ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਲੈਣੀ ਖ਼ਾਸੀ ਵੱਡੀ ਗੱਲ ਸੀ। ਹੌਲਦਾਰ ਦੇ ਘਰ ਜਦ ਆਸਾ ਸਿੰਘ ਤੇ ਹੋਰ ਸਾਥੀ ਰੋਟੀ ਖਾਣ ਆਥਣ ਨੂੰ ਆਏ ਤਾਂ ਜੰਗੀਰ ਦੀ ਅੱਡੀ ਨਹੀਂ ਸੀ ਲੱਗਦੀ।

ਆਸਾ ਸਿੰਘ ਪਿਸ਼ਾਬ ਕਰਨ ਲਈ ਕੋਠੇ 'ਤੇ ਚੜ ਗਿਆ। ਕੋਠੇ 'ਤੇ ਪਈਆਂ ਛਟੀਆਂ ਦੇ ਢੇਰ ਦੀ ਓਟ ਵਿੱਚ ਉਹ ਪਿਸ਼ਾਬ ਕਰ ਰਿਹਾ ਸੀ। ਜੰਗੀਰੋ ਨੇ ਰੋਟੀ ਪਕਾਉਣੀ ਸ਼ੁਰੂ ਕਰਨੀ ਸੀ। ਚੁੱਲ੍ਹੇ ਕੋਲ ਬਾਲਣ ਨਾ ਪਿਆ ਦੇਖ ਕੇ ਜੰਗੀਰੋ ਛਟੀਆਂ ਲੈਣ ਕੋਠੇ 'ਤੇ ਗਈ ਤਾਂ ਆਸਾ ਸਿੰਘ ਨੇ ਨਸ਼ੇ ਦੇ ਲੋਰ ਵਿੱਚ ਛੇਤੀ ਦੇ ਕੇ ਆਪਣੇ ਪਜਾਮੇ ਦਾ ਨਾਲਾ ਬੰਨ੍ਹ ਕੇ ਜੰਗੀਰੋ ਦੀ ਬਾਂਹ ਫੜ ਲਈ।

‘ਸ਼ਰਮ ਕਰੋ ਕੁਸ!' ਜੰਗੀਰੋ ਨੇ ਬਾਂਹ ਛੁਡਾ ਕੇ ਕਿਹਾ।

‘ਹਾਣਦਿਆਂ ਨੂੰ ਸ਼ਰਮ ਕਾਹਦੀ ਐ!' ਆਸਾ ਸਿੰਘ ਨੇ ਮੱਲੋ ਮੱਲੀ ਜੰਗੀਰੋ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ।

ਪਿੰਡਾਂ ਵਿੱਚ ਫਿਰ ਤੁਰ ਕੇ ਆਥਣ ਨੂੰ ਆਸਾ ਸਿੰਘ ਪਿੰਡ ਆ ਜਾਂਦਾ। ਆਪਣੇ ਹਮਾਇਤੀਆਂ ਨਾਲ ਸ਼ਰਾਬ ਪੀਂਦਾ। ਪਿੰਡ ਦੇ ਬਾਹਰਵਾਰ ਇੱਕ ਪੁਰਾਣੀ ਹਵੇਲੀ ਵਿੱਚ ਉਨ੍ਹਾਂ ਦਾ ਅੱਡਾ ਲਾਇਆ ਹੋਇਆ ਸੀ। ਹੁਣ ਸ਼ਰਾਬ ਪੀਣ ਵਿੱਚ ਹੌਲਦਾਰ ਨੂੰ ਵੀ ਸੱਦਿਆ ਜਾਂਦਾ। ਹੌਲਦਾਰ ਜਦ ਗੁੱਟ ਹੋ ਜਾਂਦਾ ਤਾਂ ਆਸਾ ਸਿੰਘ ਇੱਕ ਹੋਰ ਪੜਾਕੂ ਮੁੰਡੇ ਨੂੰ ਨਾਲ ਲੈ ਕੇ ਜੰਗੀਰੋ ਕੋਲ ਜਾ ਧਮਕਦਾ। ਓਧਰ ਹੌਲਦਾਰ ਨੂੰ ਆਸਾ ਸਿੰਘ ਦੇ ਹਮਾਇਤੀ ਹੋਰ ਗਲਾਸ ’ਤੇ ਗਲਾਸ ਚਾੜ੍ਹੀ ਜਾਂਦੇ। ਅੱਧੀ ਰਾਤ ਹੌਲਦਾਰ ਨੂੰ ਡੌਲਿਓ ਫੜ ਕੇ ਉਹ ਘਰ ਛੱਡ ਜਾਂਦੇ। ਆਸਾ ਸਿੰਘ ਐੱਮ. ਐੱਲ. ਏ. ਚੁਣਿਆ ਗਿਆ। ਬਾਅਦ ਵਿੱਚ ਉਹ ਆਪ ਹੀ ਉਸ ਕੋਲ ਜਾਣ ਲੱਗ ਪਈ ਸੀ। ਇੱਕ ਵਾਰ ਉਹ ਸ਼ਿਮਲੇ ਗਿਆ ਤਾਂ ਇੱਕ ਵਧੀਆ ਗਰਮ ਚਾਦਰ ਜੰਗੀਰੋ ਨੂੰ ਲਿਆ ਕੇ ਦਿੱਤੀ।

‘ਬੋਲਿਆ, ਹੁਣ ਤਾਂ ਵੱਡੇ ਆਦਮੀਆਂ ਦਾ ਜ਼ੋਰ ਪੈ ਗਿਆ!' ਕਈ ਆਦਮੀ ਜਗੀਰੋ ਨੂੰ ਦੇਖ ਕੇ ਦੁੱਗੇ ਨੂੰ ਬੋਲੀ ਮਾਰਦੇ। ਦੁੱਗਾ ਚੁੱਪ ਕਰ ਰਹਿੰਦਾ ਤੇ ਹੁਣ ਕਦੇ ਵੀ ਹੌਲਦਾਰ ਦੇ ਘਰ ਨਹੀਂ ਸੀ ਆਇਆ।

ਜੰਗੀਰੋ ਦੀ ਸੋਚ ਹੋਰ ਅੱਗੇ ਤੁਰਦੀ ਗਈ।

ਆਸਾ ਸਿੰਘ ਦਾ ਕੋਈ ਬੰਨ੍ਹ ਚੱਪਾ ਨਹੀਂ ਸੀ। ਉਹ ਦੇ ਨਾਲ ਉਸ ਦੇ ਗਵਾਂਢ ਵਿਚੋਂ ਇੱਕ ਹੋਰ ਤੀਵੀਂ ਫਸ ਗਈ ਸੀ। ਜੰਗੀਰੋ ਦਾ ਤਿਉਹ ਹੁਣ ਉਹ ਘੱਟ ਕਰਦਾ ਸੀ।

ਦੂਜੇ ਅਗਵਾੜੋਂ ਇੱਕ ਨਾਮ ਕਟੀਆ ਹੌਲਦਾਰ ਕੋਲ ਆਉਂਦਾ ਹੁੰਦਾ। ਮੁੰਡੇ ਓਸ ਵਿੱਚ ਅਜੇ ਸਾਰੀ ਜਵਾਨੀ ਹੀ ਕਾਇਮ ਸੀ।ਉੱਚਾ ਲੰਮਾ ਕੱਦ, ਨਿੱਗਰ ਭਰਵਾਂ ਸਰੀਰ ਤੇ ਚਿਹਰੇ 'ਤੇ ਭਰਪੂਰ ਸ਼ਕਤੀ ਦੀ ਭਾਵਨਾ ਟਪਕਦੀ ਸੀ।

‘ਜੈਲਿਆ, ਨੌਕਰੀ ਦੇ ਪੈਸੇ ਜੋੜੇ ਫੇਰ ਕੁਸ?' ਇੱਕ ਦਿਨ ਹੌਲਦਾਰ ਨੇ ਪੁੱਛਿਆ।'

'ਪੈਸੇ ਤਾਂ ਚਾਚਾ ਕੁਸ ਜੁੜੇ ਨੀਂ।' ਜੈਲੇ ਨੇ ਨੀਵੀਂ ਪਾ ਲਈ।

'ਵਿਆਹ ਫੇਰ ਹੁਣ ਕਾਹਦੇ ਨਾਲ ਹੋਊ? ਹੋਲਦਾਰ ਨੇ ਉਸ ਦੀ ਦੁਖਦੀ ਰਗ ਨੂੰ ਹੱਥ ਲਾਇਆ।ਜੈਲਾ ਚੁੱਪ ਕਰਕੇ ਬੈਠਾ ਰਿਹਾ ਤੇ ਫੇਰ ਉਹ ਕਈ ਹੋਰ ਗੱਲਾਂ ਫ਼ੌਜ ਦੀਆਂ ਕਰਦੇ ਰਹੇ।

‘ਦਾਦੇ ਮੁਘਾਉਣੇ ਲੇਖੂ ਨੇ ਈ ਹੁਣ ਤਾਂ ਗੇੜਾ ਨੀ ਮਾਰਿਆ ਕਦੇ, ਚਾਰ ਸਾਲ ਹੋਗੇ।' ਜੰਗੀਰੋ ਨੇ ਕਿਹਾ।

138

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ