ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਤੇ ਓਦੋਂ ਮੈਂ ਦੇਸ਼ ਉਸਾਰੀ ਦੀਆਂ ਕਵਿਤਾਵਾਂ ਪੜ੍ਹਦਾ ਹੁੰਦਾ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਦੇਸ਼ ਵਿੱਚ ਉਸਾਰੀ ਕਿਤੇ ਹੋ ਵੀ ਰਹੀ ਹੈ ਜਾਂ ਨਹੀਂ, ਬੱਸ ਮੈਨੂੰ ਤਾਂ ਇਹੀ ਹੈਂਕੜ ਸੀ ਕਿ ਮੈਂ ਰੇਡੀਓ ਕਵੀ ਹਾਂ ਤੇ ਰੇਡੀਓ ਵਾਲੇ ਮੈਨੂੰ ਮਾਇਆ ਦੇ ਚੰਗੇ ਛਾਂਦੇ ਦਿੰਦੇ ਹਨ। ਫਿਰ ਇੱਕ ਐਸਾ ਸਮਾਂ ਆਇਆ, ਜਦੋਂ ਸਰਕਾਰ ਥਾਂ-ਥਾਂ ਕਵੀ ਦਰਬਾਰ ਕਰਵਾਉਂਦੀ ਹੁੰਦੀ। ਮੈਂ ਉਨ੍ਹਾਂ ਕਵੀ ਦਰਬਾਰਾਂ ਵਿੱਚ ਵੀ ਅੱਡੀਆਂ ਚੁੱਕ ਚੁੱਕ ਬੋਲਦਾ ਰਿਹਾ। ਇੱਕ ਕਵਿਤਾ ਬੋਲਣ ਦੇ ਤੀਹ ਰੁਪਈਏ ਮਿਲ ਜਾਂਦੇ ਸਨ। ਏਦੂ ਚੰਗਾ ਹੋਰ ਵਪਾਰ ਮੇਰੇ ਲਈ ਕਿਹੜਾ ਸੀ।

ਉਦੋਂ ਤਾਂ ਸਰਕਾਰੀ ਰਸਾਲਿਆਂ ਵਿੱਚ ਵੀ ਮੇਰੀਆਂ ਕਵਿਤਾਵਾਂ ਛਪਦੀਆਂ ਹੁੰਦੀਆਂ ਸਨ। ਦੂਜੇ ਤੀਜੇ ਮਹੀਨੇ ਮੈਨੂੰ ਮਨੀਆਰਡਰ ਆਇਆ ਹੀ ਰਹਿੰਦਾ। ਫੇਰ ਜਦ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਪਿਛੋਂ ਪਾਕਿਸਤਾਨ ਨੇ ਸਾਡੇ ਨਾਲ ਜੰਗ ਛੇੜ ਲਈ, ਓਦੋਂ ਵੀ ਮੈਂ ਆਪਣੀਆਂ ਕਵਿਤਾਵਾਂ ਵਿੱਚ-ਟੈਂਕਾਂ ਦੇ ਚੰਗੇ ਪੀਪੇ ਬਣਾਏ। ਉਹ ਦੋ ਜੰਗਾਂ ਕਾਹਦੀਆਂ ਛਿੜੀਆਂ, ਦੋ ਤਿੰਨ ਸਾਲ ਕਵੀ ਦਰਬਾਰਾਂ ਦੀ ਮੈਨੂੰ ਵਧੀਆ ਆਮਦਨ ਹੁੰਦੀ ਰਹੀ।

ਪਰ ਦੇਸ਼ ਵਿੱਚ ਉਸਾਰੀ ਘੱਟ ਹੋ ਰਹੀ ਸੀ ਤੇ ਉਸਾਰੀ ਦੀ ਡੱਫ਼ ਬਹੁਤੀ ਵੱਜ ਰਹੀ ਸੀ। ਪੈਸੇ ਤਾਂ ਕੰਜਰ ਵੀ ਬਥੇਰੇ ਕਮਾ ਲੈਂਦੇ ਹਨ। ਕਲਾ ਕਦੇ ਕੰਜਰੀ ਨਹੀਂ ਬਣਦੀ ਹੁੰਦੀ। ਤੇ ਮੈਂ ਫਿਰ ਸਮਝਣ ਲੱਗ ਪਿਆ ਸਾਂ ਕਿ ਮੇਰੀ ਕਵਿਤਾ ਕੰਜਰੀ ਬਣ ਕੇ ਚਕਲੇ ਬੈਠ ਗਏ ਈ।

ਅਜਿਹੀ ਕਵਿਤਾ ਲਈ ਮੇਰੀ ਆਤਮਾ ਵਿੱਚ ਨਫ਼ਰਤ ਜਾਗ ਉੱਠੀ।

ਹੁਣ ਮੈਂ ਅਜਿਹੀ ਕਵਿਤਾ ਬਿਲਕੁੱਲ ਨਹੀਂ ਲਿਖ ਸਕਦਾ। ਮੇਰੀ ਭਤੀਜੀ ਅਲਕਾ ਅਜੇ ਵੀ ਚਾਹੁੰਦੀ ਹੈ ਕਿ ਮੈਂ ਉਸ ਨੂੰ ਓਹੋ ਜਿਹੀ ਕਵਿਤਾ ਲਿਖ ਕੇ ਦੇਵਾਂ, ਜਿਹੋ ਜਿਹੀ ਓਦੋਂ ਮੈਂ ਉਸ ਨੂੰ ਲਿਖ ਕੇ ਦਿੱਤੀ ਸੀ ਤੇ ਉਸ ਨੂੰ ਇਨਾਮ ਮਿਲਿਆ ਸੀ। ਦੇਸ਼ ਉਸਾਰੀ ਦੀ ਕਵਿਤਾ, ਜਿਸ ਨੂੰ ਇਨਾਮ ਮਿਲ ਹੀ ਜਾਂਦਾ ਹੈ। ਅਲਕਾ ਨੂੰ ਮੈਂ ਕਿਵੇਂ ਸਮਝਾਵਾਂ ਕਿ ਹੁਣ ਮੈਂ ਅਜਿਹੀ ਕਵਿਤਾ ਨਹੀਂ ਲਿਖ ਸਕਦਾ।

ਹੁਣੇ ਜਦੋਂ ਕਿ ਮੈਂ ਇਹ ਕਹਾਣੀ ਲਿਖ ਰਿਹਾ ਹਾਂ, ਮੇਰਾ ਬੁੱਢਾ ਪਿਓ-ਦਮੇ ਨਾਲ ਦੂਹਰਾ ਹੋ ਹੋ ਜਾਂਦਾ-ਮੇਰੇ ਸਰ੍ਹਾਣਿਓਂ ਉੱਠ ਕੇ ਗਿਆ ਹੈ। ਉਹ ਮੈਥੋਂ ਪੰਜ ਰੁਪਈਏ ਮੰਗ ਰਿਹਾ ਸੀ, ਜਿਹੜੇ ਕਿ ਉਸ ਨੇ ਪਟਵਾਰੀ ਨੂੰ ਰਿਸ਼ਵਤ ਦੇਣੇ ਹਨ। ਉੱਨੀ ਸੌ ਪਚਵੰਜਾ ਵਿੱਚ ਜਦੋਂ ਬਹੁਤੇ ਮੀਂਹ ਪਏ ਸਨ ਤੇ ਹੜ੍ਹ ਆ ਗਏ ਸਨ, ਓਦੋਂ ਸਰਕਾਰ ਨੇ ਲੋਕਾਂ ਨੂੰ ਢਹੇ ਘਰ ਮੁਰੰਮਤ ਕਰਨ ਲਈ ਤੇ ਖੇਤਾਂ ਵਿੱਚ ਬੀਅ ਪਾਉਣ ਲਈ ਰੁਪਈਏ ਦਿੱਤੇ ਸਨ। ਬਾਪੂ ਵੀ ਓਦੋਂ ਸੱਤਰ ਰੁਪਈਏ ਲੈ ਆਇਆ ਸੀ। ਫਿਰ ਅੱਠ ਨੌਂ ਸਾਲਾਂ ਬਾਅਦ ਸਰਕਾਰ ਨੇ ਉਹ ਰੁਪਈਏ ਉਗਰਾਹੁਣੇ ਸ਼ੁਰੂ ਕਰ ਦਿੱਤੇ। ਹਰ ਸਾਲ ਬਾਪੂ ਦੇ ਪੁੜਿਆਂ 'ਤੇ ਪਟਵਾਰੀ ਅੰਗ ਮਚਾ ਦਿੰਦਾ ਤੇ ਹਰ ਸਾਲ ਹੀ ਬਾਪੂ ਪੰਜ ਰੁਪਈਏ ਦੇ ਕੇ ਪਟਵਾਰੀ ਨੂੰ ਚੁੱਪ ਕਰਾ ਦਿੰਦਾ ਹੈ। ਪੰਜ ਸਾਲ ਹੋ ਗਏ ਬਾਪੂ ਨੂੰ ਪੰਜ-ਪੰਜ ਰੁਪਈਏ ਦਿੰਦੇ ਨੂੰ, ਪਰ ਸੱਤਰ ਰੁਪਈਏ ਉਹ ਨਹੀਂ ਮੋੜਦਾ। ਪਟਵਾਰੀ ਅੰਦਰਲੇ ਮਨੋਂ ਕਹਿੰਦਾ ਹੈ ਕਿ ਸੱਤਰ ਰੁਪਈਏ ਉਹ ਮੋੜ ਦੇਵੇ।

184

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ