ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/149

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲੋਂ ਜਵਾਬ ਲਿਖ ਦਿੱਤਾ ਕਿ ਨਿਰਮਲ ਕਾਲਜ ਵਿੱਚ ਪੜ੍ਹਨ ਲੱਗ ਪਈ ਹੈ ਤੇ ਬੈਡਮਿੰਟਨ ਵੀ ਸ਼ਹਿਰੋਂ ਖੇਡ ਕੇ ਆਉਂਦੀ ਹੈ। ਸੁਹਣੀ ਖਿਡਾਰਨ ਬਣਦੀ ਜਾਂਦੀ ਹੈ।

ਜਿੱਥੇ ਨਿਰਮਲ ਮੰਗੀ ਹੋਈ ਸੀ, ਉਹ ਪਿੰਡ ਉਨ੍ਹਾਂ ਦੇ ਪਿੰਡ ਤੋਂ ਐਨੀ ਦੂਰ ਸੀ ਕਿ ਨਾ ਤਾਂ ਕੋਈ ਓਧਰਲਾ ਬੰਦਾ ਏਧਰ ਆਉਂਦਾ ਸੀ ਤੇ ਨਾ ਹੀ ਏਧਰਲਾ ਓਧਰ ਛੇਤੀ ਛੇਤੀ ਗੇੜਾ ਮਾਰਦਾ ਸੀ। ਏਧਰਲੇ ਪਿੰਡਾਂ ਦਾ ਕਦੇ ਕੋਈ ਬੰਦਾ ਚੰਡੀਗੜ੍ਹ ਵੀ ਓਸ ਮੁੰਡੇ ਨੂੰ ਨਹੀਂ ਸੀ ਮਿਲਿਆ। ਨਹੀਂ ਤਾਂ ਜ਼ਮਾਨਾ ਐਸਾ ਹੈ- ਝੱਟ ਕੋਈ ਨਾ ਕੋਈ ਚੁਗਲੀ ਕਰ ਦਿੰਦਾ ਕਿ ਕੁੜੀ ਕਾਲਜ ਵਿੱਚ ਕਾਹਨੂੰ ਉਹ ਤਾਂ ਬਲਾਕ ਦਫ਼ਤਰ ਵਿੱਚ ਇੱਕ ਮਾਮੂਲੀ ਨੌਕਰ ਐ।

ਨਿਰਮਲ ਟੁੱਟੇ ਦਿਲ ਨਾਲ ਦਫ਼ਤਰ ਜਾਂਦੀ ਤੇ ਭੁੱਜੇ ਦਿਲ ਨਾਲ ਪਿੰਡ ਆ ਜਾਂਦੀ। ਨਾ ਉਹ ਦਾ ਜੀਅ ਕਰਦਾ ਸੀ, ਚੰਗੇ ਕੱਪੜੇ ਪਾਵੇ ਤੇ ਨਾ ਉਹ ਦਾ ਜੀਅ ਕਰਦਾ ਸੀ ਚੰਗਾ ਖਾਵੇ, ਕਿਸੇ ਨਾਲ ਗੱਲ ਕਰੇ, ਹੱਸੇ ਖੇਡੇ। ਉਹ ਹਰ ਵੇਲੇ ਬੁਝੀ ਰਹਿੰਦੀ। ਦਫ਼ਤਰ ਜਾ ਕੇ ਉਸ ਦਾ ਜਮ੍ਹਾਂ ਚਿੱਤ ਨਾ ਕਰਦਾ, ਕੰਮ ਕਰਨ ਨੂੰ। ਉਸ ਨੂੰ ਡਿਸਪੈਚ ਦੇ ਕੰਮ 'ਤੇ ਬਿਠਾਇਆ ਹੋਇਆ ਸੀ। ਅੱਗੇ ਉਹ ਅੱਧੇ ਦਿਨ ਵਿੱਚ ਹੀ ਸਾਰਾ ਕੰਮ ਮੁਕਾ ਦਿੰਦੀ ਸੀ ਤੇ ਹੁਣ ਦੋ-ਦੋ ਦਿਨਾਂ ਦਾ ਕੰਮ ਉਸ ਉੱਤੋਂ ਦੀ ਪਿਆ ਰਹਿੰਦਾ। ਉਸ ਦੇ ਨਾਲ ਬੈਠਦਾ ਮੁੰਡਾ ਬੜਾ ਬੀਬਾ ਸੀ। ਉਸ ਦੇ ਮਨ ਵਿੱਚ ਪਤਾ ਨਹੀਂ ਕੀ ਤਰਸ ਉੱਠਦਾ-ਉਹ ਨਿਰਮਲ ਨੂੰ ਥੱਕੀ ਟੁੱਟੀ ਦੇਖਦਾ ਤੇ ਉਬਾਸੀਆਂ ਲੈਂਦੀ ਅਤੇ ਅਗਵਾੜੀਆਂ ਭੰਨ੍ਹਦੀ ਦੇਖਦਾ ਤਾਂ ਆਪਣਾ ਕੰਮ ਛੇਤੀ ਛੇਤੀ ਮੁਕਾ ਕੇ ਨਿਰਮਲ ਦੇ ਸਾਰੇ ਕਾਗਜ ਡਿਸਪੈਚ ਕਰ ਦਿੰਦਾ। ਲਿਫ਼ਾਫ਼ਿਆਂ ’ਤੇ ਐਡਰੈਸ ਵੀ ਲਿਖ ਦਿੰਦਾ। ਕਦੇ-ਕਦੇ ਨਿਰਮਲ ਮੱਥਾ ਫੜੀ ਬੈਠੀ ਹੁੰਦੀ ਤੇ ਕੰਮ ਵਿੱਚ ਇਉਂ ਧਸੀ ਹੁੰਦੀ, ਜਿਵੇਂ ਜੇਠ ਹਾੜ੍ਹ ਦੇ ਮਹੀਨੇ ਵਿਆਹ ਦੀ ਦੋ ਮਣ ਪੱਕੀ ਛੋਲਿਆਂ ਦੀ ਦਾਲ ਕਿਸੇ ਜ਼ਨਾਨੀ ਨੇ ਚੱਕੀ ’ਤੇ ਦਲ ਕੇ ਹੀ ਉੱਠਣਾ ਹੋਵੇ ਤਾਂ ਉਹ ਮੁੰਡਾ ਬਾਹਰੋਂ ਚਾਹ ਦੇ ਦੋ ਕੱਪ ਗਰਮ ਗਰਮ ਦੁਕਾਨ ਤੋਂ ਮੰਗਵਾਉਂਦਾ ਤੇ ਇੱਕ ਕੱਪ ਚੁੱਪ ਕਰਕੇ ਨਿਰਮਲ ਦੇ ਮੂਹਰੇ ਰੱਖ ਦਿੰਦਾ। ਮੁੰਡਾ ਉਹ ਕਿੰਨਾ ਚੰਗਾ ਸੀ, ਕਿੰਨਾ ਸਾਊ ਸੀ। ਘੁੱਟਵੇਂ ਘੁੱਟਵੇਂ ਕੱਪੜੇ ਪਾਉਂਦਾ। ਸਿਆਲ ਦੀ ਰੁੱਤ। ਗਲ ਰੈਡੀਮੇਡ ਗਰਮ ਕੋਟੀ ਤੇ ਗਰਦਨ ਦੁਆਲੇ ਗਰਮ ਪਤਲਾ ਮਫ਼ਲਰ ਲਪੇਟ ਕੇ ਰੱਖਦਾ ਸੀ। ਦਾੜ੍ਹੀ ਮੁੱਛਾਂ ਦੀ ਲੂੰਈਂ ਅਜੇ ਉਸ ਦੇ ਫੁੱਟਦੀ ਸੀ। ਸਿਰ ਦੇ ਵਾਲ ਕੱਟ ਕੇ ਰੱਖਦਾ, ਛੋਟੇ-ਛੋਟੇ ਸਿੱਧੇ ਖੜਵੇਂ। ਪਤਲਾ ਛੀਂਟਕਾ ਸਰੀਰ। ਹੱਸੂੰ ਹੱਸੂੰ ਕਰਦਾ ਚਿਹਰਾ। ਅੱਖਾਂ ਵਿੱਚ ਹਵਾ ਸਮਾਨ ਸੁਰਮਾ ਪਾ ਕੇ ਰੱਖਦਾ।

ਮੁੰਡੇ ਦਾ ਨਾਉਂ ਅਮਰਜੀਤ ਸੀ।

ਅਮਰਜੀਤ, ਨਿਰਮਲ ਦੇ ਪਿੰਡ ਦੇ ਗਵਾਂਢ ਦਾ ਹੀ ਰਹਿਣ ਵਾਲਾ ਸੀ।ਓਸ ਸ਼ਹਿਰੋਂ ਉਸ ਨੇ ਦਸਵੀਂ ਪਾਸ ਕੀਤੀ ਸੀ ਤੇ ਨਿਰਮਲ ਦੇ ਨਾਲ ਹੀ ਤਕਰੀਬਨ ਬਲਾਕ ਦਫ਼ਤਰ ਵਿੱਚ ਕਲਰਕ ਲੱਗ ਗਿਆ ਸੀ।ਨਿਰਮਲ ਨੂੰ ਮਹਿਸੂਸ ਹੁੰਦਾ ਕਿ ਅਮਰਜੀਤ ਕਿੰਨਾ ਚੰਗਾ ਮੁੰਡਾ ਹੈ। ਉਸਦੇ ਕੰਮ ਵਿੱਚ ਉਸਦਾ ਉਹ ਕਿੰਨਾ ਸਹਾਈ ਹੁੰਦਾ ਹੈ। ਉਸਦੀ ਉਦਾਸੀ ਨੂੰ ਸਮਝਦਾ ਹੈ। ਬੋਲਦਾ ਭਾਵੇਂ ਥੋੜ੍ਹਾ ਹੈ, ਪਰ ਮਹਿਸੂਸ ਸ਼ਾਇਦ ਬਹੁਤਾ ਕਰਦਾ ਹੈ। ਪਿੰਡਾਂ ਤੋਂ ਆਉਂਦੇ ਆਉਂਦੇ ਅਕਸਰ ਉਹ ਇਕੱਠੇ ਹੋ ਜਾਂਦੇ। ਇੱਕ ਦਿਨ ਨਿਰਮਲ ਦਾ ਸਾਈਕਲ

ਇੱਕ ਕੁੜੀ ਧੋਲ ਮੋਲ
149