ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਗੱਲ ਕਰਦਾ। ਖਾਣ-ਪੀਣ ਤੇ ਕੱਪੜੇ ਲੀੜੇ ਦੀਆਂ ਗੱਲਾਂ ਤੋਰ ਕੇ ਉਨ੍ਹਾਂ ਦੇ ਮਹਿੰਗੇ ਭਾਅ ਦੀ ਗੱਲ ਤੋਰਦਾ। ਆਪਣੇ ਵੱਡੇ ਪਰਿਵਾਰ ਦੇ ਰੌਣੇ ਰੋਏ। ਮੈਨੂੰ ਮਹਿਸੂਸ ਹੋਇਆ ਕਿ ਉਹ ਵਿਚਾਰਾਂ ਸੱਚੀ ਦੁਖੀ ਹੈ। ਸਮਾਜ ਦੀ ਕਾਣੀ ਵੰਡ ਵਿੱਚ ਹਰ ਸਧਾਰਨ ਮਨੁੱਖ ਦੁਖੀ ਹੈ। ਪਲੇਟਫਾਰਮ 'ਤੇ ਪਲੋ ਪਲੀ ਭੀੜ ਵਧ ਰਹੀ ਸੀ। ਅੱਧੇ ਚੜ੍ਹਨ ਵਾਲੇ, ਅੱਧੇ ਚੜ੍ਹਾਉਣ ਵਾਲੇ ਤੇ ਉਤਰਨ ਵਾਲਿਆਂ ਨੂੰ ਘਰ ਲਿਜਾਣ ਵਾਲੇ। ਗੱਡੀ ਦਾ ਖੜਾਕ ਸੁਣਿਆ ਤਾਂ ਸਾਰੇ ਪਲੇਟਫਾਰਮ 'ਤੇ ਦਗੜ ਦਗੜ ਸ਼ੁਰੂ ਹੋ ਗਈ। ਬੈਂਚ 'ਤੇ ਪਏ ਛਿੱਕੂ ਨੂੰ ਜਦ ਮੈਂ ਹੱਥ ਪਾਇਆ ਤਾਂ ਛਿੱਕੂ ਮੇਰੇ ਹੱਥ ਵਿਚੋਂ ਮੇਰੇ ਕੋਲ ਬੈਠੇ ਉਸ ਖੱਟੀ ਪੱਗ ਵਾਲੇ ਬੰਦੇ ਨੇ ਫੜ ਲਿਆ। ਮੈਨੂੰ ਕਹਿੰਦਾ-'ਲਿਆਓ, ਸਰਦਾਰ ਜੀ, ਮੈਂ ਚੜ੍ਹਾ ਦਿਆਂ।' ਮੈਂ ਜ਼ੋਰ ਲਾਇਆ-'ਨਹੀਂ, ਬਈ ਨਹੀਂ, ਮੈਂ ਆਪੇ ਚੜ੍ਹਾ ਲੂੰ। ਪਰ ਉਹ ਖਹਿੜੇ ਪੈ ਗਿਆ ਤੇ ਜਿਸ ਪਹਿਲੇ ਦਰਜੇ ਦੇ ਡੱਬੇ ਵਿੱਚ ਮੈਂ ਚੜ੍ਹਿਆ, ਉਸ ਬੰਦੇ ਨੇ ਮੇਰਾ ਛਿੱਕੂ ਉਸ ਡੱਬੇ ਦੀ ਇੱਕ ਸੀਟ 'ਤੇ ਲਿਆ ਕੇ ਰੱਖ ਦਿੱਤਾ। ਡੱਬੇ ਵਿੱਚ ਇੱਕ ਆਦਮੀ ਸਿਰਫ਼ ਹੋਰ ਸੀ। ਉਤਲੀ ਸੀਟ 'ਤੇ ਪਿਆ ਹੋਇਆ। ਸਰ੍ਹਾਣੇ ਆਪਣੇ ਅਟੈਚੀ ਕੇਸ ਦਾ ਸਰ੍ਹਾਣਾ ਬਣਾਇਆ ਹੋਇਆ ਸੀ। ਖੱਟੀ ਪੱਗ ਵਾਲਾ ਉਹ ਬੰਦਾ-ਗੱਡੀ ਨੇ ਜਦ ਕੂਕ ਮਾਰੀ-ਮੈਨੂੰ ਸਤਿ ਸ੍ਰੀ ਅਕਾਲ ਆਖ ਕੇ ਮੇਰੇ ਡੱਬੇ ਵਿਚੋਂ ਥੱਲੇ ਉਤਰਨ ਲੱਗਿਆ। ਆਪਣੀ ਜੇਬ੍ਹ ਵਿਚੋਂ ਇੱਕ ਰੁਪਈਆ ਕੱਢ ਕੇ ਉਸ ਨੂੰ ਪੇਸ਼ ਕੀਤਾ। ਉਸ ਨੇ ਸਿਰ ਮਾਰ ਦਿੱਤਾ ਤੇ ਹੱਥ ਬੰਨ੍ਹ ਕੇ ਮੈਨੂੰ ਕਹਿੰਦਾ-'ਇਹ ਖੇਚਲ ਨਾ ਕਰੋ, ਸਰਦਾਰ ਸਾਹਿਬ।' ਮੱਲੋਂ ਮੱਲੀ ਰੁਪਈਆ ਮੈਂ ਉਸ ਦੀ ਜੇਬ ਵਿੱਚ ਪਾ ਦਿੱਤਾ ਤੇ ਉਹ ਮੇਰੇ ਵਾਲੇ ਡੱਬੇ ਵਿਚੋਂ ਉਤਰ ਕੇ ਨਾਲ ਦੇ ਤੀਜੇ ਦਰਜੇ ਦੇ ਡੱਬੇ ਵਿੱਚ ਜਾ ਚੜ੍ਹਿਆ।

ਉਸ ਬੰਦੇ ਦੇ ਰੁਪਈਆ ਨਾ ਲੈਣ ’ਤੇ ਮੇਰੇ ਵੱਲੋਂ ਰੁਪਈਆ ਦੇਣ ਦੇ ਜ਼ੋਰ ਪਾਉਂਣ 'ਤੇ ਅਸੀਂ ਦੋਵੇਂ ਉੱਚੀ ਉੱਚੀ ਬੋਲਣ ਲੱਗ ਪਏ ਸਾਂ। ਸਾਡੀਆਂ ਕੁੜਦੀਆਂ ਤਿੱਖੀਆਂ ਅਵਾਜ਼ਾਂ ਨੂੰ ਸੁਣ ਕੇ ਉਤਲੀ ਸੀਟ 'ਤੇ ਪਏ ਦੂਜੇ ਮੁਸਾਫ਼ਰ ਨੂੰ ਜਾਗ ਆ ਗਈ ਸੀ, ਉਹ ਉੱਠ ਕੇ ਬੈਠ ਗਿਆ ਸੀ। ਗੱਡੀ ਜਦ ਚੱਲ ਪਈ ਤਾਂ ਉਹ ਮੈਨੂੰ ਕਹਿੰਦਾ-'ਸੋਨੇ ਕਾ ਸਮਯ ਹੈ, ਸਰਦਾਰ ਜੀ, ਥੋੜ੍ਹਾ ਧੀਰੇ ਤੋ ਬੋਲਨਾ ਚਾਹੀਏ ਥਾ।' ਮੈਂ ਉਸ ‘ਰਾਏ ਸਾਹਿਬ' ਤੋਂ ਮਾਫ਼ੀ ਮੰਗੀ ਤੇ ਦਿਲ ਵਿੱਚ ਉਸ ਨੂੰ ਇੱਕ ਕਰਾਰੀ ਜਿਹੀ ਗਾਲ੍ਹ ਕੱਢ ਕੇ ਆਪਣੀ ਸੀਟ ’ਤੇ ਲਿਟ ਗਿਆ।

‘ਸੇਖਾ` ਸਟੇਸ਼ਨ ਆਇਆ ਤੇ ਮੈਂ ਬੈਠਾ ਹੋ ਗਿਆ। ਸਵਾਰੀਆਂ ਉਤਰੀਆਂ ਬਹੁਤੀਆਂ, ਚੜ੍ਹੀਆਂ ਘੱਟ। ਉਤਲੀ ਸੀਟ 'ਤੇ ਪਿਆ ਮੇਰੇ ਨਾਲ ਦਾ ਮੁਸਾਫ਼ਰ ਘੂਕ ਸੁੱਤਾ ਪਿਆ ਸੀ। ਪਤਾ ਨਹੀਂ ਕਿੱਡੀ ਕੁ ਦੂਰ ਤੋਂ ਆ ਰਿਹਾ ਹੋਵੇਗਾ। ਸਟੇਸ਼ਨ 'ਤੇ ਗੱਡੀ ਜਦ ਆ ਕੇ ਰੁਕੀ ਸੀ ਤਾਂ ਮੈਂ ਕੀ ਦੇਖਿਆ ਕਿ ਉਸ ਦੇ ਸਰ੍ਹਾਣੇ ਪਏ ਅਟੈਚੀ ਨਾਲੋਂ ਉਸ ਦਾ ਸਿਰ ਕੁਝ ਵਿੱਥ 'ਤੇ ਹੋ ਗਿਆ ਸੀ ਜਾਂ ਸ਼ਾਇਦ ਅਟੈਚੀ ਪਿੱਛੇ ਨੂੰ ਖਿਸਕ ਗਿਆ ਸੀ। ਗੱਡੀ ਰੁਕਣ ’ਤੇ ਦੇਖਿਆ ਸੀ ਤੇ ਆਪਣਾ ਸਿਰ ਥੱਲੇ ਕਰ ਲਿਆ ਸੀ। ਹਰ ਮੁਸਾਫ਼ਰ ਆਪਣੇ ਸਮਾਨ ਦੀ ਤਸੱਲੀ ਕਰਦਾ ਹੈ ਤੇ ਉਸ ਨੇ ਵੀ ਕੀਤੀ ਸੀ। ਗੱਡੀ ਚੱਲ ਪਈ।

ਮੈਂ ਦਿਨ ਦੀ ਭੱਜ ਦੌੜ ਵਿੱਚ ਕੁਝ ਥੱਕਿਆ ਹੋਇਆ ਸਾਂ, ਇਸ ਕਰਕੇ ਮੈਨੂੰ ਨੀਂਦ ਆ ਗਈ। ਗੱਡੀ ਦੇ ਹਿਲੋਰੇ ਵੱਜ ਵੱਜ ਨੀਂਦ ਦਾ ਸੁਆਦ ਕੁਝ ਵਧ ਗਿਆ ਸੀ। ਨੀਂਦ

ਮਨ ਹੋਰ ਮੁੱਖ ਹੋਰ

175