ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਇੱਕ ਕੁੜੀ ਧੋਲ ਮੋਲ

ਨਿਰਮਲ ਤਿੰਨ ਭਰਾਵਾਂ ਦੀ ਇੱਕ ਭੈਣ ਸੀ। ਸਭ ਤੋਂ ਛੋਟੀ। ਵੱਡਾ ਭਰਾ ਖੇਤੀ ਕਰਦਾ ਸੀ। ਉਸ ਤੋਂ ਛੋਟਾ ਫ਼ੌਜ ਵਿੱਚ ਤੇ ਸਭ ਤੋਂ ਛੋਟਾ ਦਸਵੀਂ ਪਾਸ ਕਰਨ ਸਾਰ ਪੁਲਿਸ ਵਿੱਚ ਭਰਤੀ ਹੋ ਗਿਆ ਸੀ।

ਪਿਓ ਅਜੇ ਉਨ੍ਹਾਂ ਦਾ ਜਿਉਂਦਾ ਸੀ। ਬਹੁਤ ਬਿਰਧ, ਪਰ ਵੱਡੇ ਪੁੱਤ ਦੇ ਕੰਮ ਵਿੱਚ ਥੋੜਾ ਮੋਟਾ ਹੱਥ ਪੱਲਾ ਹਿਲਾਂ ਛੱਡਦਾ ਸੀ।ਉਹ ਖੇਤ ਜਾ ਕੇ ਰੋਟੀ ਦੇ ਆਉਂਦਾ।ਉਨ੍ਹਾਂ ਦਾ ਸੀਰੀ ਕੁਤਰਾ ਕਰਕੇ ਡੰਗਰਾਂ ਨੂੰ ਪਾ ਦਿੰਦਾ ਤੇ ਬਿਰਧ ਮਗਰੋਂ ਖੁਰਲੀਆਂ ਵਿੱਚ ਕੱਖ ਲੋਟ ਕਰਦਾ ਰਹਿੰਦਾ। ਕਦੇ-ਕਦੇ ਡੰਗਰਾਂ ਦੇ ਰੱਸੇ ਮੇਲ ਦਿੰਦਾ। ਮੱਕੀ ਦੀ ਰਾਖੀ, ਕਦੇ ਚਰ੍ਹੀ ਦੀ ਰਾਖੀ, ਪਿੜ ਦੀ ਰਾਖੀ ਤੇ ਕਦੇ ਕਦੇ ਮੱਝਾਂ ਨੂੰ ਖਾਲਾਂ ਵਿੱਚ ਚਾਰ ਲਿਆਉਣਾ-ਇਹ ਸਾਰੇ ਕੰਮ ਬੁੜ੍ਹ ਦੇ ਹੁੰਦੇ।

ਨਿਰਮਲ ਜਦੋਂ ਦੋ ਤਿੰਨ ਸਾਲਾਂ ਦੀ ਸੀ, ਉਦੋਂ ਉਹ ਸੱਫ਼ਰ ਬੜੀ ਸੀ। ਅੰਗ ਅੰਗ ਉਹ ਦਾ ਭਰਵਾਂ ਭਰਵਾਂ ਮੋਟਾ ਸੀ। ਪਿੰਜਣੀਆਂ, ਪੱਟ ਤੇ ਡੌਲੇ ਭਰਵੇਂ ਭਰਵੇਂ। ਅੱਖਾਂ ਮੋਟੀਆਂ, ਗੁਟਰ ਗੁਟਰ ਝਾਕਦੀ। ਚਿਹਰਾ ਉੱਭਰਦਾ, ਗੋਲ ਗੋਲ। ਸਿਰ ਦੇ ਵਾਲ ਭੂਰੇ ਪੂਰੇ ਸੰਘਣੇ। ਇੱਕ ਦੋ ਪਲਾਂਘਾਂ ਪੁੱਟਦੀ ਤੇ ਡਿੱਗ ਪੈਂਦੀ। ਡਿੱਗਦੀ ਤੇ ਫੇਰ ਖੜੀ ਹੋ ਜਾਂਦੀ ਤੇ ਫੇਰ ਰੁੜ੍ਹ ਜਾਂਦੀ। ਕੋਈ ਵੀ ਬੁਲਾਉਂਦਾ ਤਾਂ ਹੱਸ ਹੱਸ ਲੋਟ ਪੋਟ ਹੋ ਜਾਂਦੀ। ਹਾਸੀ ਹਾਸੀ ਵਿੱਚ ਕੋਈ ਘੂਰ ਦਿੰਦਾ ਤਾਂ ਝੱਟ ਬੁੱਲ੍ਹ ਅਟੇਰ ਕੇ ਫੇਰ ਖਿੜ ਖਿੜ ਹੱਸ ਪੈਂਦੀ। ਕੁੜੀ ਕਾਹਦੀ ਰਬੜ ਦਾ ਕਾਕਾ ਸੀ। ਗੋਲ ਮੋਲ, ਮੋਟੀ ਮੋਟੀ, ਥੱਲ ਥੱਲ ਕਰਦੀ ਤੇ ਉਹ ਦੇ ਬਾਪੂ ਨੇ ਉਹ ਦਾ ਨਾਉਂ ਧੋਲ ਮੋਲ ਰੱਖ ਲਿਆ ਸੀ।

ਧੋਲ ਮੋਲ ਜਦ ਉਡਾਰ ਹੋ ਗਈ, ਉਸ ਨੂੰ ਸਕੂਲ ਪੜ੍ਹਨ ਲਾ ਦਿੱਤਾ। ਸਕੂਲ ਦੇ ਰਜਿਸਟਰ ਵਿੱਚ ਉਹਦਾ ਨਾਉਂ ਨਿਰਮਲ ਕੌਰ ਚੜ੍ਹ ਗਿਆ, ਉਹ ਰਹੀ ਧੋਲ ਮੋਲ ਹੀ। ਉਸ ਦੇ ਮਾਪੇ, ਭਰਾ ਭਰਜਾਈਆਂ ਤੇ ਉਸ ਨਾਲ ਪੜ੍ਹਦੀਆਂ ਕੁੜੀਆਂ ਉਸ ਨੂੰ ਦਸਵੀਂ ਜਮਾਤ ਤਾਈਂ ਧੋਲ ਮੋਲ ਹੀ ਕਹਿੰਦੀਆਂ ਰਹੀਆਂ।

ਅਜੇ ਉਹ ਦਸਵੀਂ ਜਮਾਤ ਵਿੱਚ ਪੜ੍ਹਦੀ ਹੀ ਸੀ ਕਿ ਉਸ ਦੀ ਮੰਗਣੀ ਹੋ ਗਈ। ਜਿਸ ਮੁੰਡੇ ਨੂੰ ਉਹ ਮੰਗੀ ਗਈ, ਉਹ ਉਦੋਂ ਬੀ. ਏ. ਵਿੱਚ ਪੜ੍ਹਦਾ ਸੀ। ਮੁੰਡਾ ਪੁੱਜ ਕੇ ਸੁਹਣਾ। ਨਿਰਮਲ ਵੀ ਚੰਦ ਵਰਗੀ ਕੁੜੀ ਸੀ। ਜਦ ਉਹ ਦਸਵੀਂ ਵਿੱਚ ਪੜ੍ਹਦੀ ਸੀ, ਉਸ ਦੇ ਕੱਦ ਕਾਠ ਨੂੰ ਨਿੱਤ ਨਵਾਂ ਵਾਰ ਆਉਂਦਾ ਸੀ। ਉਸ ਦੇ ਗੰਢਾਂ ਦੇ ਦੇ ਰੱਖਣ ਵਾਲੇ ਸਰੀਰ ਨੂੰ ਇੱਕ ਰੂਪ ਚੜ੍ਹਦਾ ਸੀ, ਇੱਕ ਰੂਪ ਉਤਰਦਾ ਸੀ। ਉਹ ਦਾ ਮੰਗੇਤਰ ਇੱਕ ਖੱਬੀਖ਼ਾਨ ਘਰ ਦਾ ਪੁੱਤ ਸੀ ਤੇ ਨਿਰਮਲ ਉਸ ਨੇ ਦੇਖ ਕੇ ਪਸੰਦ ਕੀਤੀ ਸੀ।

ਇੱਕ ਕੁੜੀ ਧੋਲ ਮੋਲ

147