ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਧਰਾ ਗੁੰਦਵਾਂ ਸਰੀਰ। ਮੋਟੀਆਂ ਮੋਟੀਆਂ ਅੱਖਾਂ। ਆਥਣ ਦੀ ਠੰਡ ਵਿੱਚ ਠਰਿਆ ਲੱਸ ਲੱਸ ਕਰਦਾ ਭਰਵਾਂ ਚਿਹਰਾ। ਪ੍ਰਿੰਟਡ ਡੈਕਾਰਿਨ ਦਾ ਦੁੱਧ ਕਾਸ਼ਣੀ ਭਾਅ ਮਾਰਦਾ ਘੱਟਵਾਂ ਤੇ ਸਰੀਰ ਨਾਲ ਸੂਤਵਾਂ ਸੂਟ ਅਤੇ ਉੱਭਰ ਕੇ ਦੀਂਹਦੀਆਂ ਅੱਖ ਖਿੱਚ ਸਰੀਰ ਦੀਆਂ ਗੁਲਾਈਆਂ, ਮਲਾਗੀਰੀ ਪਸ਼ਮ ਦੀ ਲੱਕ ਤੋਂ ਢਿਲਕਵੀਂ ਕੋਟੀ ਤੇ ਪੈਰਾਂ ਵਿੱਚ ਨਾਭੀ ਸ਼ਨੀਲ ’ਤੇ ਕੱਢੀ ਚਿੱਟੀ ਜ਼ਰੀ ਵਾਲੀ ਮੋਡੀ ਜੁੱਤੀ।

‘ਤੂੰ ਕਿੱਧਰੋਂ ਆ ’ਗੀ ਸਲੋਚਨਾ?' ਰਮੇਸ਼ ਨੇ ਅੰਦਰਲੀ ਸਾਰੀ ਹੈਰਾਨੀ ਤੇ ਗੁੱਝੀ ਗੁੱਝੀ ਖ਼ੁਸ਼ੀ ਨੂੰ ਬੁੱਲ੍ਹਾਂ ਵਿੱਚ ਨਪੀੜ ਕੇ ਪੁੱਛਿਆ। 'ਮੈਂ ਤੇਰੀ ਚਿੱਠੀ ਦਾ ਜਵਾਬ ਬਣ ਕੇ ਆਈ ਆਂ- ਸਾਰੀ ਦੀ ਸਾਰੀ। ਸਲੋਚਨਾ ਦੇ ਨੀਵੇਂ ਜਿਹੇ ਬੋਲ ਵਿੱਚ ਬਹੁਤ ਵੱਡੀ ਦਲੇਰੀ ਸੀ। ਤੇ ਫੇਰ ਉਹ ਨਿੱਕੀਆਂ ਨਿੱਕੀਆਂ ਬੇਥਵੀਆਂ ਜਿਹੀਆਂ ਹੋਰ ਕਈ ਗੱਲਾਂ ਕਰਦੇ ਰਹੇ। ਬਿੰਦ ਝੱਟ ਹੋਰ ਬਹਿ ਕੇ ਉਹ ਦਾਦੀ ਕੋਲ ਹੀ ਰਸੋਈ ਵਿੱਚ ਚਲੀ ਗਈ। ਰਮੇਸ਼ ਦੇ ਅੰਦਰ ਆਉਣ ਵਾਲੀ ਰਾਤ ਦਾ ਬਾਲਣ ਧੁਖਣ ਲੱਗ ਪਿਆ।

ਕਿੰਨਾ ਚਿਰ ਹੋ ਗਿਆ ਸੀ, ਸੁਲੋਚਨਾ ਦੀ ਚਿੱਠੀ ਆਈ ਨੂੰ। ਜਿਹੜੀ ਆਖ਼ਰੀ ਚਿੱਠੀ ਰਮੇਸ਼ ਨੇ ਉਸ ਨੂੰ ਲਿਖੀ ਸੀ, ਉਸ ਵਿੱਚ ਉਸ ਨੇ ਲਿਖ ਦਿੱਤਾ ਸੀ- ‘ਚਿੱਠੀਆਂ ਵਿੱਚ ਉੱਖੜੇ ਕੁਹਾੜੇ ਮਾਰਨ ਦਾ ਕੀ ਲਾਭ? ਕਦੇ ਜੇ ਤੇਰੀ ਪੂਰੀ ਇੱਕ ਰਾਤ ਦਾ ਸੰਸਾਰ ਮੈਂ ਮਾਣ ਸਕਾਂ।'

ਰੋਟੀ ਟੁੱਕ ਖਾ ਕੇ ਉਹ ਤਿੰਨੇ ਅੰਦਰਲੇ ਕਮਰੇ ਵਿੱਚ ਪੈ ਗਏ। ਦੋ ਘੰਟੇ ਦਾਦੀ ਅਗਲੇ ਜੁੱਗ ਦੀਆਂ ਗੱਲਾਂ ਕਰਕੇ ਸੌਂ ਗਈ। ਸੁੱਤੀ ਪਈ ਵੀ ਉਹ ਖੰਘਦੀ ਸੀ, ਜਿਵੇਂ ਜਾਗਦੀ ਹੋਵੇ। ਸੁੱਤੀ ਪਈ ਵੀ ਉਹ ‘ਹਰੇ ਰਾਮ’ ‘ਹਰੇ ਰਾਮ’ ਕਰਦੀ ਸੀ, ਜਿਵੇਂ ਜਾਗਦੀ ਹੋਵੇ, ਪਰ ਸੀ ਪੂਰੀ ਸੁੱਤੀ ਹੋਈ।

ਧੁਆਂਖੀ ਚਿਮਨੀ ਵਾਲੇ ਲੈਂਪ ’ਤੇ ਇੱਕ ਕਿਤਾਬ ਦੀ ਝੱਲ ਮਾਰ ਕੇ ਲੈਂਪ ਰਮੇਸ਼ ਨੇ ਬੁਝਾ ਦਿੱਤਾ। ਲੈਂਪ ਦੀ ਚਿਮਨੀ ਨਿੱਤ ਮਾਂਜਣੀ, ਇਹ ਵੀ ਇੱਕ ਟੰਟਾ ਹੈ। ਸੜਕੇ ਸੜਕ ਬਿਜਲੀ ਦੀਆਂ ਤਾਰਾਂ ਉੱਥੋਂ ਦੀ ਲੰਘਦੀਆਂ ਸਨ ਤੇ ਨੇੜੇ ਦੇ ਪਿੰਡ ਦੇਵੀਕੋਟ ਬਿਜਲੀ ਆਈ ਨੂੰ ਦੋ ਸਾਲ ਹੋ ਗਏ ਸਨ, ਪਰ ਅਜੇ ਉਸ ਪਿੰਡ ਵਿੱਚ ਬਿਜਲੀ ਨਹੀਂ ਸੀ ਆਈ।

ਲੈਂਪ ਬੁਝੇ ਤੋਂ ਕਮਰੇ ਵਿੱਚ ਹਨੇਰਾ ਘੁੱਪ ਹੋ ਗਿਆ ਤੇ ਰਮੇਸ਼ ਨੇ ਆਪਣਾ ਮੰਜਾ ਦੋਵੇਂ ਬਾਹੀਆਂ ਤੋਂ ਫੜ ਕੇ ਸਲੋਚਨਾ ਦੀ ਬਾਹੀ ਨਾਲ ਬਾਹੀ ਜੋੜ ਲਈ। ਸਿਰ ਨਾਲ ਸਿਰ ਜੋੜ ਕੇ ਸਲੋਚਨਾ ਗੱਲ ਕਰਦੀ ਸੀ ਕਿ ਗਿੱਠ ਤੋਂ ਦੂਰ ਉਸ ਦੀ ਆਵਾਜ਼ ਨਾ ਜਾਵੇ। ਸਿਰ ਨਾਲ ਸਿਰ ਜੋੜ ਕੇ ਰਮੇਸ਼ ਗੱਲ ਕਰਦਾ ਸੀ ਕਿ ਗਿੱਠ ਤੋਂ ਦੂਰ ਉਸ ਦੀ ਆਵਾਜ਼ ਨਾ ਜਾਵੇ। ਰਮੇਸ਼ ਦੇ ਕੰਨ ਨਾਲ ਸਲੋਚਨਾ ਦਾ ਮੂੰਹ ਜੁੜਿਆ ਹੁੰਦਾ ਤੇ ਫੇਰ ਸਲੋਚਨਾ ਦੇ ਕੰਨ ਨਾਲ ਰਮੇਸ਼ ਦਾ ਮੂੰਹ ਜੁੜ ਜਾਂਦਾ। ਬੁੱਢੀ ਖੰਘਦੀ ਤਾਂ ਉਨ੍ਹਾਂ ਦੇ ਬੁੱਲ੍ਹ ਮੀਚੇ ਜਾਂਦੇ। ਬੁੱਢੀ ‘ਹਰੇ ਰਾਮ’ ਕਹਿੰਦੀ ਤਾਂ ਉਨ੍ਹਾਂ ਦੇ ਸਾਹ ਰੋਕੇ ਜਾਂਦੇ। ਮੁਹੱਬਤ ਦੀ ਦੁਨੀਆਂ ਵਿੱਚ ਬੁੱਢੀ ਦਾਦੀ ਸਮਾਜ ਦਾ ਇੱਕ ਪੂਰਾ ਰੂਪ ਟੁੱਟੀ ਜਿਹੀ ਮੰਜੀ ਵਿੱਚ ਸੁੰਗੜਿਆ ਪਿਆ ਸੀ। ਜਿਸ ਤੋਂ ਸ਼ੇਰ ਵਰਗਾ ਡਰ ਮਾਰਦਾ ਸੀ।

ਸਲੋਚਨਾ ਦੇ ਮੱਥੇ ਨੂੰ ਹੱਥ ਲਾ ਕੇ ਰਮੇਸ਼ ਨੇ ਦੇਖਿਆ-'ਫਾਲੇ ਵਾਂਗ ਤਪਦਾ ਪਿਆ ਸੀ।'

ਚਿੱਠੀ ਦਾ ਜਵਾਬ

163