ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੌਲੀ-ਹੌਲੀ ਥਾਪੜਿਆ ਤੇ ਫਿਰ ਆਪਣੇ ਸਿਰ ਉਤਲੀ ਬੰਬਰ ਦੀ ਚੰਨੀ ਕੁੜੀ 'ਤੇ ਦਿੱਤੀ। ਆਪਣੇ ਫ਼ੌਜੀ ਪਤੀ ਦੇ ਸਿਰਹਾਣੇ ਥਲਿਓਂ ਤੌਲੀਆ ਕੱਢ ਕੇ ਸਿਰ 'ਤੇ ਲਿਆ। ਸਿਰਹਾਣਾ ਹਿੱਲਣ ਕਰਕੇ ਫ਼ੌਜੀ ਨੇ ਮਾਮੂਲੀ ਜਿਹਾ ਸਿਰ ਉਤਾਂਹ ਚੁੱਕਿਆ ਤੇ ਫਿਰ ਸਹਿਜ ਹੋ ਗਿਆ। ਉਹ ਥੱਲੇ ਉਤਰ ਗਈ।

ਖੱਬੇ ਹੱਥ ਚੰਦਨ ਦੀ ਨਿਗਾਹ ਗਈ। ਬਹੁਤ ਸਾਰੇ ਮੰਜਿਆਂ ਵਿੱਚੋਂ ਉਹੀ ਨਵੀਂ ਬਹੂ ਉੱਠੀ। ਸਿਰਹਾਣੇ ਪਏ ਕੋਰੇ ਤਪਲੇ ਵਿੱਚੋਂ ਪਾਣੀ ਦਾ ਗਲਾਸ ਭਰਿਆ। ਮੂੰਹ ਥੋਤਾ ਤੇ ਪੀਣ ਲੱਗੀ। ਚੁੰਨੀ ਦੇ ਲੜ ਨਾਲ ਚਿਹਰਾ ਪੂੰਝਣ ਲੱਗੀ। ਉੱਠ ਕੇ ਪੌੜੀਆਂ ਕੋਲ ਜਾ ਖੜੀ ਤੇ ਚੰਦਨ ਵੱਲ ਤੱਕਣ ਲੱਗੀ। ਮੰਜਿਆਂ ਵਿੱਚੋਂ ਹੀ ਇੱਕ ਹੋਰ ਔਰਤ ਅਚਾਨਕ ਬੈਠੀ ਹੋ ਗਈ। ਨਵੀਂ ਬਹੂ ....

ਮਿੰਦਰੋ ਬੱਕਰੀ ਚੋਅ ਚੁੱਕੀ ਸੀ। ਵੇਂ ਥਣ ਹੁਣ ਉਸ ਨੇ ਮੇਮਣਿਆਂ ਦੇ ਮੂੰਹਾਂ ਵਿੱਚ ਦੇ ਦਿੱਤੇ। ਧੁਰਲੀਆਂ ਮਾਰ-ਮਾਰ ਮੇਮਣਿਆਂ ਨੇ ਬੱਕਰੀ ਦੀ ਜਾਨ ਔਖੀ ਕੀਤੀ ਹੋਈ ਸੀ। ਉਹ ਮੀਂਗਣਾਂ ਕਰਨ ਲੱਗੀ। ਮਿੰਦਰੋ ਖੜ੍ਹੀ ਹੋਈ ਤਾਂ ਚੰਦਨ ਨੇ ਇੱਕ ਉੱਚੀ ਖੰਘੂਰ ਮਾਰ ਦਿੱਤੀ। ਮਿੰਦਰੋ ਲਈ ਇਹ ਕੁਝ ਵੀ ਨਹੀਂ ਹੋਇਆ ਸੀ। ਉਸ ਨੇ ਤਾਂ ਚੰਦਨ ਵੱਲ ਦੇਖ ਕੇ ਅੱਖਾਂ ਵੀ ਨਹੀਂ ਝਮਕੀਆਂ ਸਨ। ਇੱਕ ਵੇਲਾ ਸੀ ਜਦੋਂ..

ਹਨੇਰੇ ਦੀ ਰਹਿੰਦੀ-ਖੂੰਦ, ਫਿੱਕਾ ਧੂੰਆਂ ਵਾਯੂ-ਮੰਡਲ ਵਿੱਚੋਂ ਛੱਡਿਆ ਗਿਆ ਸੀ। ਪੂਰਬ ਵੱਲ ਅਕਾਸ਼ ’ਤੇ ਲਟਕ ਰਹੀ ਬੱਦਲਾਂ ਦੀ ਲੰਬੀ ਲਕੀਰ ਦਾ ਰੰਗ ਤਾਂਬਈ ਹੋਣ ਲੱਗਿਆ। ਕਬੂਤਰ, ਚਿੜੀਆਂ, ਘੁੱਗੀਆਂ, ਕਾਂ ਤੇ ਤੋਤੇ ਏਧਰੋਂ-ਓਧਰ ਉਡੇ ਜਾ ਰਹੇ ਸਨ। ਇੱਕ ਟਟੀਹਰੀ ਉੱਚੀ ਤਿੱਖੀ ਅਵਾਜ਼ ਨਾਲ ਸਾਰੇ ਅਸਮਾਨ ਨੂੰ ਚੀਕ ਕੇ ਲੰਘ ਗਈ। ਚੰਦਨ ਦੀ ਨਜ਼ਰ ਏਧਰ-ਓਧਰ ਕੋਠਿਆਂ ਉਤਲੇ ਮੰਜਿਆਂ ਵੱਲ ਘੁੰਮਣ ਲੱਗੀ। ਇੱਕ-ਇੱਕ ਕਰਕੇ ਲੋਕ ਉੱਠਦੇ ਜਾ ਰਹੇ ਸਨ। ਚੁੱਪ ਕੀਤੇ ਹੀ। ਜਿਵੇਂ ਕਬਰਾਂ ਵਿੱਚੋਂ ਮੁਰਦੇ ਉੱਠ ਰਹੇ ਹੋਣ। ਚੰਦਨ ਨੂੰ ਇਹ ਖੇਤ ਬਹੁਤ ਅਜੀਬ ਲੱਗ ਰਹੀ ਸੀ। ਮੁੜ-ਮੁੜ ਉਸ ਨੂੰ ਇੱਕ ਝੌਲਾ ਜਿਹਾ ਪੈ ਰਿਹਾ ਸੀ, ਦੇਵਾਂ ਵੀ ਇਸ ਤਰ੍ਹਾਂ ਹੀ ਕਦੇ ਆਪਣੇ ਮੰਜੇ ਵਿੱਚੋਂ ਉੱਠੇਗੀ। ਉਹ ਤਾਂ ਅਜੇ ਸੁੱਤਾ ਹੀ ਪਿਆ ਹੋਵੇਗਾ ਕਿ ਉਹ ਚਾਹ ਦੀ ਗੜਵੀ ਉਹ ਦੇ ਸਿਰਹਾਣੇ ਲਿਆ ਰੱਖੇਗੀ। ਕੱਚ ਦੇ ਗਲਾਸ ਵਿੱਚ ਚਾਹ ਪਾਵੇਗੀ ਤੇ ਉਸ ਦਾ ਹੱਥ ਫੜ ਕੇ ਉਸ ਨੂੰ ਜਗਾਉਣ ਲੱਗੇਗੀ। ਉਹ ਜਾਗਦਾ ਹੋਇਆ ਵੀ ਜਾਗੇਗਾ ਨਹੀਂ। ਤੇ ਫਿਰ ਉਹ ਕਹੇਗੀ, ਰਾਤ ਦੱਸ ਕੀ ਕੋਹਲੂ ਜੋੜਿਆ ਹੋਇਆ ਸੀ ਤੇਰਾ? ਉੱਠਣਾ ਨਹੀਂ ਹੁਣ। ਚਾਹ ਪਾਈ ਪਈ ਐ। ਪੀ ਲੈ ਉੱਠ ਕੇ। ਠੰਡੀ ਹੋ ਗਈ ਤਾਂ ਫਿਰ ਤੱਤੀ ਕਰਵੌਂਦਾ ਫਿਰੇਂਗਾ। ਜਾਂਦੀ ਹੋਈ ਉਹ ਉਹ ਦੀ ਗੱਲ੍ਹ 'ਤੇ ਤਿੱਖੀ ਚੂੰਢੀ ਵੱਢ ਜਾਵੇਗੀ। ਉਹ ਝੱਟ ਬੈਠਾ ਹੋਵੇਗਾ, ਜਿਵੇਂ ਭੂਰੀ ਕੀੜੀ ਲੜ ਗਈ ਹੋਵੇ ਤੇ ਚਾਹ ਪੀਣ ਲੱਗੇਗਾ।

ਫ਼ੌਜੀ ਦੀ ਮਿਰਗ-ਸਰੀਰੀ ਤੀਵੀਂ ਚਾਹ ਦਾ ਡੋਲੂ ਲੈ ਆਈ ਸੀ। ਦੋ ਗਲਾਸ ਵੀ। ਪਹਿਲਾਂ ਉਸ ਨੇ ਪਾਣੀ ਦਾ ਗਲਾਸ ਭਰ ਕੇ ਆਪਣੇ ਪਤੀ ਨੂੰ ਦਿੱਤਾ। ਉਹ ਮੂੰਹ ਧੋਣ ਲੱਗਿਆ। ਉਹ ਓਨਾ ਚਿਰ ਉਸ ਦੇ ਮੂੰਹ ਵੱਲ ਹੀ ਦੇਖਦੀ ਰਹੀ। ਪਤੀ ਨੇ ਖਾਲੀ ਗਲਾਸ ਉਸ ਦੇ ਹੱਥ ਫੜਾਇਆ ਤੇ ਦੋਵਾਂ ਗਲਾਸਾਂ ਵਿੱਚ ਚਾਹ ਪਾ ਕੇ ਉਹ ਬੈਠ ਗਈ ਤੇ ਫਿਰ ਉਹ ਦੇ ਮੂੰਹ ਵੱਲ ਝਾਕਣ ਲੱਗੀ। ਪਤੀ ਨੇ ਹੱਥ ਕੱਢਿਆ ਤਾਂ ਉਸ ਨੇ ਇੱਕ ਗਲਾਸ

15

ਅੱਧਾ ਆਦਮੀ