ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਮਾ, ਤੂੰ ਤਾਂ ਪਈ ਰਿਹਾ ਕਰ ਹੁਣ ਬੱਸ।' ਉਹ ਨੂੰ ਔਖੀ ਜਿਹੀ ਹੁੰਦੀ ਦੇਖ ਕੇ ਚੰਦਨ ਨੇ ਕਿਹਾ।

‘ਵੇ ਪੁੱਤ, ਕੀ ਕਰਾਂ...' ਮਾਂ ਦਾ ਲੰਬਾ ਹਉਕਾ ਨਿਕਲ ਗਿਆ।

ਪਾਣੀ ਦੀ ਬਾਲਟੀ ਭਰ ਕੇ ਨਹਾਉਣ ਤੋਂ ਪਹਿਲਾਂ ਉਹ ਆਪਣੀ ਪੈਂਟ-ਬੁਸ਼ਰਟ ਧੋਣ ਲੱਗਿਆ।

‘ਪਾਪਾ, ਮੇਰੇ ਵੀ.....' ਕੁਲਜੀਤ ਆਪਣੀ ਰੈਡੀਮੇਡ ਲਾਲ ਨਿੱਕਰ ਤੇ ਚਿੱਟੀ ਜ਼ਮੀਨ ’ਤੇ ਨੀਲੀਆਂ ਧਾਰੀਆਂ ਵਾਲੀ ਬੁਸ਼ਰਟ ਸੁੱਟ ਕੇ ਕਿਲਕਾਰੀਆਂ ਮਾਰਦਾ ਬਾਹਰ ਨੂੰ ਭੱਜ ਗਿਆ।

ਸਬ੍ਹਾਤ ਦੇ ਜੰਗਲੇ 'ਤੇ ਉਹ ਧੋਤੇ ਹੋਏ ਕੱਪੜਿਆਂ ਨੂੰ ਸੁੱਕਣੇ ਪਾਉਣ ਗਿਆ ਤਾਂ ਉਸ ਨੇ ਦੇਖਿਆ, ਦੋਵੇਂ ਬੁਸ਼ਰਟਾਂ ਦੇ ਕਾਲਰਾਂ ਦੀ ਅੰਦਰਲੀ ਮੈਲ ਚੰਗੀ ਤਰ੍ਹਾਂ ਲਹੀ ਨਹੀਂ। ਉਸ ਨੂੰ ਆਪਣੇ ਆਪ 'ਤੇ ਖਿਝ ਨਹੀਂ ਆਈ। ਦੇਵਾ ਤੋਂ ਇੰਝ ਹੋ ਜਾਂਦਾ, ਉਹ ਬੁਸ਼ਰਟ ਨੂੰ ਨਾਲੀ ਵਿੱਚ ਵਗਾਹ ਮਾਰਦਾ।

ਉਹ ਨੇ ਦਾੜ੍ਹੀ ਨੂੰ ਫਿਕਸਰ ਲਾ ਕੇ ਨਹੀਂ ਬੰਨ੍ਹਿਆ। ਸਰ੍ਹੋਂ ਦੇ ਤੇਲ ਦੀ ਉਂਗਲ ਲਾ ਕੇ ਥਿੰਦੀ ਕੀਤੀ ਦਾੜ੍ਹੀ ਨੂੰ ਬੁਰਸ਼ ਕੀਤਾ ਤੇ ਢਾਠੀ ਬੰਨ੍ਹ ਲਈ। ਸਬ੍ਹਾਤ ਵਿੱਚ ਪੱਖੇ ਥੱਲੇ ਬੈਠ ਕੇ ਉਸ ਮਹੀਨੇ ਦਾ ਇੱਕ ਮਾਸਕ ਪੱਤਰ ਪੜ੍ਹਨ ਲੱਗਿਆ। ਮਿਹਰ ਰੋਟੀ ਲੈ ਆਇਆ। ਅੱਧੀ ਪੜ੍ਹੀ ਕਹਾਣੀ ਪਰ੍ਹਾਂ ਰੱਖ ਕੇ ਉਸ ਨੇ ਛੋਟਾ ਮੇਜ਼ ਖਾਲੀ ਕੀਤਾ ਤੇ ਉਸ ’ਤੇ ਰੋਟੀ ਰੱਖ ਕੇ ਖਾਣ ਲੱਗਿਆ। ਕੱਦੂ ਦੀ ਸਬਜ਼ੀ ਵਿੱਚ ਮਿਰਚਾਂ ਬੇਹੱਦ ਸਨ ਤੇ ਲੂਣ ਨਾ-ਮਾਤਰ। ਦੇਵਾਂ ਇਸ ਤਰ੍ਹਾਂ ਕਦੇ ਕਰ ਦਿੰਦੀ ਤਾਂ ਰੋਟੀ ਵਾਲੀ ਥਾਲੀ ਕੰਧ ਨਾਲ ਵੱਜਦੀ। ਮਿਹਰ ਨੂੰ ਹਾਕ ਮਾਰ ਕੇ ਉਸ ਨੇ ਲੂਣ ਮੰਗਵਾਇਆ ਤੇ ਸਬਜ਼ੀ ਵਿੱਚ ਚੂੰਢੀ ਕੁ ਬਰੂਰ ਲਿਆ। ਅੱਜ ਰੋਟੀਆਂ ਵੀ ਮਿਹਰ ਨੇ ਚੰਗੀ ਤਰ੍ਹਾਂ ਨਹੀਂ ਰਾਹੜੀਆਂ ਸਨ। ਉਹ ਨੇ ਐਨਾ ਹੀ ਪੁੱਛਿਆ, 'ਕਦੇ-ਕਦੇ ਕੀ ਹੋ ਜਾਂਦੈ, ਮਿਹਰ ਤੈਨੂੰ?' ਮਿਹਰ ਸਿਰਫ਼ ਮੁਸਕਰਾਇਆ। ਕੁਲਜੀਤ ਨੇ ਸਬਜ਼ੀ ਨਹੀਂ ਖਾਧੀ। ਜੇਠੁ ਬਾਣੀਏ ਦੀ ਹੱਟ ਤੋਂ ਪੱਚੀ ਪੈਸਿਆਂ ਦੀ ਸ਼ੱਕਰ ਲੈ ਆਇਆ ਦੇਸੀ ਘਿਓ ਦੇ ਦੋ ਚਮਚੇ ਪਾ ਕੇ ਮਜ਼ੇ ਨਾਲ ਰੋਟੀ ਖਾਣ ਲੱਗਿਆ। ਜਿੱਦਣ ਦੀ ਦੇਵਾਂ ਮਰੀ ਸੀ, ਚੰਦਨ ਸ਼ਾਹਕੋਟ ਤੋਂ ਸਬਜ਼ੀ ਕਦੇ ਨਹੀਂ ਲੈ ਕੇ ਆਇਆ। ਮਿਹਰ ਹੀ ਪਿੰਡ ਵਿੱਚ ਫਿਰਦੇ ਕਿਸੇ ਸਾਈਕਲ ਵਾਲੇ ਤੋਂ ਸਬਜ਼ੀ ਖਰੀਦਦਾ, ਨਹੀਂ ਤਾਂ ਆਲੂ ਚੱਲਦੇ ਰਹਿੰਦੇ ਤੇ ਜਾਂ ਮੂੰਗੀ ਦੀ ਦਾਲ।

ਰੋਟੀ-ਟੁੱਕ ਦਾ ਸਾਰਾ ਕੰਮ ਨਿਬੇੜ ਕੇ ਮਿਹਰ ਨੇ ਆਪਣੇ ਕੱਪੜੇ ਧੋਤੇ, ਦਾਦੀ ਦੀ ਤੰਬੀ ਵੀ ਧੋ ਦਿੱਤੀ ਤੇ ਫਿਰ ਸਕੂਲ ਦਾ ਕੰਮ ਕਰਨ ਲੱਗਿਆ। ਬੁੜ੍ਹੀ ਨੇ ਦੋ ਰੋਟੀਆਂ ਚਪੋਲ ਕੇ ਖਾ ਲਈਆਂ ਤੇ ਗੱਲਾਂ ਮਾਰਨ ਅਗਵਾੜ ਵਿੱਚ ਕਿਸੇ ਦੇ ਘਰ ਜਾ ਬੈਠੀ। ਚੰਦਨ ਕੁਝ ਦਰ ਤੱਕ ਤਾਂ ਬਾਕੀ ਦੀ ਕਹਾਣੀ ਪੜ੍ਹਦਾ ਰਿਹਾ ਤੇ ਫਿਰ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਉਹ ਦੀ ਅੱਖ ਨਹੀਂ ਲੱਗ ਰਹੀ ਸੀ। ਉਹ ਨੂੰ ਚਿੰਤਾ ਸੀ, ਕੁਲਜੀਤ ਬਾਹਰ ਨੂੰ ਕਿਧਰੇ ਦੌੜ ਗਿਆ ਹੈ, ਧੁੱਪ ਵਿੱਚ ਅਵਾਰਾ ਮੁੰਡਿਆਂ ਨਾਲ ਖੇਡਦਾ ਫਿਰੇਗਾ, ਗਰਮੀ ਲੱਗ ਗਈ ਤਾਂ ਇਲਾਜ ਕਰਵਾਉਂਣਾ ਮੁਸ਼ਕਲ ਹੋ ਜਾਵੇਗਾ। ਅੱਗੇ ਤਾਂ ਦੇਵਾਂ ਸੀ, ਹੁਣ ਉਸ ਦੀ ਕੌਣ ਸੰਭਾਲ ਕਰੇਗਾ। ਉਸ ਨੇ ਮਿਹਰ ਨੂੰ ਆਖਿਆ ਕਿ ਉਹ

18

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ