹ ਰਹੇ ਸਨ। ਆਖ਼ਰ ਬਰਨਾਲੇ ਦੀ ਇੱਕ ਮਸ਼ਹੂਰ ਦਾਈ ਨੇ ਬਚਨੋ ਦੇ ਪਿੰਡ ਆ ਕੇ ਜਾਨ ਸੁਖਾਲੀ ਕਰ ਦਿੱਤੀ।

‘ਘਰ ਦੀ ਆਣ ਮਾਰੀਂਦੀ ਐ। ਕਿਸੇ ਨੂੰ ਪਤਾ ਲੱਗ ਗਿਆ ਤਾਂ ਦੋਵੇਂ ਜਹਾਨਾਂ ਤੋਂ ਪੱਟੇ ਜਾਵਾਂਗੇ। ਬਚਨੋ ਦੀ ਮਾਂ ਨੇ ਓਸੇ ਰਾਤ ਸਕੰਦਰ ਨੂੰ ਸਾਰੀ ਗੱਲ ਦੱਸ ਦਿੱਤੀ। ਸਕੰਦਰ ਦਾ ਜੀਅ ਕਰਦਾ ਸੀ ਕਿ ਮਾਂ-ਧੀ ਨੂੰ ਕਿਰਪਾਨ ਨਾਲ ਵੱਢ ਕੇ ਰਾਤੋ ਰਾਤ ਕਿਸੇ ਖੂਹ ਵਿੱਚ ਸੁੱਟ ਦੇਵੇ। ਪਰ ਪਤਾ ਨਹੀਂ ਉਸ ’ਤੇ ਕੀ ਜਾਦੂ ਹੋ ਗਿਆ, ਉਹ ਬੋਲਾ ਜਿਹਾ ਬਣ ਗਿਆ-ਗੂੰਗਾ ਜਿਹਾ ਬਣ ਗਿਆ। ਸਾਰੀ ਰਾਤ ਉਹ ਬੈਠਾ ਰਿਹਾ। ਉਸ ਦੀਆਂ ਅੱਖਾਂ ਵਿੱਚ ਨੀਂਦ ਦੇ ਰੋੜ ਚੁਭਦੇ ਰਹੇ। ਤੜਕੇ ਨੂੰ ਬਚਨੋ ਦੀ ਮਾਂ ਦੇ ਕਹਿਣ ਮੁਤਾਬਕ ਉਹ ਲਹੂ ਲਿਬੜੀਆਂ ਲੀਰਾਂ ਤੇ ਮਾਸ ਦੇ ਬੁੱਥ ਜਿਹੇ ਕਹੀ ਤੇ ਪਾ ਕੇ ਮੂੰਹ ਹਨੇਰੇ ਹੀ ਨਿਆਈਆਂ ਵਿੱਚ ਦੱਬ ਆਇਆ।ਘਰ ਮੁੜਨ ਸਾਰ ਜਿਵੇਂ ਉਸ ਨੂੰ ਛਾਇਆ ਹੋ ਗਈ ਸੀ। ਬੱਸ ਉਸ ਦਿਨ ਤੋਂ ਬਾਅਦ ਉਹ ਘਰੋਂ ਨਹੀਂ ਸੀ ਨਿਕਲਿਆ।

ਇੱਕ ਦਿਨ ਆਥਣੇ ਉਨ੍ਹਾਂ ਦੇ ਘਰ ਮੂਹਰੇ ਦੀ ਮੈਂ ਲੰਘਿਆ। ਕਈ ਬੁੜ੍ਹੀਆਂ ਉਨ੍ਹਾਂ ਦੇ ਘਰੋਂ ਨਿਕਲ ਰਹੀਆਂ ਸਨ। ਉਨ੍ਹਾਂ ਦੇ ਘਰ ਤੋਂ ਕੁਝ ਉਰੇ ਆ ਕੇ ਬੁੜ੍ਹੀਆਂ ਦੀ ਘੁਸਰ ਮੁਸਰ ਵਿਚੋਂ ਮੈਨੂੰ ਐਨੀ ਕੁ ਗੱਲ ਸਮਝ ਪਈ- 'ਧੀ ਦਾ ਵਰਮ ਲੈ ਕੇ ਉੱਠ ਗਿਆ।’♦

ਧੀ ਦਾ ਵਰਮ

131