ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੌਜਵਾਨ ਉਸ ਨੂੰ ਲੱਗਦੇ ਜਿਵੇਂ ਭੈਣ ਭਰਾ ਹੋਣ। ਉਹ ਕੋਲ ਕੋਲ ਬੈਠੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਜਿਵੇਂ ਉਸ ਨੂੰ ਗੁੱਡੇ ਗੁੱਡੀ ਤੋਂ ਵੱਧ ਕੁਝ ਨਾ ਲੱਗਦੇ।

ਮਹੀਨੇ ਵੀਹ ਦਿਨਾਂ ਵਿੱਚ ਹੀ ਸਾਰੇ ਮੁਹੱਲੇ ਵਿੱਚ ਚਰਚਾ ਸ਼ੁਰੂ ਹੋ ਗਈ। ਨੌਜਵਾਨ ਨੇ ਉਸ ਪਿੰਡ ਬੱਸ ਅੱਡੇ 'ਤੇ ਇੱਕ ਛੋਟੀ ਜਿਹੀ ਵਰਕਸ਼ਾਪ ਖੋਲ੍ਹੀ ਹੋਈ ਸੀ, ਜਿੱਥੇ ਹਰ ਕਿਸਮ ਦੇ ਟਰੈਕਟਰਾਂ ਦੀ ਮੁਰੰਮਤ ਕੀਤੀ ਜਾਂਦੀ। ਉਹ ਆਪ ਵੀ ਇੱਕ ਵਧੀਆ ਮਕੈਨਿਕ ਸੀ ਤੇ ਦੋ ਹੋਰ ਮਕੈਨਿਕ ਉਸ ਨੇ ਨੌਕਰੀ 'ਤੇ ਰੱਖੇ ਹੋਏ ਸਨ। ਮਹੱਲੇ ਦੇ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਜਾਂ ਕੀ ਜਾਤ ਦਾ ਹੈ। ਇਹ ਵੀ ਕਿਸੇ ਨੇ ਕਦੇ ਨਹੀਂ ਸੀ ਪੁੱਛਿਆ ਕਿ ਉਸ ਬੁੜ੍ਹੀ ਦੇ ਘਰ ਨਾਲ ਉਸ ਦਾ ਕੀ ਸਬੰਧ ਹੈ। ਉਹ ਮੂੰਹ ਹਨੇਰੇ ਹੀ ਤੜਕੇ ਘਰੋਂ ਉੱਠ ਕੇ ਜਾਂਦਾ ਤੇ ਰਾਤ ਪਈ ਤੋਂ ਮੁੜਦਾ। ਕਈ ਤੀਵੀਂਆਂ ਕਣੱਖੀਆਂ ਝਾਕ ਕੇ ਬੁੜ੍ਹੀ ਨੂੰ ਬੋਲੀ ਮਾਰਦੀਆਂ। ਕਈ ਤਿੱਖੇ ਮੁੰਡੇ ਉਸ ਨੌਜਵਾਨ ਨੂੰ ਟੋਕਾਂ ਲਾਉਂਦਾ। ਕਈ ਚਲਾਕ ਕੁੜੀਆਂ ਉਸ ਕੁੜੀ ਦੇ ਵਿੱਚ ਦੀ ਗੱਲਾਂ ਕੱਢਦੀਆਂ।

ਹਾਰ ਕੇ ਉਸ ਨੌਜਵਾਨ ਨੇ ਉਹ ਮਕਾਨ ਛੱਡ ਦਿੱਤਾ ਤੇ ਪਿੰਡ ਦੇ ਚੜ੍ਹਦੇ ਪਾਸੇ ਇੱਕ ਚੁਬਾਰਾ ਕਿਰਾਏ 'ਤੇ ਲੈ ਲਿਆ। ਪਰ ਉਹ ਹੁਣ ਵੀ ਕਦੇ ਕਦੇ ਉਸ ਬੁੜ੍ਹੀ ਦੇ ਘਰ ਚੱਕਰ ਮਾਰ ਜਾਂਦਾ।

ਹੁਣ ਉਹ ਕੁੜੀ ਵੱਡੇ ਤੜਕੇ ਉੱਠਦੀ ਸੀ। ਨੌਜਵਾਨ ਵੱਡੇ ਤੜਕੇ ਉੱਠਦਾ ਸੀ ਤੇ ਉਹ ਪਿੰਡ ਦੇ ਲਹਿੰਦੇ ਪਾਸੇ ਸੂਏ ਦੇ ਪੁਲ ਕੋਲ ਵੱਡੇ ਪਿੱਪਲ ਦੀ ਬੁੱਕਲ ਵਿੱਚ ਆ ਬੈਠਦੇ ਸਨ। ਗੱਲਾਂ ਪੁੱਛਦੇ ਸਨ ਤੇ ਗੱਲਾਂ ਦੱਸਦੇ ਹਨ। ਇੱਕਰਾਰ ਲੈਂਦੇ ਸਨ ਤੇ ਇਕਰਾਰ ਦਿੰਦੇ ਸਨ।

ਕਿਸੇ ਨੂੰ ਕਦੇ ਪਤਾ ਨਹੀਂ ਸੀ ਲੱਗਾ ਕਿ ਉਹ ਸੂਏ ਦੇ ਪੁਲ ਕੋਲ ਵੱਡੇ ਪਿੱਪਲ ਥੱਲੇ ਮਿਲਦੇ ਹਨ।

‘ਇਹ ਪਿੱਪਲ ਸਾਡੀ ਭਟਕਣ ਦਾ ਬਿੰਦੂ ਕਦ ਕੁ ਤੱਕ ਬਣਿਆ ਰਹੂ?'ਕੁੜੀ ਨੇ ਇੱਕ ਦਿਨ ਪੁੱਛਿਆ।

‘ਭਟਕਣ ਦਾ ਬਿੰਦੂ ਤਾਂ ਇੱਕ ਦਿਨ ਮਨ ਦੀ ਅੰਦਰਲੀ ਕੋਠੀ ਵਿੱਚ ਈ ਰੱਖਣਾ ਪਊ।' ਨੌਜਵਾਨ ਨੇ ਆਖ਼ਰ ਦੀ ਗੱਲ ਸੁਣਾ ਦਿੱਤੀ।

‘ਸੁਲੱਖਣਾ, ਆਪਾਂ ਜੇ ਸਦਾ ਵਾਸਤੇ 'ਕੱਠੇ ਹੋ ਜੀਏ?' ਕੁੜੀ ਨੇ ਤਰਲਾ ਕੀਤਾ।

ਤੂੰ ਮਾਂ ਨੂੰ ਮਨਾਂ ਲੈ ਨਿੰਦੀਏ। ਤੇਰੀ ਖ਼ਾਤਰ ਮੈਂ ਤਾਂ ਸਭ ਕੁਝ ਤਿਆਗ ਦੂੰ।' ਨੌਜਵਾਨ ਨੇ ਪੂਰਾ ਧਰਵਾਸ ਦਿੱਤਾ।

ਤੇ ਫੇਰ ਉਹ ਉਸ ਦਿਨ ਹੋਰ ਖ਼ਾਸਾ ਚਿਰ ਪਿੱਪਲ ਦੀ ਢੂਹ ਲਾ ਕੇ ਬੈਠੇ ਰਹੇ। ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਚੁੱਪ ਹੋ ਗਏ ਤੇ ਖ਼ਾਸਾ ਚਿਰ ਚੁੱਪ ਬੈਠੇ ਰਹੇ।

ਪੂਰਬ ਵਿੱਚ ਸੂਰਜ ਦਾ ਉਭਾਰ ਪ੍ਰਤੱਖ ਹੋਣ ਵਾਲਾ ਸੀ। ਠੰਡੀ ਠੰਡੀ ਹਵਾ ਮਨ ਵਿੱਚ ਤਰੰਗਾਂ ਛੇੜ ਰਹੀ ਸੀ। ਪਿੱਪਲ ਦਾ ਬਹੁਤ ਵੱਡਾ ਆਕਾਰ ਕਿਸੇ ਰੇਲਵੇ ਸਟੇਸ਼ਨ ਦੇ ਵੱਡੇ ਮੁਸਾਫ਼ਰਖ਼ਾਨੇ ਵਾਂਗ ਧਰਤੀ 'ਤੇ ਰੁਕਿਆ ਹੋਇਆ ਸੀ। ਕਦੇ ਕਦੇ ਕੋਈ ਟਾਹਣਾ ਹਿੱਲਦਾ ਤੇ ਪੱਤੇ ਖੜਕਦੇ ਤੇ ਤੋਤੇ ਵਾਹਟੀਆਂ ਕੁਤਰ ਕੁਤਰ ਥੱਲੇ ਪਾਗਲਾਂ ਵਾਂਗ ਸਿੱਟ ਰਹੇ ਸਨ।

158

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ