ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਸੁਰਜੀਤ ਉਤਲੇ ਕੰਮ ਨੂੰ ਛੱਡਦਾ ਗਿਆ ਤੇ ਜੈਲਾ ਹੱਥ ਪਾਉਂਦਾ ਗਿਆ। ਸਰਜੀਤ ਦੀ ਮਾਂ ਵੀ ਹੁਣ ਜਿਵੇਂ ਸਰਜੀਤ ਤੋਂ ਡੱਕਾ ਦੂਹਰਾ ਨਹੀਂ ਸੀ ਕਰਵਾਉਣਾ ਚਾਹੁੰਦੀ। ਆਨੀ ਬਹਾਨੀ ਉਹ ਨਿੱਕੇ ਮੋਟੇ ਕੰਮ 'ਤੇ ਵੀ ਜੈਲੇ ਨੂੰ ਡੱਕਰੀਂ ਰੱਖਦੀ।

ਘਰ ਵਿੱਚ ਇੱਕ ਤੋਕੜ ਮੱਝ ਸੀ, ਜਿਸ ਨਾਲ ਚਾਹ ਦਾ ਪੂਰਾ ਪਟੀਂ ਜਾਂਦਾ ਸੀ। ਤੋਕੜ ਮਹਿੰ ਦਾ ਕੀ ਕਦੇ-ਕਦੇ ਦਿਨ ਵੀ ਭੰਨ ਦਿੰਦੀ ਸੀ। ਕਦੇ-ਕਦੇ ਚਾਹ ਕਰਕੇ ਵੀ ਜੋ ਕੁਝ ਦੁੱਧ ਬਚ ਰਹਿੰਦਾ ਤਾਂ ਸੁਰਜੀਤ ਦੀ ਮਾਂ ਉਸ ਨੂੰ ਤੱਤਾਂ ਕਰਕੇ ਰੱਖ ਛੱਡਦੀ। ਜੈਲੇ ਨੂੰ ਕਹਿੰਦੀ- ‘ਜਾਹ, ਬਾਹਰਲੇ ਘਰ ਆਪਣੇ ਮਾਮੇ ਨੂੰ ਉਸ ਨੂੰ ਦੇਖ ਕੇ ਆ, ਖੇਤੋਂ ਆ ਗਿਆ ਕਿ ਨਹੀਂ?' ਮਗਰੋਂ ਸੁਰਜੀਤ ਨੂੰ ਤੱਤਾ ਕੀਤਾ ਦੁੱਧ ਛੇਤੀ ਛੇਤੀ ਪੀਣ ਨੂੰ ਦਿੰਦੀ।

ਜੈਲੇ ਨੂੰ ਚਾਹ ਦਿੰਦੀ ਤਾਂ ਦੋ ਪਲੇ ਮਿਣ ਕੇ ਪਾਉਂਦੀ-ਪਲਾ ਵੀ ਊਣਾ ਰੱਖ ਕੇ।

ਇੱਕ ਦਿਨ ਜੈਲਾ ਹੱਥਾਂ 'ਤੇ ਹੀ ਦੋ ਰੋਟੀਆਂ ਰੱਖ ਕੇ ਲੱਸੀ ਵਿੱਚ ਰਲੀਆਂ ਲੂਣ ਮਿਰਚਾਂ ਨਾਲ ਬੁਰਕੀ ਟੇਮ ਟੇਮ ਖਾ ਰਿਹਾ ਸੀ। ਉਸ ਦੇ ਹੱਥੋਂ ਇੱਕ ਰੋਟੀ ਭੁੰਜੇ ਡਿੱਗ ਪਈ ਤੇ ਰੇਤੇ ਵਿੱਚ ਚੋਪੜੇ ਪਾਸਿਓਂ ਲਿੱਬੜ ਗਈ। ਜੈਲੇ ਨੇ ਉਹ ਰੋਟੀ ਭੌਰੂ ਕੁੱਤੇ ਮੂਹਰੇ ਵਘ੍ਹਾ ਮਾਰੀ। ਮਾਮੀ ਨੂੰ ਤਾਂ ਜਿਵੇਂ ਸੱਤੇ ਕੱਪੜੇ ਅੱਗ ਲੱਗ ਗਈ।ਕਹਿੰਦੀ- 'ਮਾਂ ਦਿਆਂ ਖਸਮਾਂ, ਕਣਕ ਪਤੈ ਸਿਉਨੇ ਨਾਲੋਂ ਮਹਿੰਗੀ ਹੋਈ ਪਈ ਐ ਤੇ ਤੂੰ ਕੁੱਤਿਆਂ ਬਿੱਲਿਆਂ ਮੂਹਰੇ ਚੱਕ ਚੱਕ ਸਿੱਟੀ ਜਾਨੈ। ਤੇਰਾ ਪਿਓ ਕੰਜਰ ਬੈਠੇ ਇੱਥੇ ਕਮਾਉਣ ਵਾਲਾ?' ਜੈਲੇ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤੇ ਉਸ ਦੇ ਮੂੰਹ ਵਿਚਲੀ ਬੁਰਕੀ ਮੂੰਹ ਵਿੱਚ ਹੀ ਫੁਲ ਗਈ ਤੇ ਉਸ ਨੇ ਦੂਜੀ ਰੋਟੀ ਵੀ ਅੱਖ ਬਚਾ ਕੇ ਇੱਕ ਖੂੰਜੇ ਵਿੱਚ ਭੌਰੂ ਮੂਹਰੇ ਹੀ ਸਿੱਟ ਦਿੱਤੀ।

ਉਸ ਘਰ ਵਿੱਚ ਉਹ ਦਾ ਮਾਮਾ ਹੀ ਉਸ ਵਾਸਤੇ ਸਿਰਫ਼ ਇੱਕ ਸਹਾਰਾ ਸੀ। ਉਸ ਦੇ ਮੂੰਹੋਂ ਹੀ ਕਦੇ ਕਦੇ ਜੈਲੇ ਨੂੰ ਮੋਹ ਭਰਿਆ ਅੱਖਰ ਜੁੜਦਾ। ਜੈਲਾ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਸੀ। ਉਹ ਬਹੁਗੁਣਾ ਸੀ। ਭਾਵੇਂ ਸਬਕ ਆਦਿ ਯਾਦ ਕਰਨ ਵਿੱਚ ਉਹ ਨੂੰ ਬਹੁਤ ਘੱਟ ਸਮਾਂ ਮਿਲਦਾ, ਪਰ ਸਕੂਲ ਵਿੱਚ ਪ੍ਰਸ਼ਨਾਂ ਦੇ ਉੱਤਰ ਦੇਣ ਤੇ ਘਰ ਦਾ ਕੰਮ ਦਿਖਾਉਣ ਵਿਚ ਉਹ ਸਦਾ ਹੀ ਸੁਰਜੀਤ ਨਾਲੋਂ ਨਿੱਤਰਿਆ ਰਹਿੰਦਾ। ਇਸ ਕਰਕੇ ਸੁਰਜੀਤ ਵੀ ਉਸ ਨਾਲ ਈਰਖਾ ਰੱਖਦਾ ਸੀ। ਸੁਰਜੀਤ ਦੇ ਤੀਜੇ ਚੌਥੇ ਦਿਨ ਹੀ ਡੰਡੇ ਪੈ ਜਾਂਦੇ।ਉਸ ਦੀ ਮਾਂ ਨੂੰ ਜਦੋਂ ਇਹ ਪਤਾ ਲੱਗਦਾ ਤਾਂ ਉਹ ਬੜਾ ਕੁੜ੍ਹਦੀ ਤੇ ਜੈਲਾ ਉਸਨੂੰ ਅੱਖ ਤਿਣ ਰੜਕਦਾ ਰਹਿੰਦਾ।ਉਸਨੂੰ ਲੱਗਦਾ।ਜਿਵੇਂ ਜੈਲੇ ਦੇ ਹੁਸ਼ਿਆਰ ਹੋਣ ਕਰਕੇ ਹੀ ਸੁਰਜੀਤ ਦੇ ਡੰਡੇ ਪੈਂਦੇ ਹਨ।ਸੁਰਜੀਤ ਨੂੰ ਵੀ ਜੈਲਾ ਵਿਉਹ ਵਰਗਾ ਲੱਗਦਾ ਸੀ। ਇੱਕ ਦਿਨ ਸੁਰਜੀਤ ਨੇ ਜੈਲੇ ਦੀ ਅੰਗਰੇਜ਼ੀ ਦੇ ਲੇਖਾਂ ਵਾਲੀ ਕਾਪੀ ਚੋਰੀਓਂ ਚੁੱਕ ਲਈ ਤੇ ਚੁੱਲ੍ਹੇ ਵਿੱਚ ਡਾਹ ਦਿੱਤੀ। ਇੱਕ ਦਿਨ ਅਧਿਆਪਕ ਨੇ ਸਮਾਜਕ ਅਧਿਅਨ ਦਾ ਇੱਕ ਅਧਿਆਏ ਜ਼ਬਾਨੀ ਯਾਦ ਕਰਨ ਲਈ ਕਿਹਾ। ਸੁਰਜੀਤ ਕੋਲ ਸਮਾਜਕ ਅਧਿਐਨ ਦੀ ਕਿਤਾਬ ਕੋਈ ਨਹੀਂ ਸੀ ਤੇ ਜੈਲੇ ਦੀ ਸਮਾਜਕ ਅਧਿਅਨ ਦੀ ਕਿਤਾਬ ਚੁੱਕੀ ਤੇ ਗਵਾਂਢੀਆਂ ਦੀ ਖੂਹੀ ਵਿੱਚ ਸਿੱਟ ਦਿੱਤੀ ਜਦੋਂ ਕਿ ਜੈਲਾ ਬਾਹਰਲੇ ਘਰ ਸੀਰੀ ਨਾਲ ਕੁਤਰਾ ਕਰਵਾਉਣ ਗਿਆ ਹੋਇਆ ਸੀ।

ਸੁਰਜੀਤ ਇਹ ਸਾਰੀਆਂ ਘਤਿੱਤਾਂ ਜਦ ਆਪਣੀ ਮਾਂ ਨੂੰ ਦੱਸਦਾ ਤਾਂ ਉਹ ਬੜੀ ਖ਼ੁਸ਼ ਹੁੰਦੀ ਤੇ ਕਹਿੰਦੀ- 'ਪਚਿਊ ਲੱਗਿਆ ਹੋਇਐ ਇਹ ਮੁੰਡਾ ਤਾ। ਮੈਂ ਤਾਂ ਪਲੇਗ ਦੇ ਜਾਣੇ ਦਾ ਕਦੋਂ ਦਾ ਡੰਡਾ ਵੱਢ ਦਿੰਦੀ, ਪਰ ਤੇਰਾ ਪਿਓ ਕੰਜਰ ਪੱਟੀ ਨੀ ਬੰਨ੍ਹਣ ਦਿੰਦਾ।'

ਜੈਲੇ ਦੀ ਮਾਮੀ

145