ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਤੀਜਾ ਅਜੇ ਵਿਆਹਿਆ ਕੋਈ ਨਹੀਂ ਸੀ।

ਸੰਤੂ ਤੇ ਮੁੰਡੇ ਦੱਬਕੇ ਕਮਾਈ ਕਰਨ ਲੱਗੇ। ਉਨ੍ਹਾਂ ਕੋਲ ਘਰ ਦੀ ਜ਼ਮੀਨ ਵਾਹਵਾ ਸੀ। ਹਿੱਸੇ ਠੇਕੇ 'ਤੇ ਹੋਰ ਜ਼ਮੀਨ ਲੈਣ ਲੱਗ ਪਏ। ਕਮਾਈ ਜ਼ੋਰਾਂ ਦੀ ਪੈਣ ਲੱਗੀ ਪਈ। ਵੱਡਾ ਮੁੰਡਾ ਵਿਆਹਿਆ ਗਿਆ। ਤਿੰਨ ਕੁ ਸਾਲ ਬਾਅਦ ਉਸ ਤੋਂ ਛੋਟੇ ਨੂੰ ਵੀ ਸਾਕ ਹੋ ਗਿਆ। ਛੋਟੇ ਨੂੰ ਜਦ ਵਿਆਹੁਣ ਗਏ ਤਾਂ ਧੀ ਵਾਲਿਆਂ ਨੇ ਸਭ ਤੋਂ ਛੋਟੇ ਨੂੰ ਇੱਕ ਹੋਰ ਕੁੜੀ ਦੇ ਅਨੰਦ ਦੇ ਦਿੱਤੇ।

ਤਿੰਨੇ ਮੁੰਡੇ ਵਿਆਹੇ ਗਏ। ਤਿੰਨ ਨੂੰਹਾਂ ਜਦ ਘਰ ਆ ਗਈਆਂ। ਘਰ ਝਿਲਮਿਲ ਝਿਲਮਿਲ ਕਰਨ ਲੱਗ ਪਿਆ। ਮੁੰਡਿਆਂ ਦੀ ਮਾਂ ਤੋਂ ਚਾਅ ਨਹੀਂ ਸੀ ਚੱਕਿਆ ਜਾਂਦਾ। ਨੂੰਹਾਂ ਨੂੰ ਦੇਖ ਕੇ ਸੰਤੂ ਜਿਵੇਂ ਮੁੜਕੇ ਜ਼ੋਰ ਭਰ ਆਇਆ ਸੀ। ਉਹ ਜਵਾਨਾਂ ਵਾਂਗ ਕੰਮ ਕਰਦਾ। ਉਹ ਦੇ ਸਿਰ ’ਤੋਂ ਕਦੇ ਮੰਡਾਸਾ ਨਹੀਂ ਸੀ ਲੱਥਾ। ਖੱਬੀਖ਼ਾਨ ਘਰਾਂ ਵਿਚੋਂ ਉਹ ਘਰ ਗਿਣਿਆ ਜਾਣ ਲੱਗ ਪਿਆ।

ਦਿਨ ਲੰਘਦੇ ਗਏ...

ਮੁੰਡਿਆਂ ਦੇ ਅਗਾਂਹ ਮੁੰਡੇ ਹੋ ਗਏ। ਟੱਬਰ ਵਧਣ ਲੱਗ ਪਿਆ। ਸੰਤੂ ਦੀ ਉਮਰ ਵੱਡੀ ਹੁੰਦੀ ਗਈ। ਹੁਣ ਉਸ ਤੋਂ ਜਾਨ ਤੋੜਕੇ ਕੰਮ ਨਹੀਂ ਸੀ ਹੁੰਦਾ। ਉਹ ਦੇ ਹੱਡ ਮਾਸ ਛੱਡ ਗਏ ਸਨ। ਉਹ ਦਾ ਸਾਹ ਚੜ ਜਾਂਦਾ ਸੀ। ਹੁਣ ਉਹ ਦੇ ਵਿਚੋਂ ਕਣ ਘਟ ਗਿਆ ਸੀ। ਬਿਗਾਨੀਆਂ ਧੀਆਂ ਜਿੱਦਣ ਦੀਆਂ ਕੁੰਜੀਆਂ ਸਾਂਭ ਬੈਠੀਆਂ ਸਨ, ਓਦਣ ਤੋਂ ਉਸ ਦਾ ਗਲਾਚੀ ਘਿਉ ਖਾਣਾ ਤੇ ਦੁੱਧਾਂ ਦੇ ਛੰਨੇ ਸੜ੍ਹਾਕ ਜਾਣੇ ਮੁੱਕ ਗਏ ਸਨ। ਬੁੜ੍ਹੀ ਦੀ ਅਖ਼ਤਿਆਰੀ ਜਿੱਦਣ ਦੀ ਮੁੱਕ ਗਈ ਸੀ, ਓਦਣ ਤੋਂ ਸੰਤੂ ਸਾਰੇ ਟੱਬਰ ਨੂੰ ਕਿਤੋਂ ਬਾਹਰੋਂ ਆਇਆ ਬੰਦਾ ਲੱਗਦਾ ਸੀ।

ਅੱਧ ਦੀ ਢੇਰੀ ਜਿਹੜੀ ਸੰਤੁ ਦੇ ਨਾਉਂ ਸੀ, ਉਹ ਸਬੰਧੀ ਸਾਰਾ ਟੱਬਰ ਕਿਸੇ ਅੰਦਰਲੇ ਸੇਕ ਨਾਲ ਤਿਭਕਦਾ ਰਹਿੰਦਾ-'ਕਿਤੇ ਧੌਲ ਦਾੜ੍ਹੀਆਂ ਕਿਸੇ ਵੈਲ ’ਚ ਨਾ ਪੈ ਜੇ। ਆਵਦੀ ਢੇਰੀ ਕਿਤੇ ਅੰਦਰ ਖਾਤੇ ਬੈਅ ਨਾ ਕਰਦੇ। ਕਿਤੇ ਕਿਸੇ ਭਾਣਜੇ ਨਾਲ ਮੋਹ ਨਾ ਪਾ ਬੈਠੇ।'

ਉੱਤੋਂ ਉੱਤੋਂ ਸਾਰਾ ਟੱਬਰ ਉਸ ਦੀ ਸੇਵਾ ਕਰਦਾ। ਬਹੂਆਂ ਉਸ ਦੇ ਕੱਪੜੇ ਚੌਥੇ ਦਿਨ ਧੋ ਦਿੰਦੀਆਂ। ਸੱਤਵੇਂ ਦਿਨ ਉਹ ਨੂੰ ਕੇਸੀਂ ਨ੍ਹਵਾਉਂਦੀਆਂ। ਛੋਟੇ ਛੋਟੇ ਜਵਾਕ ਉਹ ਦੀਆਂ ਟੰਗਾਂ ਘੁੱਟਦੇ ਰਹਿੰਦੇ, ਪਰ ਵਿਚੋਂ ਸਾਰਾ ਟੱਬਰ ਚਾਹੁੰਦਾ ਕਿ ਕਦੋਂ ਬੁੜਾ ਮਰੇ ਤੇ ਮੰਜੀ ਛੱਡੇ।

ਐਨੀ ਸੇਵਾ ਹੁੰਦਿਆਂ ਵੇ ਕਦੇ ਕਦੇ ਸੰਤੂ ਨੂੰ ਖ਼ਿਆਲ ਆਉਂਦਾ-‘ਇੱਥੇ ਮੇਰਾ ਕੌਣ ਹੈ?" ਪਰ ਕਦੇ ਕਦੇ ਉਸ ਦੇ ਦਿਮਾਗ਼ ਵਿੱਚ ਇਹ ਗੱਲ ਵੀ ਵਸ ਜਾਂਦੀ ਕਿ ਇਹ ਸਾਰਾ ਪਰਿਵਾਰ ਮੇਰਾ ਹੀ ਤਾਂ ਹੈ। ਉਸ ਨੂੰ ਮਹਿਸੂਸ ਹੁੰਦਾ ਕਿ ਸਾਰਾ ਟੱਬਰ ਜਿਹੜਾ ਉਸ ਦੇ ਪੈਰਾਂ ਥੱਲੇ ਹੱਥ ਦਿੰਦਾ ਫਿਰਦਾ ਹੈ, ਜੇ ਉਹ ਦਾ ਕੁਝ ਲੱਗਦਾ ਹੈ ਤਾਂ ਹੀ ਤਾਂ ਇਉਂ ਕਰਦਾ ਹੈ, ਨਹੀਂ ਤਾਂ ਦੂਜਾ ਇਉਂ ਕਿਉਂ ਕਰੇ।

ਇਸ ਵਾਰੀ ਸਿਆਲ ਦੀ ਰੁੱਤ ਅਜੇ ਚੜ੍ਹੀ ਹੀ ਸੀ। ਕਹਿੰਦੇ ਪਾਲਾ ਜਾ ਤਾਂ ਆਉਂਦਾ ਮਾਰ ਕਰਦਾ ਹੈ ਜਾਂ ਜਾਂਦਾ ਮਾਰ ਕਰਦਾ ਹੈ। ਪੋਹ-ਮਾਘ ਦੀ ਠੰਡ ਨਾਲੋਂ

172

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ