ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿੰਦਾ ਕਿ ਮਹਾਰਾਣੀ ਸਾਹਿਬ ਵੀ ਇਸ ਮਹਾਨ ਕੰਮ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੇ ਹਨ। ਜਦੋਂ ਡੀ. ਸੀ. ਉੱਠ ਜਾਂਦਾ, ਉਹ ਵੀ ਉੱਠ ਜਾਂਦੀ। ਕਈ ਲੋਕ ਮਹਾਰਾਣੀ ਤੇ ਹੱਸਦੇ, ਕਈ ਲੋਕ ਮਹਾਰਾਣੀ ’ਤੇ ਤਰਸ ਕਰਦੇ।

ਹੁਣ ਜਦੋਂ ਦੇਸ਼ ਵਿੱਚ ਵੱਡੀਆਂ ਚੋਣਾਂ ਹੋਈਆਂ ਸਨ ਤਾਂ ਮਹਾਰਾਣੀ ਨੇ ਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ ਦੀ ਅੰਦਰਖਾਤੇ ਬੇਹੱਦ ਮਾਇਕ ਸਹਾਇਤਾ ਕਰ ਦਿੱਤੀ ਸੀ ਤੇ ਐਡੀ ਵੱਡੀ ਗੋਡੇ ਟੇਕਣੀ ਨੂੰ ਦੇਖ ਕੇ ਉਸ ਪਾਰਟੀ ਨੇ ਹੁਣ ਉਸ ਨੂੰ ਵਿਧਾਨ ਸਭਾ ਦੀ ਟਿਕਟ ਉਸ ਇਲਾਕੇ ਦੀ ਚੋਣ ਲੜਨ ਲਈ ਦੇ ਦਿੱਤੀ ਸੀ ਤੇ ਮਹਾਰਾਣੀ ਦੀ ਜਿੱਤ ਪੱਕੀ ਸੀ।

ਮਹਾਰਾਣੀ ਜਿਹੜੇ ਵੀ ਪਿੰਡ ਜਾਂਦੀ, ਉਸ ਦਾ ਪੂਰੀ ਠਾਠ ਨਾਲ ਸੁਆਗਤ ਕੀਤਾ ਜਾਂਦਾ। ਮਹਾਰਾਜਾ ਸਾਹਿਬ ਦੇ ਹਾਣੀ ਬਜ਼ੁਰਗ ਉਸ ਦੇ ਪੈਰਾਂ ਨੂੰ ਆ ਕੇ ਛੂੰਹਦੇ। ਡਾਲੀਆਂ ਤੇ ਨਜ਼ਰਾਂ ਪੇਸ਼ ਕੀਤੀਆਂ ਜਾਂਦੀਆਂ। ਕਈ ਪਿੰਡਾਂ ਦੇ-ਸੁੱਕੀਆਂ ਬੂਥੜੀਆਂ 'ਤੇ ਮੂੰਹ ਵਿੱਚ ਜ਼ਰਦਾ ਚੂਸਦੇ ਚਿੱਟ ਕੱਪੜੀਏ ਮੁਰਦਲ ਸਰਦਾਰੜੇ ਮਹਾਰਾਣੀ ਦੀਆਂ ਜੁੱਤੀਆਂ ਪੂੰਝਦੇ। ਪਿੰਡ ਪਿੰਡ ਗੁਰਦੁਆਰਿਆਂ, ਮੰਦਰਾਂ ਤੇ ਧਰਮਸ਼ਾਲਾਵਾਂ ਲਈ ਸਹਾਇਤਾ ਦਿੱਤੀ ਤੇ ਹੁਣ ਮਹਾਰਾਣੀ ਦੀ ਜਿੱਤ ਪੱਕੀ ਦਿੱਸਦੀ ਸੀ।

ਉਸ ਪਿੰਡ ਵਿੱਚ ਮਹੀਨਾ ਕੁ ਹੋਇਆ ਉਹ ਪਹਿਲਾਂ ਵੀ ਇੱਕ ਵਾਰੀ ਆ ਚੁੱਕੀ ਸੀ। ਪਰ ਅੱਜ ਉਸ ਦੇ ਆਗਮਨ ਦੀ ਬਹੁਤ ਵੱਡੀ ਤਿਆਰੀ ਸੀ।ਉਹ ਪਿੰਡ ਰਿਆਸਤਾਂ ਵੇਲੇ ਕਦੇ ਪਰਜਾ ਮੰਡਲ ਪਾਰਟੀ ਦਾ ਗੜ੍ਹ ਮੰਨਿਆ ਹੋਇਆ ਸੀ। ਉੱਥੋਂ ਦੇ ਇੱਕ ਪਰਜਾ ਮੰਡਲੀ ਬਾਬੇ ਦੀ ਕੁਰਬਾਨੀ ਨੂੰ ਯਾਦ ਕਰਕੇ ਪਿੰਡ ਦੇ ਤੇ ਇਲਾਕੇ ਦੇ ਲੋਕਾਂ ਨੇ ਉਸ ਦਾ ਇੱਕ ਬੁੱਤ ਸੰਗਮਰਮਰ ਦਾ ਬਣਵਾ ਕੇ ਉਸ ਦੀ ਭਾਵਨਾ ਨੂੰ ਉਜਾਗਰ ਕਰਦਾ ਪਿੰਡ ਵਿੱਚ ਇੱਕ ਉੱਚੇ ਚੌਤਰੇ ਤੇ ਖੜਾ ਕੀਤਾ ਹੋਇਆ ਸੀ। ਉਸ ਬੱਲ ਦੇ ਨਾਲ ਹੀ ਗੁਰਦੁਆਰਾ ਵੀ ਸੀ। ਲੋਕ ਗੁਰਦੁਆਰੇ ਮੱਥਾ ਟੇਕਣ ਜਾਂਦੇ ਤਾਂ ਬਾਬੇ ਦੀ ਮੂਰਤੀ ਦੇ ਚਰਨਾਂ ਵਿੱਚ ਬਹਿ ਕੇ ਆਉਂਦੇ।ਲੋਕ ਗੁਰਦੁਆਰੇ ਜਾਂਦੇ ਤਾਂ ਅੱਖਾਂ ਅੱਖਾਂ ਵਿੱਚ ਹੀ ਬਾਬੇ ਦੇ ਇਨਕਲਾਬੀ ਅੰਗਾਂ ਦੀਆਂ ਮੁੱਠੀਆਂ ਭਰਦੇ ਰਹਿੰਦੇ।

ਬਾਬੇ ਦਾ ਬੁੱਤ ਤਾਂ ਕਿਸੇ ਸਮੇਂ ਲੱਗ ਹੀ ਗਿਆ ਸੀ, ਪਰ ਇਲਾਕਾ ਚਾਹੁੰਦਾ ਸੀ ਕਿ ਬਾਬੇ ਦੀ ਯਾਦਗਰ ਨੂੰ ਚਿਰ ਤੱਕ ਕਾਇਮ ਰੱਖਣ ਲਈ ਬੁੱਤ ਦੇ ਸੱਜੇ ਪਾਸੇ ਚਾਰ ਕਮਰੇ ਤੇ ਇੱਕ ਵੱਡਾ ਹਾਲ ਬਣਵਾਇਆ ਜਾਵੇ। ਮੌਕਾ ਤਾੜ ਕੇ ਉਸ ਨੇ ਐਲਾਨ ਕਰ ਦਿੱਤਾ ਕਿ ਉਹ ਚਾਰ ਹਜ਼ਾਰ ਦੇ ਸੌ ਸੌ ਨੋਟਾਂ ਦਾ ਹਾਰ ਬਾਬੇ ਦੇ ਬੁੱਤ ਦੇ ਗਲ ਵਿੱਚ ਆਪ ਜਾ ਕੇ ਪਾ ਕੇ ਆਵੇਗੀ ਤੇ ਅੱਜ ਬਾਬੇ ਦੇ ਗਲ ਵਿੱਚ ਚਾਰ ਹਜ਼ਾਰ ਦੇ ਨੋਟਾਂ ਦਾ ਹਾਰ ਪੈਣਾ ਸੀ।

ਬੁੱਤ ’ਤੇ ਵੱਡਾ ਸਾਰਾ ਸ਼ਾਮਿਆਨਾ ਲਾਇਆ ਗਿਆ। ਸ਼ਾਮਿਆਨੇ ਥੱਲੇ ਸਾਰੇ ਪਿੰਡ ਦੀਆਂ ਪਟੀਆਂ ਤੇ ਸ਼ਤਰੰਜਾਂ ਵਿਛਾਈਆਂ ਗਈਆਂ। ਲਾਊਡ ਸਪੀਕਰ ਗੂੰਜ ਕਾਹਨੂੰ ਧਰਤੀ ਪੱਟ ਰਿਹਾ ਸੀ। ਇੱਕ ਵੱਡੀ ਸਾਰੀ ਸਟੇਜ ਬਣਾ ਕੇ ਉਸ 'ਤੇ ਕੁਰਸੀਆਂ ਸਜਾਈਆਂ ਗਈਆਂ। ਮੇਜ਼ਾਂ 'ਤੇ ਫੁਲਦਾਨਾਂ ਦੀ ਮਹਿਕ ਵਿਛੀ ਪਈ ਸੀ। ਮਹਾਰਾਣੀ ਦੇ ਸੁਆਗਤ ਵਿੱਚ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਆਉਣਾ ਸੀ। ਮਹਾਰਾਣੀ ਦਾ ਆਗਮਨ

141

ਮਹਾਰਾਣੀ ਦਾ ਆਗਮ

141