ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/169

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਓ ਲਈ ਚਾਹ ਬਣਾ ਕੇ ਦਿੱਤੀ ਸੀ। ਦੂਜੀ ਵਾਰ ਦੀ ਚਾਹ। ਟਾਹਲੀ ਦੇ ਰਸ ਮੋੜ ਵੜ੍ਹਾਂਗ ਦੀ ਅੱਗ ਛੇਤੀ ਨਹੀਂ ਸੀ ਬਲੀ ਤੇ ਚਾਹ ਬਣਨ ਵਿੱਚ ਖ਼ਾਸਾ ਚਿਰ ਲੱਗ ਗਿਆ ਸੀ। ਚੰਘਿਆੜਾਂ ਮਾਰਦੀ ਕੁੜੀ ਨੂੰ ਮਾਂ ਕੋਲ ਸਿੱਟ ਕੇ ਜਦ ਉਹ ‘ਸਰਦਾਰ’ ਦੇ ਘਰ ਪਹੁੰਚਿਆ ਸੀ ਤਾਂ ਉਹ ਉਸ ਨੂੰ ਚਾਰੇ ਪੈਰ ਚੁੱਕ ਕੇ ਪਿਆ ਸੀ। ਨਾਲ ਦੀ ਨਾਲ ਇੱਕ ਚਪੇੜ ਵੀ ਉਸ ਦੇ ਜੜ ਦਿੱਤੀ ਸੀ ਤੇ ਕੜਕਿਆ ਸੀ- 'ਹੁਣ ਮਹੀਆਂ ਖੋਲ੍ਹਣ ਦਾ ਵੇਲੈ, ਕਮੂਤਾ?' ਡੁਸਕਦੇ ਰੋਂਦੇ ਨੇ ਉਸ ਨੇ ਦਬਾਸਟ ਮੱਝਾਂ ਖੋਲ੍ਹ ਲਈਆਂ ਸਨ ਤੇ ‘ਸਰਦਾਰ’ ਦੇ ਬੰਬੇ ਵਾਲੇ ਖੇਤ ਵਿੱਚ ਜਾ ਕੇ ਲੰਮੇ ਖਾਲ਼ ਪਾ ਦਿੱਤੀਆਂ ਸਨ।

ਹੁਣ ਜਦੋਂ ਕਿ ਉਹ ਛੱਪੜ ਵਾਲੇ ਵੱਡੇ ਪਿੱਪਲ ਦੀਆਂ ਜੜ੍ਹਾਂ ਵਿੱਚ ਬੈਠਾ ਸੀ ਤੇ ਮੱਝਾਂ ਸਾਰੀਆਂ ਦੀਆਂ ਸਾਰੀਆਂ ਪਾਣੀ ਵਿੱਚ ਢੂਹਾ ਡੋਬੀਂ ਬੈਠੀਆਂ ਸਨ ਤਾਂ ਉਸ ਦੇ ਦਿਮਾਗ਼ ਵਿੱਚੋਂ ਇੱਕ ਗੱਲ ਨਿਕਲਦੀ ਸੀ, ਇੱਕ ਵੜਦੀ ਸੀ।

ਉਹਦਾ ਪਿਓ ਪਹਿਲੀ ਉਮਰ ਵਿੱਚ ਖੂਹ ਲਾਉਣ ਦਾ ਕੰਮ ਕਰਦਾ ਹੁੰਦਾ ਤੇ ਫੱਗਣ ਚੇਤ ਦੇ ਮਹੀਨੇ ਤੂਤਾਂ ਦੀਆਂ ਛਟੀਆਂ ਦੇ ਟੋਕਰੇ ਬਣਾਉਂਦਾ ਹੁੰਦਾ। ਹੌਲੀਂ-ਹੌਲੀਂ ਉਸ ਨੇ ਇਕ ਊਠ ਖਰੀਦ ਲਿਆ ਸੀ। ਪਹਿਲਾਂ-ਪਹਿਲਾਂ ਤਾਂ ਉਹ ਊਠ 'ਤੇ ਭਾੜਾ ਢੋਂਦਾ ਰਿਹਾ ਤੇ ਫਿਰ ਦੋ ਤਿੰਨ ਸਾਲਾਂ ਵਿੱਚ ਕਮਾਈ ਕਰਕੇ ਉਸ ਨੇ ਇਕ ਊੱਠ ਗੱਡੀ ਖਰੀਦ ਲਈ ਸੀ।

ਜੈਬੇ ਤੋਂ ਵੱਡੀ ਕੁੜੀ ਦਾ ਵਿਆਹ ਪਿਛਲੇ ਵਰ੍ਹੇ ਜਦ ਉਸ ਨੇ ਕੀਤਾ ਸੀ ਤਾਂ ਇੱਕ ਹਜਾਰ ਰੁਪਈਆ ‘ਸਰਦਾਰ’ ਤੋਂ ਵਿਆਜੂ ਲੈ ਲਿਆ ਸੀ। ਸਾਲ ਪਿੱਛੋਂ ਜਿਹੜਾ ਵਿਆਜ ਬੈਠਦਾ ਸੀ। ਉਹ ਤਾਂ ਉਸ ਨੇ ਏਸ ਸਾਲ ਦੇ ਦਿੱਤਾ ਸੀ, ਪਰ ਆਉਂਦੇ ਸਾਲ ਦੇ ਵਿਆਜ ਵਿੱਚ ਉਸ ਨੇ ਜੈਬੇ ਨੂੰ ‘ਸਰਦਾਰ’ ਦੀਆਂ ਪੰਜ ਮੱਝਾਂ ਦਾ ਪਾਲੀ ਲਾ ਦਿੱਤਾ ਸੀ।

ਜੈਬਾ ਸਾਰਾ ਹੀ ਤੇਰਾਂ ਚੌਦਾਂ ਸਾਲ ਦਾ ਸੀ। ਜਿੱਦਣ ਦੀ ਉਸ ਦੀ ਸੁਰਤ ਸੰਭਲੀ ਸੀ, ਉਸ ਨੂੰ ਲੱਗਦਾ ਸੀ ਕਿ ਜੰਮਦਾ ਹੀ ਉਹ ਕੰਮਾਂ ਵਿੱਚ ਪੈ ਗਿਆ ਹੈ। ਉਹ ਰੱਜ ਕੇ ਕਦੇ ਵੀ ਹਾਣੀਆਂ ਨਾਲ ਖੇਡਿਆ ਨਹੀਂ ਸੀ।

ਤੜਕੇ ਦੀ ਚਾਹ ਉਹ ‘ਸਰਦਾਰ’ ਦੇ ਘਰ ਆ ਕੇ ਪੀਂਦਾ ਹੁੰਦਾ। ਚਾਹ ਦੇ ਨਾਲ ਹੀ ਉਸ ਨੂੰ ਦੁਪਹਿਰ ਵਾਸਤੇ ਚਾਰ ਮਿੱਸੀਆਂ ਤੇ ਖਰਖਰੇ ਵਰਗੀਆਂ ਅਣਚੋਪੜੀਆਂ ਰੋਟੀਆਂ ਮਿਲ ਜਾਂਦੀਆਂ। ਨਾਲ ਨੂੰ ਦੋ ਗੰਢੇ ਜਾਂ ਅੰਬ ਦਾ ਆਚਾਰ। ਪਿਛਲੇ ਪਹਿਰ ਦੀ ਚਾਹ ਉਸ ਨੂੰ ਕਦੇ ਨਹੀਂ ਸੀ ਮਿਲੀ। ਆਥਣੇ ਜਦ ਉਹ ਮੱਝਾਂ ਲੈ ਕੇ ਘਰ ਆਉਂਦਾ ਤਾਂ ਮੱਝਾਂ ਨੂੰ ਕਿੱਲਿਆਂ ’ਤੇ ਬੰਨ੍ਹਣ ਤੋਂ ਪਿੱਛੋਂ ਹੋਰ ਵੀ ਛੋਟੇ ਮੋਟੇ ਕੰਮ ‘ਸਰਦਾਰ’ ਦੇ ਕਰਦਾ ਰਹਿੰਦਾ। ਰੋਟੀ ਜਦ ਪੱਕ ਜਾਂਦੀ ਤਾਂ ਸਿਲਵਰ ਦੇ ਕੌਲੇ ਵਿੱਚ ਦਾਲ ਪਵਾ ਕੇ ਤੇ ਚਾਰ ਰੋਟੀਆਂ ਲੈ ਕੇ ਘਰ ਨੂੰ ਆ ਜਾਂਦਾ।

ਜੈਬਾ ਪਿੱਪਲ ਦੀਆਂ ਜੜਾਂ ਵਿੱਚ ਬੈਠਾ ਓਥੇ ਹੀ ਥਾਂ ਦੀ ਥਾਂ ਟੇਢਾ ਹੋ ਗਿਆ ਸੀ। ਉਸ ਦੇ ਮਨ ਵਿੱਚ ਕਿਸ-ਕਿਸਮ ਦੇ ਖਿਆਲ ਫੁੱਟ ਰਹੇ ਸਨ। ਉਸ ਨੂੰ ਆਪਣੇ ਪਿਓ ਤੇ ਤਰਸ ਆ ਰਿਹਾ ਸੀ, ਜਿਹੜਾ ਸਾਰੀ ਦਿਹਾੜੀ ਊਠ ਗੱਡੀ ਵਾਹ ਕੇ ਸਾਰੇ ਟੱਬਰ ਦਾ ਢਿੱਡ ਮਸ੍ਹਾਂ ਤੋਰਦਾ ਸੀ। ਉਸ ਨੂੰ ਆਪਣੇ ਮਾਂ 'ਤੇ ਤਰਸ ਆ ਰਿਹਾ ਸੀ, ਜਿਹੜੀ ਦਿਨ ਵੇਲੇ ਲੋਕਾਂ ਦੇ ਘਰ ਗੋਲੇ ਧੰਦੇ ਕਰਦੀ ਫਿਰਦੀ ਤੇ ਆਥਣ ਵੇਲੇ ਭੱਠੀ 'ਤੇ ਦਾਣੇ ਭੁੰਨ੍ਹ ਕੇ ਡੰਗ ਦਾਣੇ ਕਰਕੇ ਲਿਆਉਂਦੀ। ਉਸ ਨੂੰ ਆਪਣੀ ਮਾਂ ’ਤੇ ਤਰਸ ਆ ਰਿਹਾ ਸੀ, ਜਿਹੜੀ ਦਿਨ ਵੇਲੇ ਲੋਕਾਂ ਦੇ ਘਰ ਗੋਲੇ ਧੰਦੇ

ਜੈਬਾ ਪਾਲੀ
169