ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ ਹੈ। ਉਹ ਓਸੇ ਤਰ੍ਹਾਂ ਆਉਂਦੀ ਤੇ ਫੁੱਲ ਤੋੜ ਕੇ ਲੈ ਜਾਂਦੀ। ਇੱਕ ਦਿਨ ਮੇਰੇ ਅੰਦਰੋਂ ਕੋਈ ਪਾਗਲ ਉੱਠ ਖੜੋਤਾ। ਉਸ ਦੇ ਆਉਣ ਤੋਂ ਪਹਿਲਾਂ ਹੀ ਮੈਂ ਫੁੱਲਾਂ ਦਾ ਬੁੱਕ ਤੋੜ ਲਿਆ। ਜਦ ਉਹ ਆਈ, ਕੰਬਦੇ ਹੱਥਾਂ ਤੇ ਸ਼ਰਮ ਹੋਏ ਦਿਲ ਨਾਲ ਫੁੱਲ ਉਸ ਦੀ ਭੇਟ ਕਰ ਦਿੱਤੇ।‘ਸ਼ੁਕਰੀਆ’ ਕਹਿ ਕੇ ਉਹ ਚਲੀ ਗਈ। ਮੇਰੀ ਲੱਜਿਆ ਕੰਬਣ ਲੱਗ ਪਈ। ਉਸ ਦਿਨ ਸਾਰਾ ਦਿਨ ਮੈਂ ‘ਸ਼ੁਕਰੀਆਂ' ਦੇ ਬੋਲਾਂ ਵਿੱਚ ਮੁਗਧ ਰਿਹਾ। ਚਾਹ ਪੀਤੀ, ਪਿਆਲੀ ਦੇ ਬੁੱਲ੍ਹਾ ਨਾਲ ‘ਸ਼ੁਕਰੀਏ' ਦੀ ਸੁਗੰਧ ਆਉਂਦੀ ਸੀ। ਸੁੱਤਾ ਤਾਂ ‘ਸ਼ੁਕਰੀਏ’ ਨੂੰ ਜੇਬ੍ਹ ਵਿੱਚ ਪਾ ਕੇ, ਸਵੇਰੇ ਉੱਠਿਆ ਤਾਂ ਸ਼ੁਕਰੀਆ ਸਾਹਮਣੇ ਮੇਜ਼ 'ਤੇ ਆ ਬੈਠ ਗਿਆ।

ਪਰਮਿੰਦਰ ਵਿਕਟੋਰੀਆਂ ਕਾਲਜ ਵਿੱਚ ਪੜ੍ਹਦੀ ਸੀ। ਭਾਵੇਂ ਉਸ ਕੋਲ ਸਾਈਕਲ ਸੀ, ਪਰ ਉਹ ਕਈ ਵਾਰ ਮੇਰੇ ਨਾਲ 'ਫੂਲ’ ਥੀਏਟਰ ਵਾਲੇ ਚੌਕ ਤੱਕ ਤੁਰਕੇ ਕਾਲਜ ਨੂੰ ਜਾਂਦੀ। ਰਸਤੇ ਵਿੱਚ ਸਧਾਰਨ ਗੱਲਾਂ ਹੁੰਦੀਆਂ ਰਹਿੰਦੀਆਂ। ਅਸੀਂ ਪੜ੍ਹਾਈ ਬਾਰੇ ਗੱਲਾਂ ਕਰਦੇ।ਆਪਣੇ ਆਪਣੇ ਮਜ਼ਮੂਨਾਂ ਦੇ ਪ੍ਰੋਫ਼ੈਸਰਾਂ ਦੀ ਨੋਕਾ ਟੋਕੀ ਹੁੰਦੀ। ਕਈ ਵਾਰ ਉਹ ਆਪਣੀਆਂ ਸਹੇਲੀਆਂ ਦੀ ਕੋਈ ਨਾ ਕੋਈ ਗੱਲ ਵੀ ਛੇੜ ਲੈਂਦੀ। ਹੌਲੀ-ਹੌਲੀ ਸਾਡੀ ਖੁਲ੍ਹ ਵਧਦੀ ਗਈ। ਮੈਂ ਮਹਿੰਦਰਾ ਕਾਲਜ ਵਿੱਚ ਪੜ੍ਹਦਾ ਸੀ। ਕਾਲਜ ਜਾਣ ਵੇਲੇ ਸਵੇਰੇ ਹੀ ਬੱਸ ਅਸੀਂ ਮਿਲ ਲੈਂਦੇ ਸਾਂ। ਨਾ ਕਦੇ ਉਹ ਸਾਡੀ ਕੋਠੀ ਆਈ ਤੇ ਨਾ ਮੈਂ ਕਦੇ ਉਨ੍ਹਾਂ ਦੀ ਕੋਠੀ ਗਿਆ ਸਾਂ।

ਗੱਲਾਂ ਉਸ ਦੀਆਂ ਮੁੱਕਣ ਵਿੱਚ ਹੀ ਨਹੀਂ ਸੀ ਆਉਂਦੀਆਂ ਹੁੰਦੀਆਂ। ਮੈਂ ਘੱਟ ਬੋਲਦਾ ਸਾਂ, ਉਹ ਤਾਂ ਚੱਕੀ ਝੋਈਂ ਰੱਖਦੀ। ਕਿਸੇ ਕਿਸੇ ਦਿਨ ਅਸੀਂ ਬਾਰਾਂਦਰੀ ਬਾਗ ਵਿੱਚ ਸ਼ਾਮ ਨੂੰ ਮਿਲਣ ਦਾ ਪ੍ਰੋਗਰਾਮ ਵੀ ਬਣਾ ਲੈਂਦੇ। ਬਾਰਾਂਦਰੀ ਦੇ ਘਾ-ਫ਼ਰਸ਼ਾ 'ਤੇ ਗੱਲਾਂ ਕਰਦਿਆਂ ਕਈ ਵਾਰ ਸਾਨੂੰ ਸੂਰਜ ਦੀ ਡੁੱਬ ਜਾਂਦਾ। ਇੱਕ ਦਿਨ ਪਰਮਿੰਦਰ ਨੇ ਫ਼ੈਸਲਾ ਕਰ ਦਿੱਤਾ ਕਿ ਅਸੀਂ ਹਰ ਐਤਵਾਰ ਦੀ ਦੁਪਹਿਰ ਬਾਰਾਂਦਰੀ ਵਿੱਚ ਮਿਲਿਆ ਕਰਾਂਗੇ। ਹੁਣ ਕਾਲਜ ਜਾਂਦਿਆਂ ਸਵੇਰੇ ਉਹ ਘੱਟ ਮਿਲਦੀ ਸੀ। ਮੈਂ ਪੈਰੀਂ ਤੁਰਕੇ ਜਾਂਦਾ ਹੁੰਦਾ ਤੇ ਉਹ ਪਤਾ ਨਹੀਂ ਕਿਹੜੇ ਵੇਲੇ ਸਾਈਕਲ 'ਤੇ ਕੋਠਿਓਂ ਨਿਕਲ ਜਾਂਦੀ ਸੀ। ਐਤਵਾਰ ਦੀ ਦੁਪਹਿਰ ਬਾਰਾਂਦਰੀ ਦੇ ਘਾ-ਫ਼ਰਸ਼ਾਂ 'ਤੇ ਮੈਨੂੰ ਉਹ ਜ਼ਰੂਰ ਮਿਲਦੀ। ਮੈਂ ਕੋਈ ਕੋਈ ਗੱਲ ਕਰਦਾ ਤੇ ਘਾਊਂ ਮਾਊਂ ਜਿਹਾ ਬਣ ਕੇ ਰਹਿੰਦਾ, ਪਰ ਉਹ ਤਾਂ ਕਈ ਵਾਰ ਆਪਣਾ ਜਿਗਰ ਪਾੜ ਕੇ ਮੇਰੇ ਸਾਹਮਣੇ ਰੱਖ ਦਿੰਦੀ।

ਇੱਕ ਐਤਵਾਰ ਉਹ ਮੈਨੂੰ ਪੁੱਛਣ ਲੱਗੀ- ‘ਤੇਰੇ ਬਾਪੂ ਜੀ ਤੈਨੂੰ ਕਿੰਨਾ ਕੁ ਪੜ੍ਹੋਣਗੇ?' ਮੈਂ ਬਿੰਦ ਹੀ ਬਿੰਦ ਚੁੱਪ ਕਰ ਰਿਹਾ। ਆਪਣੇ ਮੂੰਹ ਵਿਚਲੇ ਫੋਕੇ ਬੁੱਕ ਦੀ ਘੁੱਟ ਅੰਦਰ ਲੰਘਾ ਕੇ ਫੇਰ ਮੈਂ ਉਸ ਨੂੰ ਜਵਾਬ ਦਿੱਤਾ- 'ਬਾਪੂ ਜੀ ਦਾ ਇਸ ਵਿੱਚ ਕੀਹ ਐ। ਪੜ੍ਹਾਈ ਤਾਂ ਮੈਂ ਕਰਨੀ ਐ।ਜਿੰਨੀ ਮਰਜ਼ੀ ਕਰ ਲਵਾਂ।’ਤੇ ਫੇਰ ਉਸ ਨੇ ਆਪਣੇ ਅੰਦਰਲੀ ਭਾਵਨਾ ਕੱਢ ਕੇ ਮੇਰੇ ਸਾਹਮਣੇ ਰੱਖੀ-'ਪੜਾਈ ਮੁਕਾ ਕੇ ਆਪਾਂ ਜੀਵਨ ਦੇ ਰਾਹ ਸਾਂਝੇ ਕਰ ਲਈਏ।’ ਤੇ ਹੋਰ ਵੀ ਉਸ ਨੇ ਕਈ ਗੱਲਾਂ ਕੀਤੀਆਂ। ਮੈਂ ਉਸ ਦੀ ਹਰ ਤਮੰਨਾ 'ਤੇ ਫੁੱਲ ਚੜ੍ਹਾਉਂਦਾ ਰਿਹਾ। ਸੋਚਦਾ ਸਾਂ, ਪਰਮਿੰਦਰ ਕਿੰਨੀ ਚੰਗੀ ਹੈ। ਮੇਰੀਆਂ ਅੱਖਾਂ ਕੋਲੋਂ ਸੁਪਨੇ ਸਾਂਭੇ ਨਹੀਂ ਸੀ ਜਾਂਦੇ। ਭਵਿੱਖ ਦੀ ਰੰਗੀਨੀ ਨੇ ਮੇਰੇ ਅੰਦਰ ਕੁਦਰਤੀ ਕੀਤੀ। ਪਰਮਿੰਦਰ ਦੇ ਅੰਦਰ ਮੈਨੂੰ ਦੁਨੀਆ ਦੀ ਬਾਦਸ਼ਾਹੀ ਸਿਮਟ ਗਈ ਲੱਗਦੀ ਸੀ। ਪਰਮਿੰਦਰ ਮੇਰੀ ਸੀ।

154

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ