ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/188

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਕਪਾਹ ਗੁਡਦੇ ਰਹੇ। ਦੂਜੇ ਦਿਨ ਕਰਮੇ ਤੇ ਸੀਰੀ ਨੇ ਮੰਡੀ ’ਤੇ ਮਹਿੰ ਵੇਚਣ ਜਾਣਾ ਸੀ। ਸਾਰਾ ਦਿਨ ਹੀ ਦੂਜੇ ਗੁਡਾਵੇ ਉਸ ਨੂੰ ਮਸ਼ਕਰੀਆਂ ਕਰਦੇ ਰਹੇ।

‘ਕਰਮਿਆ ਸਾਲਿਆ ਐਵੇਂ ਈ ਧੁੱਪ 'ਚ ਪਿੰਡਾ ਫੂਕਦੈਂ, ਤੀਵੀਂ ਤਾਂ ਹਾਲ ਤਾਈਂ ਜੁੜੀ ਨੀ?'

'ਓਏ ਕੋਈ ਅੱਖੋਂ ਲਾਮੀ ਨੀ ਥਿਉਂਦੀ?'

‘ਮਾਸੜ ਤੈਨੂੰ ਕਿੱਥੋਂ ਡੋਲਾ ਲਿਆ ਦੂ, ਜਿੰਨਾ ਚਿਰ ਹੱਡ ਪੀਹਣੇ ਨੇ, ਪੀਹੀਂ ਜਾਹ।'

‘ਮਾਸੜ ਤਾਂ ਤੈਥੋਂ ਲਾਹਾ ਲੈਂਦੈ, ਨਹੀਂ ਮਾਰੇ ਕਿਸੇ ਜੱਟ ਦੇ ਦੋ ਹਜ਼ਾਰ ਮੱਥੇ?'

ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਪਹਿਲਾਂ ਤਾਂ ਕਰਮਾ ਆਪ ਵੀ ਹੱਸਦਾ ਰਿਹਾ, ਪਰ ਫੇਰ ਉਹ ਪਲ-ਪਲ ਗੰਭੀਰ ਹੁੰਦਾ ਗਿਆ।

‘ਇਹ ਨ੍ਹੇਰਾ ਕੀਹਦੇ ਖ਼ਾਤਰ ਢੋਨੇ ਆ? ਜਿਹੜਾ ਕੰਮ ਸੀ ਉਹ ਤਾਂ ਹਾਲ ਤਾਈਂ ਬਣਿਆ ਨੀਂ। ਕਰਮੇ ਨੂੰ ਮਹਿਸੂਸ ਹੋਇਆ, ਜਿਵੇਂ ਉਹ ਦਾ ਮਾਸੜ ਲਾਲਚ ਦੇ ਕੇ ਉਹ ਨੂੰ ਬੰਨ੍ਹੀ ਬੈਠਾ ਹੈ। ਕਪਾਹ ਗੁਡਦਾ ਵਿੱਚ ਉਹ ਕੋਈ ਬੂਟਾ ਵੀ ਵੱਢ ਜਾਂਦਾ। ‘ਕਿਹੜੀ ਹੂਰਾਂ ਪਰੀ ਦਾ ਸੁਪਨਾ ਆ ਗਿਆ?' ਉਸ ਦੇ ਸਾਥੀ ਹਾਸੜ ਚੁੱਕ ਲੈਂਦੇ।

* * *

ਮਹਿੰ ਲੈ ਕੇ ਦੂਜੇ ਦਿਨ ਕਰਮਾ ਤੇ ਸੀਰੀ ਮੰਡੀ ’ਤੇ ਚਲੇ ਗਏ।

ਵਿਕਦੀ ਨਾ ਦੇਖ ਕੇ ਸੀਰੀ ਮਹਿੰ ਲੈ ਕੇ ਆਥਣ ਨੂੰ ਪਿੰਡ ਆ ਵੜਿਆ। ਕਰਮਾ ਉਸ ਦੇ ਨਾਲ ਨਹੀਂ ਸੀ।

‘ਵੇ ਕਰਮਾ ਕਿੱਥੇ ਰਹਿ ਗਿਆ?' ਉਸ ਦੀ ਮਾਸੀ ਨੇ ਸੀਰੀ ਤੋਂ ਪੁੱਛਿਆ।

'ਉਹ ਤਾਂ ਚਾਚੀ ਫ਼ੌਜ ਚ ਹੋ ਗਿਆ। ਮੰਡੀ ’ਤੇ ਭਰਤੀ ਆਲੇ ਆਏ ਸੀ।’ ਸੀਰੀ ਨੇ ਬੇਝਿਜਕ ਜਿਹਾ ਕਹਿ ਦਿੱਤਾ।

188

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ