ਅੱਜ ਠੰਡ ਬੜੀ ਹੈ। ਮੈਂ ਰਜ਼ਾਈ ਵਿੱਚ ਬੈਠਾ ਲਿਖ ਰਿਹਾ ਹਾਂ। ਮੇਰੇ ਕੋਲ ਮੇਰਾ ਵੱਡਾ ਮੁੰਡਾ ਸੁੱਤਾ ਪਿਆ ਹੈ। ਮੇਰੀ ਘਰ ਵਾਲੀ ਹੁਣੇ ਮੇਰੇ ਪੈਂਦੀ ਬੈਠੀ ਸੀ ਤੇ ਮੇਰੇ ਨਾਲ ਝਗੜ ਕੇ ਰਸੋਈ ਵਿੱਚ ਚਲੀ ਗਈ ਹੈ ਤੇ ਭਾਂਡੇ ਮਾਂਜਣ ਲੱਗ ਪਈ ਹੈ। ਮੇਰੇ ਨਾਲ ਉਹ ਝਗੜ ਕੇ ਗਈ ਹੈ ਕਿ ਮੈਂ ਦੋ ਮਹੀਨੇ ਹੋ ਗਏ, ਚੌਵੀ ਰੁਪਈਏ ਉਸ ਨੂੰ ਕਿਉਂ ਨਹੀਂ ਦਿੰਦਾ, ਜਿਹੜੇ ਉਸ ਨੇ ਹੇਠਲੇ ਉਤਲੇ ਸਾਰੇ ਦੰਦ ਨਿਕਲਿਆਂ ਵਾਲੀ ਕੁੱਜੇ ਮੂੰਹੀਂ ਇੱਕ ਰੰਡੀ ਤੀਵੀਂ ਦੇ ਦੇਣੇ ਹਨ। ਦੋ ਰੁਪਏ ਮਹੀਨਾ ਸੈਂਕੜਾ ਦੇ ਹਿਸਾਬ ਉਸ ਨੇ ਇੱਕ ਸੌ ਰੁਪਈਆ ਉਸ ਰੰਡੀ ਤੀਵੀਂ ਕੋਲੋਂ ਸਾਲ ਭਰ ਹੋ ਗਿਆ, ਮੈਨੂੰ ਲਿਆ ਕੇ ਦਿੱਤਾ ਸੀ ਤੇ ਜਿਸ ਨਾਲ ਮੈਂ ਆਪਣੇ ਜੀਵਨ ਬੀਮੇ ਦੀ ਛਮਾਹੀ ਕਿਸ਼ਤ ਭਰੀ ਸੀ। ਮੇਰੀ ਘਰਵਾਲੀ ਮੇਰੇ ਨਾਲ ਦੂਰੋਂ ਦੂਰੀ ਹੋ ਕੇ ਉੱਠੀ ਹੌ-ਸੌ ਰੁਪਈਆ ਜੇ ਨਹੀਂ ਮੁੜਦਾ ਤਾਂ ਚੌਵੀ ਰੁਪਈਏ ਵਿਆਜ ਦੇ ਤਾਂ ਗਾਲਦੇ, ਫੂਕਦੇ, ਮੋੜਦੇ। ਤੇਰੀ ਤਿੰਨ ਸੌ ਰੁਪਈਆ ਤਨਖ਼ਾਹ ਪਤਾ ਨਹੀਂ ਕਿਹੜੇ ਖੂਹ ਖਾਤੇ ਜਾਂਦੀ ਐ। ਬਾਹਰੇ ਬਾਹਰ ਪਤਾ ਨੀ ਕਿਹੜੀ ਸੌਂਕਣ ਨੂੰ ਦੇ ਔਨੈਂ।
ਜਦ ਕਿ ਮੈਂ ਇਹ ਸਭ ਕੁਝ ਲਿਖ ਰਿਹਾ ਹਾਂ ਤਾਂ ਮੇਰੇ ਕੋਲ ਪਿਆ ਮੇਰਾ ਵੱਡਾ ਮੁੰਡਾ, ਜੋ ਦੂਜੀ ਜਮਾਤ ਪੜ੍ਹਦਾ ਹੈ, ਇਕਦਮ ਸੁੱਤਾ ਪਿਆ ਡਰ ਕੇ ਚਾਂਗਾਂ ਮਾਰਦਾ ਉੱਠ ਖੜ੍ਹਾ ਹੈ। ਉਸ ਦੇ ਹੱਥ ਵਿੱਚ ਉਸ ਦਾ ਖੱਬਾ ਹੱਥ ਘੁੱਟ ਕੇ ਫੜਿਆ ਹੋਇਆ ਹੈ। ਮੈਂ ਵੀ ਡਰ ਜਾਂਦਾ ਹਾਂ ਤੇ ਉਸ ਦੀ ਮਾਂ ਨੂੰ ਹਾਕ ਮਾਰਦਾਂ ਹਾਂ- ‘ਆਈਂ ਨੀ ਭੱਜ ਕੇ, ਕੀ ਹੋ ਗਿਆ ਇਹਨੂੰ? ਆਈਂ ਦੇਖੀਂ ਆ ਕੇ।' ਉਹ ਭਾਂਡੇ ਮਾਂਜਦੀ ਸੁਆਹ ਨਾਲ ਲਿੱਬੜੀ ਹੱਥੀਂ ਆ ਕੇ ਗੋਦੀ ਵਿੱਚ ਮੁੰਡੇ ਨੂੰ ਘੁੱਟ ਲੈਂਦੀ ਹੈ। ਉਸ ਦੇ ਖੱਬੇ ਹੱਥ ਨੂੰ ਸੱਜੇ ਹੱਥ ਵਿੱਚ ਫੜੇ ਹੋਏ ਨੂੰ ਦੇਖ ਕੇ ਉਹ ਮੈਨੂੰ ਦੱਸਦੀ ਹੈ- 'ਪਰਸੋਂ ਚੌਥੇ ਇਹ ਦੇ ਮਾਸਟਰ ਨੇ ਇਹ ਦੀਆਂ ਉਂਗਲਾਂ ਵਿੱਚ ਪੈਨਸਲ ਪਾ ਕੇ ਇਹਦਾ ਖੱਬਾ ਹੱਥ ਦੱਬ ਕੇ ਘੁੱਟ ਦਿੱਤਾ ਤੇ ਇਹ ਚੰਦਰਾ ਓਦਣ ਦਾ ਸੁਪਨੇ 'ਚ ਵੀ ਡਡਿਆ ਕੇ ਉੱਠ ਖੜਦੈ।'
‘ਉਂਗਲਾਂ ਇਉਂ ਕਿਉਂ ਘੁੱਟ 'ਤੀਆਂ ਸਾਲੇ ਕਸਾਈ ਨੇ?' ਮੈਂ ਉਸ ਤੋਂ ਪੁੱਛਦਾ ਹਾਂ। ਉਹ ਦੱਸਦੀ ਹੈ- 'ਏਸਦੇ ਪਾਂਜੇ ਦਾ ਪਹਾੜਾ ਯਾਦ ਨੀ ਸੀ।'
ਅਸੀਂ ਮੁੰਡੇ ਨੂੰ ਸੁਰਤ ਵਿੱਚ ਲਿਆਉਂਦੇ ਹਾਂ ਤਾਂ ਛੋਟੀ ਗੁੱਡੀ ਬਰੜਾਉਂਦੀ ਸੁਣਦੀ ਹੈ- 'ਪੱਲੀਆਂ,ਪੱਲੀਆਂ', ਮੈਂ ਹੱਸ ਪੈਂਦਾ ਹਾਂ। ਮੇਰੀ ਘਰਵਾਲੀ ਦੱਸਦੀ ਹੈ ‘ਚੱਪਲੀਆਂ ਨੂੰ, 'ਪੱਲੀਆਂ' ਕਹਿੰਦੀ ਐ ਮਰ ਜਾਣੀ' ਤੇ ਫਿਰ ਉਹ ਮੈਨੂੰ ਵਾਸਤਾ ਪਾਉਂਦੀ ਹੈ-'ਐਤਕੀਂ ਦੀ ਤਨਖ਼ਾਹ ਮਿਲੀ ਤੋਂ ਚੱਪਲੀਆਂ ਇਹ ਨੂੰ, ਵਿਚਾਰੀ ਨੂੰ ਜ਼ਰੂਰ ਲਿਆ ਦੀਂ।'
ਛੱਬੀ ਜਨਵਰੀ ਨੇੜੇ ਆ ਰਹੀ ਹੈ। ਅਲਕਾ ਮੈਨੂੰ ਉਡੀਕ ਰਹੀ ਹੋਵੇਗੀ। ਬਰਨਾਲੇ ਗਿਆ ਤਾਂ ਉਹ ਮੈਥੋਂ ਕਵਿਤਾ ਜ਼ਰੂਰ ਮੰਗੇਗੀ। ਅਜਿਹੀ ਹਾਲਤ ਵਿੱਚ ਮੈਂ ਕਿਵੇਂ ਕਿਹੜੇ ਹੱਥਾਂ ਨਾਲ ਦੇਸ਼ ਦੀ ਉਸਾਰੀ ਦਾ ਝੂਠ ਬੋਲ ਕੇ ਅਲਕਾ ਨੂੰ ਕਵਿਤਾ ਲਿਖ ਕੇ ਦੇ ਦਿਆਂ?
ਪਰਸੋਂ ਨੂੰ ਜਦ ਮੈਂ ਬਰਨਾਲੇ ਗਿਆ ਤਾਂ ਅਲਕਾ ਦਾ ਕੰਨ ਮਰੋੜ ਕੇ ਕਹਾਂਗਾ-‘ਬੱਚੂ, ਜਿਵੇਂ ਤੇਰਾ ਚਾਚਾ ਕਵਿਤਾ ਲਿਖਣੋਂ ਹਟ ਗਿਆ ਹੈ, ਓਵੇਂ ਜਿਵੇਂ ਤੂੰ ਵੀ ਅਜਿਹੀਆਂ ਝੂਠੀਆਂ ਕਵਿਤਾਵਾਂ ਸਟੇਜ ਤੇ ਬੋਲਣੋਂ ਹਟ ਜਾ।'
ਮੇਰੀ ਭਤੀਜੀ ਅਲਕਾ
185