ਮੈਂ ਉਸ ਨੂੰ ਦੱਸਿਆ-"ਪੜ੍ਹੌਂਦੀ ਐ ਸਾਡੇ ਸਕੂਲ 'ਚ।" ਐਨਾ ਕਹਿ ਕੇ ਮੈਂ ਤਾਂ ਗੰਭੀਰ ਹੋ ਗਿਆ, ਪਰ ਬਾਰੂ ਮੋਢੇ ਜਿਹੇ ਮਾਰ ਕੇ ਕਹਿੰਦਾ- 'ਐਸੀ ਲੜਕੀ ਮਾਸਟਰਨੀ ਨਹੀਂ ਲੱਗਣਾ ਚਾਹੀਏ।’ ਬਾਰੂ ਦਾ ਸ਼ਾਇਦ ਮਤਲਬ ਸੀ ਕਿ ਸੋਹਣੀ ਕੁੜੀ ਨੂੰ ਏਸ ਖੱਚਖ਼ਾਨੇ ਵਿੱਚ ਨਹੀਂ ਪੈਣਾ ਚਾਹੀਦਾ, ਇਹ ਕੰਮ ਤਾਂ ਖਲਪਾੜਾਂ ਤੀਵੀਆਂ ਲਈ ਹੀ ਹੈ। ਮੈਂ ਚੁੱਪ ਕਰ ਰਿਹਾ। ਬਾਰੂ ਫੇਰ ਬੋਲ ਪਿਆ- 'ਕਿਉਂ ਬਾਊ ਜੀ, ਇਹ ਥੋਡੇ ਨਾਲ ਗੱਲ ਵੀ ਕਰ ਲੈਂਦੀਆਂ ਨੇ?' ਮੈਂ ਚਾਹ ਦਾ ਕੱਪ ਖ਼ਤਮ ਕਰ ਲਿਆ ਸੀ। ਮੈਂ ਉਸ ਨੂੰ ਜਵਾਬ ਦਿੱਤਾ- 'ਬਾਰੂ, ਤੂੰ ਤਾਂ ਕੱਚੀਆਂ ਗੱਲਾਂ ਕਰਨ ਲੱਗ ਪਿਆ।'
ਇੱਕ ਵਾਰੀ ਅੱਡੇਖਾਨੇ ਇੱਕ ਲੇਡੀ ਸਿੰਗਰ ਦਾ ਅਖਾੜਾ ਲੱਗਿਆ।ਲੇਡੀ ਸਿੰਗਰ ਦੇ ਨਾਲ ਇੱਕ ਦੋ ਬੰਦੇ ਹੋਰ ਵੀ ਸਨ ਗਾਉਣ ਵਾਲੇ। ਸਟੇਜ ਬਿਲਕੁੱਲ ਬਾਰੂ ਦੀ ਕੋਠੜੀ ਮੂਹਰੇ ਸੀ। ਲੇਡੀ ਸਿੰਗਰ ਸ਼ਰਾਬ ਪੀਂਦੀ ਸੀ। ਸ਼ਰਾਬ ਦਾ ਪੈੱਗ ਉਹ ਬਾਰੂ ਦੀ ਕੋਠੜੀ ਵਿੱਚ ਆ ਕੇ ਲੈਂਦੀ। ਇੱਕ ਵਾਰੀ ਪਾਣੀ ਪੀਣ ਉਹ ਕੋਠੜੀ ਵਿੱਚ ਆਈ। ਇਕੱਲੀ ਸੀ। ਬਾਰੂ ਅੰਦਰੇ ਬੈਠਾ ਕਬੂਤਰ ਵਾਂਗ ਗੁਟਰ-ਗੁਟਰ ਉਸ ਵੱਲ ਦੇਖਦਾ ਰਿਹਾ। ਪਾਣੀ ਪੀ ਕੇ ਜਦ ਉਹ ਬਾਹਰ ਆਉਣ ਲੱਗੀ ਤਾਂ ਉਸ ਨੂੰ ਉਹ ਕਹਿੰਦਾ- ‘ਉਮਰ ਤਾਂ ਬੀਬੀ ਹੁਣ ਮੇਰੀ ਰਹੀ ਨ੍ਹੀਂ, ਪਰ ਮੈਨੂੰ ਤੇਰੇ ਢਿੱਡ ’ਤੇ ਹੱਥ ਫੇਰ ਕੇ ਦੇਖ ਲੈਣ ਦੇ।’ ਤੇ ਬਾਰੂ ਨੇ ਲੇਡੀ ਸਿੰਗਰ ਦੀ ਬਾਂਹ ਫੜ ਲਈ। ਅੱਥਰੀ ਕਮਜ਼ਾਤ ਨੇ ਠੇਡਾ ਬਾਰੂ ਦੇ ਕਸੂਤੇ ਥਾਂ ਮਾਰਿਆ। ਉਸ ਰਾਤ ਬਾਰੂ ਕੋਠੜੀ ਵਿੱਚ ਹੀ ਬੇਸੁੱਧ ਪਿਆ ਰਿਹਾ। ਦੂਜੇ ਦਿਨ ਨਾ ਉਸ ਨੇ ਭੱਠੀ ਭਖਾਈ ਤੇ ਨਾ ਚਾਹ ਬਣਾਈ। ਅਸੀਂ ਅੱਧੀ ਛੁੱਟੀ ਉਹ ਦੇ ਕੋਲ ਗਏ। ਉਹ ਸਿਗਰਟ ਪੀ ਰਿਹਾ ਸੀ ਤੇ ਹੱਸ ਰਿਹਾ ਸੀ। ਉਸ ਨੇ ਸੱਚੀ ਸੁੱਚੀ ਸਾਰੀ ਗੱਲ ਸੁਣਾਈ ਤੇ ਨਾਲੇ ਕਹਿੰਦਾ- 'ਹਰਨੀਆਂ ਨੇ ਕੰਜਰ ਦੀਆਂ ਮੇਰੇ-ਡਾਕਟਰ ਨੇ ਕਿਹਾ ਸੀ ਮਾੜਾ ਚੰਗਾ ਕੰਮ ਨਾ ਕਰੀਂ। ਛੇ ਮਹੀਨੇ ਹੋਗੇ ਗੇੜ ਕਰੇ ਨੂੰ-ਨਹੀਂ ਸਾਲੀ ਕੀ ਸੁੱਕੀ ਨਿਕਲ ਜਾਂਦੀ।' ਜਿੱਥੇ ਉਹ ਰਾਤ ਦਾ ਪਿਆ ਸੀ, ਉੱਥੋਂ ਹੀ ਉਸ ਤੋਂ ਨਹੀਂ ਸੀ ਉੱਠਿਆ ਜਾਂਦਾ। ‘ਛੜ ਮਾਰੀ ’ਗੀ ਕੰਜਰ ਦੀ', ਉਹ ਹੱਸ ਕੇ ਕਹਿੰਦਾ।
ਦੂਜੀ ਰਾਤ ਵੀ ਥਾਏਂ ਪਿਆ ਰਿਹਾ। ਰਾਤ ਨੂੰ ਦਾਅ ਬਚਾ ਕੇ ਦੋ ਚੋਰ ਆਏ ਤੇ ਉਸ ਦੇ ਭਾਂਡੇ ਤੇ ਹੋਰ ਨਿੱਕ ਸੁੱਕ ਵੀ ਗਠੜੀ ਬੰਨ੍ਹ ਲਈ। ਗਠੜੀ ਬੰਨ੍ਹਣ ਲੱਗਿਆਂ ਤੋਂ ਭਾਂਡੇ ਉਨ੍ਹਾਂ ਤੋਂ ਖੜਕ ਪਏ। ਬਾਰੂ ਉੱਚੀ-ਉੱਚੀ ਕੜਕਿਆ- 'ਚੋਰ, ਚੋਰ!' ਇੱਕ ਆਦਮੀ ਨੇ ਦੋ ਡਾਂਗਾਂ ਕਸਵੀਆਂ ਉਸ ਦੇ ਕਪਾਲ ਵਿੱਚ ਮਾਰੀਆਂ ਤੇ ਮੁੜ ਕੇ ਬਾਰੂ ਕੁਸਕਿਆ ਨਾ। ਦੂਜੇ ਦਿਨ ਬਾਰੂ ਮਰਿਆ ਪਿਆ ਸੀ।
ਤਾਂਗੇ ਵਾਲਿਆਂ ਨੇ, ਬਜ਼ਾਰ ਦੇ ਚਾਹ ਪੀਣ ਵਾਲੇ ਦੁਕਾਨਦਾਰਾਂ ਨੇ, ਮਾਸਟਰਾਂ ਨੇ ਤੇ ਮਾਸਟਰਨੀਆਂ ਨੇ ਪੈਸੇ ਇਕੱਠੇ ਕੀਤੇ ਤੇ ਲੱਕੜਾਂ ਖਰੀਦਿਆਂ। ਤਾਂਗੇ ਵਾਲਿਆਂ ਨੇ ਚੁੱਕ ਕੇ ਉਸ ਦਾ ਸਿਵਿਆ ਵਿੱਚ ਸਸਕਾਰ ਕਰ ਦਿੱਤਾ।
ਬਾਰੂ ਦੀ ਚਾਹ
135