ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਤਵਾਰ ਦਾ ਦਿਨ ਸੀ।‘ਪੋਇਟਰੀ' ਦੀ ਕਿਤਾਬ ਲੈ ਕੇ ਮੈਂ ਬਾਰਾਂਦਰੀ ਪਹੁੰਚ ਗਿਆ। ਬਾਰਾਂਦਰੀ ਦੀ ਚੌੜ੍ਹੀ ਹਿੱਕ 'ਤੇ ਮਖ਼ਮਲ ਵਿਛੀ ਪਈ ਸੀ। ਪਰਮਿੰਦਰ ਪਹਿਲਾਂ ਹੀ ਕਦੇ ਦੀ ਬੈਠੀ ਮੈਨੂੰ ਉਡੀਕ ਰਹੀ ਸੀ। ਉਸ ਨੇ ਮੇਰੇ ਨਾਲ ਮੁਸਕਾਣ ਸਾਂਝੀ ਕੀਤੀ ਤੇ ਮੈਂ ਉਸ ਦੇ ਕੋਲ ਹੋ ਕੇ ਬੈਠ ਗਿਆ। ਉਸ ਨੇ ਸਹਿਜੇ ਹੀ ਮੇਰੇ ਹੱਥੋਂ ਕਿਤਾਬ ਫੜ ਲਈ ਤੇ ਉਸ 'ਤੇ ਆਪਣੇ ਹਰੀ ਸਿਆਹੀ ਵਾਲੇ ਪੈੱਨ ਨਾਲ ਅੰਗਰੇਜੀ ਦੇ ਮੋਟੇ ਮੋਟੇ ਅੱਖਰਾਂ ਵਿੱਚ ਮੇਰਾ ਨਾਉਂ ਲਿਖ ਦਿੱਤਾ ਤੇ ਫੇਰ ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਸ ਨੇ ਮੇਰੇ ਨਾਉਂ ਦੇ ਥੱਲੇ ਲਿਖ ਦਿੱਤਾ- ‘ਸਨ ਔਫ਼ ਸ: ਭਗਵਾਨ ਸਿੰਘ।’ ਮੇਰੇ ਢਿੱਡ ਨੂੰ ਜਿਵੇਂ ਕਿਸੇ ਨੇ ਸੇਲੇ ਦੀ ਨੋਕ ਸਿੰਨ੍ਹ ਲਈ ਹੋਵੇ। ਮੈਂ ਸੋਚਾਂ ਵਿੱਚ ਪੈ ਗਿਆ। ਮੇਰੇ ਮਨ ਵਿੱਚ ਪੱਕਾ ਯਕੀਨ ਹੋ ਗਿਆ ਕਿ ਇਹ ਤਾਂ ਮੈਨੂੰ ਸ: ਭਗਵਾਨ ਸਿੰਘ ਦਾ ਲੜਕਾ ਹੀ ਸਮਝਦੀ ਹੈ। ਕਿੰਨੀ ਭੁਲੇਖੇ ਵਾਲੀ ਗੱਲ ਸੀ।ਉਂਝ ਮੇਰੇ ਰੰਗ ਵਰਗਾ ਹੀ ਸ: ਭਗਵਾਨ ਸਿੰਘ ਦਾ ਰੰਗ ਸੀ। ਉਹੋ ਜਿਹੀਆਂ ਅੱਖਾਂ, ਉਹੋ ਜਿਹਾ ਨੱਕ ਤੇ ਡੀਲ ਡੋਲ ਸਾਰੀ ਉਹ ਦੇ ਵਰਗੀ ਆਪਣੇ ਮਨ ਵਿੱਚ ਸਾਰੀ ਗੱਲ ’ਤੇ ਪੱਲਾ ਦੇ ਕੇ ਮੈਂ ਸਾਧਾਰਨ ਜਿਹੀਆਂ ਗੱਲਾਂ ਉਸ ਨਾਲ ਛੇੜੀਆਂ ਹੀ ਸਨ ਕਿ ਕਿਸੇ ਨੇ ਮੇਰਾ ਨਾਉਂ ਲੈ ਕੇ ਹਾਕ ਮਾਰੀ। ਹਰਭਜਨ ਮੇਰਾ ਇੱਕ ਜਮਾਤੀ ਮੁੰਡਾ ਸੜਕ 'ਤੇ ਖੜਾ ਸੀ। 'ਪੋਇਟਰੀ' ਦੀ ਕਿਤਾਬ ਪਰਮਿੰਦਰ ਕੋਲ ਹੀ ਛੱਡ ਕੇ ਮੈਂ ਉਸ ਦੀ ਗੱਲ ਸੁਣਨ ਚਲਾ ਗਿਆ।

‘ਮਖਿਆ ਇਹ ਇਕਨਾਮਿਕ ਯਾਦ ਹੁੰਦੀ ਹੈ?' ਹਰਭਜਨ ਨੇ ਗੁੱਝੀ ਮਸ਼ਕਰੀ ਕੀਤੀ। ‘ਕੌਣ ਐ ਇਹ?' ਆਪਣੇ ਕਾਲਜ ਦੀ ਤਾਂ ਨੀ ਲੱਗਦੀ।' ਪਰਮਿੰਦਰ ਬਾਰੇ ਉਹ ਇਕਦਮ ਜਾਨਣਾ ਚਾਹੁੰਦਾ ਸੀ।

‘ਵਿਕਟੋਰੀਆਂ 'ਚ ਪੜ੍ਹਦੀ ਐ। ਗਵਾਂਢਣ ਐ ਸਾਡੀ।' ਮੈਂ ਉਸ ਦੀ ਤਸੱਲੀ ਕਰਾ ਦਿੱਤੀ। ਇੱਕ ਅੱਧੀ ਹੋਰ ਹੁੱਜ ਮਾਰ ਕੇ ਉਸ ਨੇ ਦੱਸਿਆ- 'ਅਸੀਂ ਇੱਕ ਕਵੀ ਦਰਬਾਰ ਕਰਨ ਬਾਰੇ ਵਿਚਾਰ ਕਰਨੀ ਐ। ਹਰਭਜਨ ਕਾਲਜ ਦੀ ਪੰਜਾਬੀ ਸਭਾ ਦਾ ਸੈਕਟਰੀ ਸੀ। ਕਵੀ ਦਰਬਾਰ ਦੀ ਰੂਪ ਰੇਖਾ ਬਾਰੇ ਉਹ ਕਾਫ਼ੀ ਗੱਲਾਂ ਕਰਦਾ ਰਿਹਾ ਤੇ ਸ਼ਾਮ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਤਾੜਨਾ ਕਰਕੇ ਚਲਿਆ ਗਿਆ।

ਪਰਮਿੰਦਰ ਕੋਲ ਜਦ ਮੈਂ ਵਾਪਸ ਆਇਆ, ਉਸ ਦੀਆਂ ਅੱਖਾਂ ਗਿੱਲੀਆਂ ਤੇ ਮੱਥਾ ਚੜ੍ਹਿਆ ਹੋਇਆ ਸੀ। ਉਸ ਨੇ ਉੱਥੇ ਮੇਰੇ ਕੋਲ ਬਹੁਤਾ ਚਿਰ ਹੋਰ ਨਾਂ ਬੈਠਣ ਦੀ ਮਜਬੂਰੀ ਦੱਸੀ। ਕਹਿੰਦੀ- 'ਅੱਜ ਮੈਨੂੰ ਸਖ਼ਤ ਸਿਰ ਦਰਦ ਹੁੰਦੀ ਐ। ਮੱਥਾ ਪਾਟ ਪਾਟ ਜਾਂਦਾ। ਮੈਂ ਘਰ ਚੱਲੀ ਆਂ।'

'ਅਗਲੇ ਐਤਵਾਰ ਫੇਰ?' ਇਕਦਮ ਮੇਰੇ ਮੂੰਹੋਂ ਨਿਕਲ ਗਿਆ।

‘ਸ਼ਾਇਦ' ਕਹਿ ਕੇ ਉਹ ਮੇਰੇ ਵੇਖਦੇ ਵੇਖਦੇ ਉੱਠ ਕੇ ਚਲੀ ਗਈ। ਮੈਂ ਹੈਰਾਨ ਸਾਂ ਕਿ ਉਸ ਵਿੱਚ ਇਕਦਮ ਐਨੀ ਬੇਰੁਖ਼ੀ ਕਿਵੇਂ ਆ ਗਈ। ਸ਼ਾਇਦ ਸਿਰ ਬਹੁਤਾ ਹੀ ਦੁਖਦਾ ਹੋਵੇ, ਪਰ ਇਕਦਮ ਸਿਰਦਰਦ ਕਿਵੇਂ ਸ਼ੁਰੂ ਹੋ ਗਿਆ। ਹੋਰ ਕੋਈ ਖ਼ਾਸ ਕਾਰਨ ਵੀ ਨਹੀਂ। ਇਉਂ ਤਾਂ ਉਸ ਨੇ ਕਦੇ ਵੀ ਨਹੀਂ ਸੀ ਕੀਤਾ। ਜੀਅ ਕਰਦਾ ਸੀ ਕਿ ਉਸ ਦੇ ਮਗਰ ਮਗਰ ਭੱਜ ਕੇ ਜਾਵਾਂ ਤੇ ਕਾਰਨ ਪੁੱਛਾਂ, ਪਰ ਮੈਂ ਦਿਲ ਜਿਹਾ ਢਾਹ ਕੇ ਥਾਂ ਦੀ ਥਾਂ ਬੈਠਾ ਰਿਹਾ ਤੇ ਫਿਰ ਬੈਠੇ ਬੈਠੇ ਨੇ ਕਿਤਾਬ ਦੇ ਵਰਕੇ ਉਥੱਲਣੇ ਸ਼ੁਰੂ ਕਰ ਦਿੱਤੇ।

ਕਾਰਡ

155