ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਪਾਠੀ ਜਾ ਬਣਿਆ ਸੀ। ਉਸ ਤੋਂ ਛੋਟਾ ਪੁਲਿਸ ਵਿੱਚ ਭਰਤੀ ਹੋ ਗਿਆ। ਸਭ ਤੋਂ ਛੋਟਾ ਕਰਮਾ ਸੀ। ਵਿਆਹਿਆ ਉਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਸੀ। ਮਾਂ ਉਨ੍ਹਾਂ ਦੀ ਲੋਕਾਂ ਦਾ ਗੋਲਾ ਧੰਦਾ ਕਰਕੇ ਟੱਬਰ ਦਾ ਮਸ੍ਹਾਂ ਪਲ ਪੂਰਾ ਕਰਦੀ। ਪਾਠੀ ਤੇ ਪੁਲਿਸੀਆ ਕਦੇ ਵੀ ਘਰ ਨਹੀਂ ਸਨ ਵੜਦੇ।

ਉਨ੍ਹਾਂ ਦੀ ਮਾਸੀ ਇੱਕ ਵਾਰੀ ਉਨ੍ਹਾਂ ਦੇ ਪਿੰਡ ਗਈ ਤੇ ਘਰ ਦਾ ਇਹ ਹਾਲ ਦੇਖ ਕੇ ਕਰਮੇ ਨੂੰ ਆਪਣੇ ਨਾਲ ਲੈ ਆਈ।

‘ਕਰਮੇ ਨੂੰ ਭੈਣੇ ਤੂੰ ਹੀ ਨਾਲ ਲੈ ਜਾ। ਰੱਜ ਕੇ ਟੁੱਕ ਤਾਂ ਖਾਊ।ਨਾਲੇ ਥੋਡੇ ਆਸਰੇ ਨਾਲ ਕੀਹਐ ਕੋਈ ਜੱਟ ਅੜ੍ਹਕ ਜੇ।' ਉਸ ਦੀ ਮਾਂ ਨੇ ਆਪ ਹੀ ਆਖ ਦਿੱਤਾ ਸੀ।

ਉਸ ਦੀ ਮਾਸੀ ਦੇ ਤਿੰਨ ਧੀਆਂ ਸਨ। ਦੋ ਮੁੰਡੇ ਜਿਹੜੇ ਹੋਏ, ਦੋਵੇਂ ਰੱਬ ਘਰ ਛੋਟੇ ਹੁੰਦੇ ਹੀ ਚਲੇ ਗਏ। ਹੁਣ ਧੀਆਂ ਤਿੰਨੇ ਆਪੋ-ਆਪਣੀ ਘਰੀਂ ਜਾ ਚੁੱਕੀਆਂ ਸਨ।

ਉਸ ਦੇ ਮਾਸੜ ਕੋਲ ਜ਼ਮੀਨ ਚੰਗੀ ਸੀ। ਪਹਿਲਾਂ ਤਾਂ ਉਹ ਇੱਕ ਸੀਰੀ ਨਾਲ ਰਲਾ ਕੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰਦਾ ਰਿਹਾ। ਇਕੱਲਾ ਹੋਣ ਕਰਕੇ ਔਖਾ ਵੀ ਖਾਸਾ ਹੁੰਦਾ ਸੀ, ਪਰ ਜਦੋਂ ਦਾ ਕਰਮਾ ਆ ਗਿਆ ਸੀ, ਉਸ ਨੂੰ ਪੂਰਾ ਸਹਾਰਾ ਮਿਲ ਗਿਆ ਸੀ।

ਕਰਮੇ ਦੀ ਉਮਰ ਛੱਬੀ ਸਤਾਈ ਸਾਲ ਦੀ ਹੋ ਚੁੱਕੀ ਸੀ।

ਉਸ ਦਾ ਮਾਸੜ ਕਈ ਥਾਵਾਂ ਤੋਂ ਘੇਰ-ਘੇਰ ਕੇ ਸਾਕ ਲਿਆਉਂਦਾ, ਪਰ ਗੱਲ ਸਿਰੇ ਨਾ ਚੜ੍ਹਦੀ।

‘ਤੇਰਾ ਆਪਣਾ ਮੁੰਡਾ ਹੁੰਦਾ ਤਾਂ...' ਕੋਈ ਕਹਿ ਕੇ ਮੁੜ ਜਾਂਦਾ।

‘ਜ਼ਮੀਨ ਦਾ ਤਾਂ ਇੱਕ ਖੁੱਡ ਵੀ ਨਹੀਂ ਇਹ ਦੇ ਪਿਓ ਕੋਲ।' ਬਹੁਤਿਆਂ ਦਾ ਜਵਾਬ ਹੁੰਦਾ।

‘ਆਪ ਤਾਂ ਤੇਰੇ ਟੁੱਕ ਖਾਂਦੈ, ਬਿਗਾਨੀ ਧੀ ਨੂੰ ਕੀ ਖਵਾ ਦੂ?' ਸਭ ਇਹ ਕਹਿੰਦੇ।

ਉਸ ਦਾ ਮਾਸੜ ਪੂਰੀ ਵਾਹ ਲਾ ਰਿਹਾ ਸੀ। ਉਸ ਨੇ ਏਥੋਂ ਤੀਕ ਵੀ ਕਹਿ ਦਿੱਤਾ-'ਏਸ ਦਾ ਵਿਆਹ ਮੈਂ ਆਪ ਕਰੂੰ। ਜ਼ਮੀਨ ਵੀ ਥੋੜ੍ਹੀ ਘਣੀ ਏਸ ਦੇ ਨਾਉਂ ਲਵਾ ਦਿੰਨਾਂ। ਵਿਆਹ ਕਰਾ ਕੇ ਵੀ ਇਹ ਮੇਰੇ ਕੋਲ ਈ ਰਹੁ।'

'ਪੁੱਤ ਬਿਗਾਨਾ ਈ ਐ ਨਾ!' ਕੋਈ ਵੀ ਗੱਲ ਨਾ ਬਣੀ।

ਜਦੋਂ ਕੋਈ ਵੀ ਆਸ ਹੁੰਦੀ, ਕਰਮਾ ਜਾਨ ਤੋੜ-ਤੋੜ ਕੰਮ ਕਰਦਾ ਤੇ ਜਦੋਂ ਕੋਈ ਸਾਕ ਕਰਨ ਆਇਆ ਜੱਟ ਤਿਲ੍ਹਕ ਜਾਂਦਾ ਤਾਂ ਉਸ ਦਾ ਜੀਅ ਕਰਦਾ ਕਿ ਕੁਝ ਖਾ ਕੇ ਮਰ ਜਾਵੇ ਤੇ ਜਾਂ ਆਪਣੇ ਪਿਓ ਕੰਜਰ ਨੂੰ ਮਿੱਟੀ ਦਾ ਤੇਲ ਪਾ ਕੇ ਫੂਕ ਆਵੇ, ਪਰ ਉਸ ਦਾ ਮਾਸੜ ਉਸ ਦੀ ਆਸ ਬੰਨ੍ਹਾਈ ਰੱਖਦਾ ਸੀ।

‘ਪੰਜ ਸੱਤ ਸੌ ਝੋਕ ਦਿਆਂਗੇ। ਆਪੇ ਸਾਲਾ ਕੋਈ ਭੁੱਖਾ ਮਰਦਾ ਜੱਟ ਮੰਨ ਜੂ।' ਉਸ ਦੇ ਮਾਸੜ ਦੀ ਪੂਰੀ ਦਲੀਲ ਹੁੰਦੀ।

* * *

ਇੱਕ ਦਿਨ ਉਹ ਖੇਤ ਵਿੱਚ ਕਪਾਹ ਗੁੱਡਣ ਗਏ। ਦੋ ਤਿੰਨ ਦਿਹਾੜੀਏ ਤੇ ਚਾਰ ਪੰਜ ਉਨ੍ਹਾਂ ਨਾਲ ਬਿੜ੍ਹੀ ਵਾਲੇ ਸਨ। ਸਾਵਣ ਭਾਦੋਂ ਦੀ ਕੜਕਦੀ ਧੁੱਪ ਵਿੱਚ ਉਹ ਸਾਰਾ

ਤੀਜਾ ਪੁੱਤ

187