ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਚਿੱਠੀ ਦਾ ਜਵਾਬ

ਰਮੇਸ਼ ਨੂੰ ਸਲੋਚਨਾ ਦੀ ਚਿੱਠੀ ਲਿਖੀ ਆਉਂਦੀ, ਜਿਵੇਂ ਕਿਸੇ ਮੁੰਡੇ ਦੀ ਲਿਖੀ ਹੋਵੇ। ਉਹ ਉਸ ਨੂੰ ਚਿੱਠੀ ਲਿਖ ਕੇ ਭੇਜਦਾ, ਜਿਵੇਂ ਕਿਸੇ ਕੁੜੀ ਦੀ ਲਿਖੀ ਹੋਵੇ।

ਰਮੇਸ਼ ਦਾ ਪਿਤਾ ਜਦੋਂ ਤਾਈਂ ਚੰਗਾ ਤੁਰਦਾ ਫਿਰਦਾ ਰਿਹਾ, ਸਰਕਾਰੀ ਠੇਕੇਦਾਰੀ ਕਰਦਾ ਸੀ ਤੇ ਹੁਣ ਰਮੇਸ਼ ਨੇ ਉਹੀ ਕੰਮ ਸਾਂਭਿਆ ਹੋਇਆ ਸੀ। ਉਨ੍ਹਾਂ ਦੇ ਪਿੰਡ ਤੋਂ ਕੋਹ ਭਰ ਦੂਰ ਇੱਕ ਬਹੁਤ ਵੱਡਾ ਬਰਸਾਤੀ ਨਾਲਾ ਲੰਘਦਾ ਸੀ। ਇੱਕ ਨਵੀਂ ਸੜਕ ਉਸ ਬਰਸਾਤੀ ਨਾਲੇ ਨੂੰ ਕੱਟਦੀ ਸੀ ਤੇ ਉਹ ਨਾਲੇ ’ਤੇ ਬਣਦੇ ਸੜਕ ਦੇ ਪੁਲ ਦਾ ਠੇਕਾ ਹੁਣ ਉਸ ਨੇ ਲਿਆ ਹੋਇਆ ਸੀ।

ਦਿਨ ਭਰ ਬਾਹਰ ਉਹ ਕੰਮ 'ਤੇ ਰਹਿੰਦਾ। ਨਿੱਤ ਦੀ ਡਾਕ ਜਿਹੜੀ ਉਸ ਨੂੰ ਆਉਂਦੀ, ਘਰ ਦੇ ਉਸ ਨੂੰ ਉਹ ਦੀ ਮੇਜ਼ 'ਤੇ ਰੱਖ ਦਿੰਦੇ। ਆਥਣ ਨੂੰ ਜਦ ਉਹ ਘਰ ਪਹੁੰਚਦਾ, ਸਾਈਕਲ ਵਰਾਂਡੇ ਦੀ ਕੰਧ ਨਾਲ ਖੜ੍ਹਾ ਕਰਕੇ ਸਭ ਤੋਂ ਪਹਿਲਾਂ ਦਬਾਸੱਟ ਆਪਣੀ ਮੇਜ਼ ਤੇ ਜਾ ਝੁਕਦਾ। ਦੇਖਦਾ, ਕੋਈ ਚਿੱਠੀ ਆਈ ਹੈ ਜਾਂ ਨਹੀਂ। ਜੇ ਆਈ ਹੈ ਤਾਂ ਕੀਹਦੀ। ਸਭ ਤੋਂ ਵੱਧ ਉਡੀਕ ਉਹ ਨੂੰ ਉਸ ਦੀ ਚਿੱਠੀ ਦੀ ਹੁੰਦੀ ਸੀ, ਜਿਸ ਦੀ ਚਿੱਠੀ ਵਿੱਚ ਬਿਹਾਰੀਆਂ ਨੂੰ ਕੱਟ ਕੱਟ ਪਿੱਛੋਂ ਕੰਨੇ ਬਣਾਏ ਹੁੰਦੇ।

ਭਾਵੇਂ ਉਸ ਦੀ ਚਿੱਠੀ ਪੰਦਰ੍ਹਵੇ-ਵੀਹਵੇਂ ਦਿਨ ਆਉਂਦੀ ਸੀ, ਪਰ ਉਸ ਨੂੰ ਪਤਾ ਨਹੀਂ ਕਿਉਂ ਨਿੱਤ ਉਡੀਕ ਰਹਿੰਦੀ ਕਿ ਸਲੋਚਨਾ ਦੀ ਚਿੱਠੀ ਅੱਜ ਆਉਣੀ ਹੈ।

ਪੰਦਰਾਂ ਦਿਨ ਲੰਘ ਗਏ ਸਨ, ਪਰ ਹੁਣ ਉਸ ਦੀ ਚਿੱਠੀ ਨਹੀਂ ਸੀ ਆਈ।ਉਹ ਨਿੱਤ ਆਥਣ ਨੂੰ ਮੇਜ਼ ਤੇ ਆਕੇ ਝੁਕਦਾ।ਵੀਹ ਦਿਨ ਲੰਘ ਗਏ, ਪਰ ਉਸ ਦੀ ਚਿੱਠੀ ਨਾ ਆਈ। ਫੇਰ ਹੋਰ ਦਿਨ ਲੰਘਦੇ ਗਏ, ਹੋਰ ਦਿਨ ਤੇ ਮਹੀਨਾ ਪੂਰਾ ਹੋ ਗਿਆ ਸੀ, ਪਰ ਉਸ ਦੀ ਚਿੱਠੀ ਨਾ ਆਈ। ਰਿਸ਼ਤੇਦਾਰਾਂ ਦੀਆਂ ਕੋਠੀਆਂ ਹੁੰਦੀਆਂ, ਦੋਸਤਾਂ ਦੀਆਂ ਚਿੱਠੀਆਂ ਹੁੰਦੀਆਂ ਤੇ ਕੋਈ ਕੋਈ ਸਰਕਾਰੀ ਚਿੱਠੀਆਂ ਹੁੰਦੀ। ਰਮੇਸ਼ ਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਉਸ ਦੀ ਚਿੱਠੀ ਨਹੀਂ ਆਵੇਗੀ। 'ਹੋ ਸਕਦਾ ਹੈ ਕਿ ਮੇਰੀ ਚਿੱਠੀ ਫੜੀ ਗਈ ਹੋਵੇ ਤੇ ਸਾਰਾ ਭੇਤ ਖੁੱਲ੍ਹ ਗਿਆ ਹੋਵੇ। ਹੋ ਸਕਦਾ ਹੈ ਕਿ ਮੇਰੀ ਚਿੱਠੀ ਲਿਖ ਕੇ ਪਾ ਤਾਂ ਦਿੱਤੀ ਹੋਵੇ ਤੇ ਮੇਰੇ ਤੀਕ ਪਹੁੰਚੀ ਨਾ ਹੋਵੇ ਤੇ ਕਿਸੇ ਦੇ ਹੱਥ ਲੱਗ ਗਈ ਹੋਵੇ।' ਕੁੜੀਆਂ ਵਾਂਗ ਲਿਖੀ ਰਮੇਸ਼ ਦੀ ਚਿੱਠੀ ਉਸ ਨੂੰ ਲੱਗਦਾ ਸੀ, ਜਿਵੇਂ ਪੜ੍ਹੀ ਜਾਵੇ ਤਾਂ ਆਦਮੀ ਦੀ ਲਿਖੀ ਲੱਗੇ। ਸਲੋਚਨਾ ਬਥੇਰਾ ਜ਼ੋਰ ਲਾ ਕੇ ਲਿਖਦੀ ਸੀ ਕਿ ਚਿੱਠੀ ਮੁੰਡੇ ਦੀ ਲਿਖੀ ਲੱਗੇ, ਪਰ ਉਹ ਜਜ਼ਬਾਤਾਂ ਵਿੱਚ ਐਨੀ ਧਸ ਗਈ ਹੁੰਦੀ ਤੇ ਸਾਫ਼ ਜ਼ਾਹਰ ਹੁੰਦਾ ਕਿ ਚਿੱਠੀ ਕਿਸੇ ਇਸ਼ਕ ਫੱਟੀ ਕੁੜੀ ਦੀ ਲਿਖੀ ਹੋਈ ਹੈ।

ਚਿੱਠੀ ਦਾ ਜਵਾਬ

161