ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/162

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਨਾ ਚਿਰ ਹੋ ਗਿਆ, ਉਸ ਦੀ ਚਿੱਠੀ ਨਹੀਂ ਸੀ ਆਈ। ਆਥਣ ਨੂੰ ਉਹ ਘਰ ਆਉਂਦਾ ਤੇ ਨਿਰਾਸ਼ ਹੋ ਕੇ ਪੈ ਜਾਂਦਾ। ਹਾਉਂਕਾ ਲੈਂਦਾ ਤੇ ਉਸ ਦੇ ਨਿੱਘੇ ਮਿੱਠੇ ਖ਼ਿਆਲਾਂ ਨੂੰ ਚਿੱਤ ਵਿੱਚ ਲੈ ਕੇ ਸੌਂ ਜਾਂਦਾ।

ਦੋ ਵਾਰ ਹੀ ਤਾਂ ਪਹਿਲਾਂ ਉਹ ਉਸ ਨੂੰ ਮਿਲੀ ਸੀ। ਇੱਕ ਵਾਰੀ ਉਸ ਦੇ ਪਿੰਡ, ਉਸ ਦੀ ਇੱਕ ਸਹੇਲੀ ਦੇ ਘਰ ਜਿੱਥੇ ਰਮੇਸ਼ ਨੇ ਉਸ ਦੇ ਹੱਥ ਨੂੰ ਘੁੱਟ ਕੇ ਦੇਖਿਆ ਸੀ। ਓਦਣ ਸਲੋਚਨਾ ਦਾ ਹੱਥ ਉਸ ਨੂੰ ਇਉਂ ਲੱਗਾ ਸੀ ਕਿ ਜਿਵੇਂ ਰੇਸ਼ਮ ਵਰਗੇ ਪਿੰਡੇ ਵਾਲੀ ਘੁੱਗੀ ਉਸ ਦੇ ਹੱਥਾਂ ਵਿੱਚ ਆ ਗਈ ਹੋਵੇ। ਓਦੋਂ ਉਸ ਨੂੰ ਇਉਂ ਮਹਿਸੂਸ ਹੋਇਆ ਸੀ, ਜਿਵੇਂ ਸਲੋਚਨਾ ਦੇ ਸਾਰੇ ਸਰੀਰ ਦਾ ਸੇਕ ਉਸ ਦੇ ਇੱਕ ਹੱਥ ਵਿੱਚ ਸਿਮਟ ਗਿਆ ਹੋਵੇ। ਉਸ ਹੱਥ ਨੂੰ ਰਮੇਸ਼ ਨੇ ਘੁੱਟਿਆ ਤਾਂ ਉਸ ਦੇ ਸਾਰੇ ਅੰਗਾਂ ਵਿੱਚ ਬਿਜਲੀ ਥਰਕ ਪਈ ਸੀ।

ਦੂਜੀ ਵਾਰ ਤਿੰਨ ਕੁ ਮਹੀਨਿਆਂ ਬਾਅਦ ਉਹ ਅਚਾਨਕ ਰਮੇਸ਼ ਨੂੰ ਉਸ ਦੇ ਇੱਕ ਦੋਸਤ ਦੇ ਪਿੰਡ ਮਿਲ ਗਈ ਸੀ। ਉੱਥੇ ਰਮੇਸ਼ ਨੇ ਉਸ ਨਾਲ ਰੱਜ ਦੇ ਦੋ ਤਿੰਨ ਘੰਟੇ ਗੱਲਾਂ ਕੀਤੀਆਂ ਸਨ ਤੇ ਉਸ ਦੇ ਕੋਸੇ ਕੋਸੇ ਸਾਹਾਂ ਦੀ ਮਹਿਕ ਪੀਤੀ ਸੀ। ਉਸ ਤੋਂ ਪਿੱਛੋਂ ਸਲੋਚਨਾ ਨੇ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਵੇਂ ਕਿਸੇ ਮੁੰਡੇ ਦੀਆਂ ਲਿਖੀਆਂ ਹੋਣ, ਪਰ ਉਹ ਮੁੰਡੇ ਦੀਆਂ ਲਿਖੀਆਂ ਨਹੀਂ ਸਨ ਲੱਗਦੀਆਂ। ਰਮੇਸ਼ ਉਸ ਨੂੰ ਚਿੱਠੀਆਂ ਲਿਖਦਾ ਸੀ, ਜਿਵੇਂ ਕਿਸੇ ਕੁੜੀ ਦੀਆਂ ਲਿਖੀਆਂ ਹੋਈਆਂ ਹੋਣ, ਪਰ ਉਹ ਕੁੜੀਆਂ ਵਰਗੀਆਂ ਬਹੁਤ ਘੱਟ ਹੁੰਦੀਆਂ ਸਨ। ਵਹਿਣਾ ਵਿੱਚ ਵਹਿ ਕੇ ਅੰਦਰਲੇ ਦੇ ਟਸਕ ਕਿਵੇਂ ਰੋਕੀ ਜਾ ਸਕਦੀ ਹੈ। ਬਹੁਤ ਚਿੱਠੀਆਂ ਰਮੇਸ਼ ਨੇ ਲਿਖੀਆਂ, ਬਹੁਤ ਚਿੱਠੀਆਂ ਸਲੋਚਨਾ ਨੇ ਲਿਖੀਆਂ। ਪਰ ਹੁਣ ਇੱਕ ਮਹੀਨੇ ਤੋਂ ਉੱਤੇ ਹੀ ਹੋ ਗਿਆ ਸੀ, ਸੁਲੋਚਨਾ ਦੀ ਚਿੱਠੀ ਨਹੀਂ ਸੀ ਆਈ। ਰਮੇਸ਼ ਨੇ ਆਪ ਵੀ ਕੋਈ ਚਿੱਠੀ ਨਹੀਂ ਸੀ ਲਿਖੀ। ਸਲੋਚਨਾ ਦੀ ਚਿੱਠੀ ਦੀ ਤੀਬਰ ਉਡੀਕ ਹੀ ਜਿਵੇਂ ਰਮੇਸ਼ ਦੇ ਸਾਰੇ ਜਵਾਬ ਸਨ। ਉਸ ਦੇ ਮਨ ਵਿੱਚ ਸੈਂਕੜੇ ਸਵਾਲ ਉੱਠਦੇ, ਪਰ ਉਹ ਉਨ੍ਹਾਂ ਦੇ ਆਪ ਹੀ ਜਵਾਬ ਦੇ ਲੈਂਦਾ ਤੇ ਚੁੱਪ ਰਹਿ ਛੱਡਦਾ।

ਫੇਰ ਇੱਕ ਦਿਨ ਜਦ ਉਹ ਆਥਣ ਨੂੰ ਆਇਆ, ਉਸ ਦੀ ਮੇਜ਼ 'ਤੇ ਇੱਕ ਅਟੈਚੀ ਪਿਆ ਸੀ।ਘਰੇ ਕੋਈ ਨਹੀਂ ਸੀ। ਵੱਡੀ ਕੁੜੀ ਦਾ ਜਾਪਾ ਕਰਵਾਉਣ ਉਸ ਦੀ ਮਾਂ ਗਈ ਹੋਈ ਸੀ ਤੇ ਉੱਥੇ ਜਾ ਕੇ ਨਮੂਨੀਏ ਨਾਲ ਬਿਮਾਰ ਹੋ ਗਈ ਸੀ। ਉਸਦਾ ਪਿਤਾ ਤੇ ਛੋਟੀ ਭੈਣ ਉਸ ਦੀ ਮਾਂ ਦਾ ਪਤਾ ਲੈਣ ਗਏ, ਚਾਰ ਦਿਨ ਹੋ ਗਏ ਸੀ, ਅਜੇ ਤਾਈਂ ਨਹੀਂ ਸਨ ਮੁੜੇ। ਹੁਣ ਘਰ ਵਿੱਚ ਇਕੋਂ ਇੱਕ ਜੀਅ ਬੁੱਢੀ ਦਾਦੀ ਸੀ। ਆਥਣ ਵੇਲੇ ਨਿੱਤ ਉਹ ਨਿਆਈਆਂ ਵਿੱਚ ਜੰਗਲ ਪਾਣੀ ਚਲੀ ਜਾਂਦੀ ਸੀ। ਉਸ ਦਿਨ ਜਦੋਂ ਉਹ ਬਾਹਰੋਂ ਮੁੜ ਕੇ ਆਈ, ਰਮੇਸ਼ ਆਪਣੀ ਮੇਜ਼ 'ਤੇ ਪਏ ਅਟੈਚੀ ਨੂੰ ਉਲਟਾ ਸਿੱਧਾ ਕਰਕੇ ਦੇਖ ਰਿਹਾ ਸੀ-ਆਖ਼ਰ ਪਤਾ ਤਾਂ ਲੱਗੇ, ਇਹ ਕਿਸਦਾ ਹੈ। ਉਸ ਦਾ ਸਾਹ ਉਤਲਾ ਉੱਤੇ ਤੇ ਹੇਠਲਾ ਹੇਠਾਂ, ਜੰਗਲ ਪਾਣੀ ਜਾ ਕੇ ਆਈ ਦਾਦੀ ਦੇ ਨਾਲ ਸਲੋਚਨਾ ਸੀ। ਬਦਾਮੀ ਰੰਗ ਵਾਲੀ ਸਲੋਚਨਾ। ਝੂਲ ਝੂਲ ਤੁਰਦੀ ਲੰਮੇ ਕਰਮੀਂ ਉਹ ਰਮੇਸ਼ ਕੋਲ ਮੇਜ਼ ਨਾਲ ਪਈ ਦੂਜੀ ਕੁਰਸੀ 'ਤੇ ਆ ਬੈਠੀ। ਦਾਦੀ ਰਸੋਈ ਵਿੱਚ ਰੋਟੀ ਟੁੱਕ ਦਾ ਆਹਰ ਕਰਨ ਲੱਗ ਪਈ।

162
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ