ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤਾਬ ਵਿੱਚ ਇੱਕ ਪੋਸਟ ਕਾਰਡ ਪਿਆ ਸੀ। ਇਹ ਕੱਲ੍ਹ ਹੀ ਪਿੰਡੋਂ ਆਇਆ ਸੀ ਤੇ ਮੈਂ ਇਸ ਨੂੰ ਇਸ ਕਿਤਾਬ ਵਿੱਚ ਰੱਖ ਕੇ ਭੁੱਲ ਗਿਆ ਸਾਂ ਤੇ ਅੱਜ ਏਵੇਂ ਜਿਵੇਂ ਇਹ ਕਿਤਾਬ ਬਾਰਾਂਦਰੀ ਵਿੱਚ ਲੈ ਆਇਆ ਸਾਂ। ਇਕਦਮ ਮੇਰੇ ਦਿਮਾਗ 'ਤੇ ਸੱਟ ਜਿਹੀ ਵੱਜੀ। ਮੇਰੀ ਸੋਚ ਧੁੰਦ ਹੁੰਦੀ ਜਾ ਰਹੀ ਸੀ।ਕਾਰਡ ਨੂੰ ਮੈਂ ਪੜ੍ਹਣਾ ਦੁਬਾਰਾ ਸ਼ੁਰੂ ਕੀਤਾ। ਲਿਖਿਆ ਸੀ- 'ਪਿਆਰੇ ਪੁੱਤਰ ਗੁਰਦੇਵ, ਚਿੱਠੀ ਤੇਰੀ ਮਿਲੀ। ਪੜ੍ਹ ਕੇ ਹਾਲ ਮਲੂਮ ਕੀਤਾ। ਗੱਲ ਇਹ ਹੈ ਕਿ ਐਤਕੀ ਕਪਾਹ ਨੂੰ ਠੂਠੀ ਲੱਗ ਪਈ ਸੀ ਤੇ ਪਿੱਛੋਂ ਜਿਹੇ ਬਹੁਤੇ ਮੀਂਹ ਨੇ ਕਪਾਹਾਂ ਉਂ ਵੀ ਬਰਬਾਦ ਕਰ ਦਿੱਤੀਆਂ ਸਨ, ਜਿਸ ਕਰਕੇ ਸਿਆਲੋ ਸਿਆਲ ਹੁਣ ਤਾਂ ਭਾਈ ਕੁੜਾਪਾ ਹੀ ਕੱਟਣਾ ਪਊ।ਵੀਹੀ ਗਲੀ ਦਾ ਦੇਣ ਹੀ ਨਹੀਂ ਮੁੱਕਦਾ। ਤੂੰ ਸਾਈਕਲ ਭਾਲਦਾ ਹੈ।ਗਾਹਾਂ ਨੂੰ ਕਣਕ ਚੰਗੀ ਹੋ ਗਈ ਤਾਂ ਸਾਈਕਲ ਵੀ ਲੈ ਦਿਆਂਗੇ। ਹਾਲੇ ਤੂੰ ਪੈਰੀਂ ਤੁਰਕੇ ਹੀ ਭੀੜ ਸੰਘੀੜ ਕੱਟ ਲੈ। ਦੋ ਡੂਢ ਮੀਲ ਕੋਈ ਬਹੁਤੀ ਵਾਟ ਨਹੀਂ ਹੁੰਣੀ।ਆਪਣੀ ਰਾਜ਼ੀ ਖ਼ੁਸ਼ੀ ਦਾ ਪਤਾ ਦਿੰਦਾ ਰਿਹਾ ਕਰ। ਸ: ਭਗਵਾਨ ਸਿੰਘ ਨੂੰ ਮੇਰੀ ਫ਼ਤਹਿ ਆਖ ਦਈਂ।’ ਤੇ ਥੱਲੇ ਅਖ਼ੀਰ ਵਿੱਚ ਬਾਪੂ ਦਾ ਨਾਉਂ ਲਿਖਿਆ ਹੋਇਆ ਸੀ- 'ਸ਼ਿਵਦੱਤ ਸਿੰਘ’ ਚਿੱਠੀ ਪੜ੍ਹ ਕੇ ਮੈਂ ਫਿਰ ਕਿਤਾਬ ਵਿੱਚ ਰੱਖ ਲਈ। ਫੇਰ ਸੋਚਾਂ ਵਿੱਚ ਡੁੱਬ ਗਿਆ। ਦੂਰ ਅਸਮਾਨ ਵਿੱਚ ਸੂਰਜ ਨੇ ਇੱਕ ਬਦਲੀ ਆਪਣੇ ਸੀਨੇ ਤੋਂ ਪਰ੍ਹੇ ਛੱਡ ਦਿੱਤੀ ਸੀ। ਮੇਰੇ ਦਿਮਾਗ਼ ਦੀ ਧੁੰਦ ਚਿੱਟੇ ਚਾਨਣ ਵਿੱਚ ਵਟਦੀ ਮੈਨੂੰ ਮਹਿਸੂਸ ਹੋਈ। ਪਰਮਿੰਦਰ ਜਾ ਚੁੱਕੀ ਸੀ, ਪਰ ਜਿਸ ਥਾਂ 'ਤੇ ਬੈਠੀ ਸੀ, ਉਹ ਥਾਂ ’ਚੋਂ ਮੈਨੂੰ ਇੱਕ ਸੇਕ ਮਾਰਨ ਲੱਗ ਪਿਆ।ਕਿੰਨਾ ਲਾਲਚ ਸੀ, ਉਸ ਵਿੱਚ।ਐਤਵਾਰਾਂ ਦੀਆਂ ਬੀਤੀਆਂ ਦੁਪਹਿਰਾਂ ਇੱਕ ਇੱਕ ਕਰਕੇ ਮੇਰੇ ਸਾਹਮਣੇ ਆ ਖੜੋਤੀਆਂ। ਪਰਮਿੰਦਰ ਦੀ ਮੁਹੱਬਤ ਵਿੱਚ ਚਾਂਦੀ ਛਣਕਦੀ ਸੀ। ਕਾਰਡ ਉਸ ਨੇ ਜ਼ਰੂਰ ਪੜ੍ਹ ਲਿਆ ਹੋਵੇਗਾ।

156

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ