ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/133

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁਥਰਿਆਂ ਦੇ ਨਿਰਜਿੰਦ ਜੀਵਨ ਨੂੰ ਛੱਡ ਕੇ ਫੇਰ ਬਾਰੂ ਲਾਹੌਰ ਚਲਿਆ ਗਿਆ। ਉੱਥੇ ਜਾ ਕੇ ਤਾਂਗਾ ਵਾਹਣ ਲੱਗ ਪਿਆ। ਉਸ ਵੇਲੇ ਉਹ ਦੀ ਉਮਰ ਤੀਹ ਸਾਲ ਦੀ ਸੀ।

ਅੱਧੀ ਛੁੱਟੀ ਵੇਲੇ ਅਸੀਂ ਨਿੱਤ ਬਾਰੂ ਦੀ ਚਾਹ ਪੀਣ ਜਾਂਦੇ। ਕਈ ਵਾਰੀ ਜੇ ਅਸੀਂ ਸਕੂਲ ਵਿੱਚ ਚਾਹ ਪੀ ਲਈ ਹੁੰਦੀ ਤੇ ਫੇਰ ਚਾਹ ਦੀ ਲੋੜ ਨਾ ਵੀ ਹੁੰਦੀ ਤਾਂ ਵੀ ਉਹ ਦੇ ਕੋਲ ਚਾਹ ਪੀਣ ਜਾਂਦੇ। ਬਾਰੂ ਦੀ ਚਾਹ ਨਾਲੋਂ ਸਾਨੂੰ ਉਹ ਦੀਆਂ ਗੱਲਾਂ ਦਾ ਨਸ਼ਾ ਬਹੁਤਾ ਹੁੰਦਾ।

ਇੱਕ ਦਿਨ ਬਾਰੂ ਨੇ ਦੱਸਿਆ ਕਿ ਜਦ ਉਹ ਲਾਹੌਰ ਤਾਂਗਾ ਵਾਹੁੰਦਾ ਹੁੰਦਾ ਸੀ, ਇੱਕ ਮੇਮ ਨੇ ਉਸ ਨਾਲ ਘਰ ਤੋਂ ਹਸਪਤਾਲ ਤੇ ਹਸਪਤਾਲ ਤੋਂ ਘਰ ਨਿੱਤ ਛੱਡਣ ਤੇ ਲਿਆਉਣ ਦਾ ਠੇਕਾ ਕਰ ਲਿਆ। ਮੇਮ ਉਹ ਹਸਪਤਾਲ ਵਿੱਚ ਡਾਕਟਰ ਲੱਗੀ ਹੋਈ ਸੀ। ਦਿਨੇ ਉਹ ਹੋਰ ਸਵਾਰੀਆਂ ਲੈਂਦਾ ਰਹਿੰਦਾ ਤੇ ਸਵੇਰੇ ਸ਼ਾਮ ਮੇਮ ਨੂੰ ਛੱਡਦਾ ਲਿਆਉਂਦਾ। ਮੇਮ ਨੇ ਫੇਰ ਉਸ ਨੂੰ ਆਪਣੀ ਕੋਠੀ ਵਿੱਚ ਹੀ ਰਹਿਣ ਲਈ ਇੱਕ ਕਮਰਾ ਦੇ ਦਿੱਤਾ। ਹੁਣ ਉਹ ਆਪਣਾ ਤਾਂਗਾ ਵੀ ਉੱਥੇ ਹੀ ਰੱਖਦਾ ਤੇ ਘੋੜਾ ਵੀ। ਨੀਰਾ ਦਾਣਾ ਵੀ ਘੋੜੇ ਵਾਸਤੇ ਉੱਥੇ ਈ। ਮੇਮ ਤਾਂ ਬੁੜ੍ਹੀ ਜਿਹੀ ਸੀ, ਪਰ ਮੇਮ ਦੀ ਕੁੜੀ ਫੁਲ ਪਟਾਕਾ ਸੀ।ਬਾਰੂ ਨੂੰ ਉਹ ਗਿਟ ਮਿਟ ਗਿਟ ਮਿਟ ਕਰਦੀ ਰਿਹਾ ਕਰੇ। ਕਦੇ ਉਹ ਦੀਆਂ ਵੱਡੀਆਂ ਵੱਡੀਆਂ ਤੇ ਕੁੰਡੀਆਂ ਮੁੱਛਾਂ ਨੂੰ ਹੱਥ ਲਾ ਕੇ ਦੇਖਿਆ ਕਰੇ। ਕਦੇ ਉਹ ਦੇ ਡੌਲਿਆਂ ਨੂੰ ਟੋਹਿਆ ਕਰੇ ਮੋਟੇ ਮੋਟੇ ਆਂਡਿਆਂ ਵਾਲੀਆਂ ਡੋਰੇਦਾਰ ਉਹ ਦੀਆਂ ਅੱਖਾਂ ਵਿੱਚ ਕਦੇ ਉਹ ਕੁੜੀ ਅੱਖਾਂ ਗੱਡ ਕੇ ਝਾਕਿਆ ਕਰੇ। ਬਾਰੂ ਡਰਦਾ ਰਹਿੰਦਾ- 'ਸਾਲਿਓ ਹੱਡੀ ਬੋਟੀ ਨੀ ਛੱਡਣੀ।'

ਮੇਮ ਦਾ ਇੱਕ ਤੋਤਾ ਰੱਖਿਆ ਹੋਇਆ ਸੀ। ਤੋਤਾ ਕੁਝ-ਕੁਝ ਹਿੰਦੁਸਤਾਨੀ ਬੋਲਦਾ ਤਾਂ ਮੇਮ ਨੂੰ ਬੜਾ ਪਿਆਰਾ ਲੱਗਦਾ। ਬਾਰੂ ਉਸ ਨੂੰ ਕਹਿੰਦਾ- 'ਸਾਡੇ ਖ਼ਾਨਦਾਨ 'ਚ ਅਸੀਂ ਤੋਤੇ ਕਬੂਤਰ ਬਹੁਤ ਰੱਖੇ ਨੇ।’ਤੇ ਇੱਕ ਦਿਨ ਮੇਮ ਦੇ ਉਸ ਫੁਲ ਪਟਾਕੇ ਨੂੰ ਹੌਲੀ ਦੇ ਕੇ ਬਾਰੂ ਕਹਿੰਦਾ- 'ਮੇਰੇ ਕੋਲ ਵੀ ਹੁਣ ਵੀ ਤੋਤੇ ਜਿਹੜਾ ਢਿੱਡ ’ਤੇ ਦਾਣੇ ਚੁਗਦੈ।' ਮੇਮ ਦੀ ਕੁੜੀ ਹੈਰਾਨ ਹੋ ਗਈ, ਕਹਿੰਦੀ- ‘ਕੋਚਵਾਨ, ਮੇਰੇ ਕੋ ਦਿਖਾਓ ਐਸਾ ਜਾਨਵਰ।’ ਤੇ ਫੇਰ ਮੇਮ ਦੀ ਕੁੜੀ ਨੂੰ ਬਾਰੂ ਨੇ ਆਪਣੇ ਕਮਰੇ ਵਿੱਚ ਲਿਜਾ ਕੇ ਢਿੱਡ 'ਤੇ ਚੋਗਾ ਚੁਗਣ ਵਾਲਾ ਤੋਤਾ ਦਿਖਾਇਆ। ਫੇਰ ਤਾਂ ਉਹ ਨਿੱਤ ਉਸ ਦਾ ਤੋਤਾ ਕਮਰੇ ਵਿੱਚ ਦੇਖਣ ਜਾਂਦੀ।

ਇਹ ਅਸੀਂ ਹੀ ਜਾਣਦੇ ਸੀ ਕਿ ਢਿੱਡ 'ਤੇ ਦਾਣੇ ਚੁਗਣ ਵਾਲਾ ਬਾਰੂ ਦਾ ਤੋਤਾ ਕੀ ਸੀ। ਇਹ ਗੱਲ ਉਸ ਨੇ ਫੇਰ ਕਈ ਵਾਰ ਮਸਾਲੇ ਲਾ ਲਾ ਸਾਨੂੰ ਸੁਣਾਈ।

ਜਦੋਂ ਅਸੀਂ ਅੱਧੀ ਛੁੱਟੀ ਵੇਲੇ ਬਾਰੂ ਕੋਲ ਜਾਂਦੇ ਤਾਂ ਜਾਣਸਾਰ ਗੁਣ ਗਣਾਉਣ ਲੱਗ ਜਾਂਦੇ-

ਲੱਟ ਪੱਟ ਪੰਛੀ, ਚਤਰ ਸੁਜਾਨ।

ਸਭ ਕਾ ਦਾਤਾ, ਸਿਰੀ ਭਗਵਾਨ।

ਪੜ੍ਹ ਭਾਈ, ਤੂੰ ਗੰਗਾ ਰਾਮ।

ਬਾਰੂ ਦੀ ਚਾਹ

133