ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/191

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁਲਾਜ਼ਮਾਂ ਦੀ ਜ਼ਿੰਦਗੀ ਹੈ, ਪਰ ਉਹ ਖ਼ੁਸ਼ ਨਾ ਹੋਵੇ ਤਾਂ ਦਿਨ ਕਿਵੇਂ ਨਿਕਲਣ। ਉਹ ਜਦ ਕਦੇ ਮਿਲਦਾ ਹੈ ਤਾਂ ਹਾਸੀ ਮਖੌਲ ਵਿੱਚ ਹੀ ਆਪਣੇ ਸਭ ਰੋਣੇ ਰੋ ਜਾਂਦਾ ਹੈ।

ਮੈਂ ਉਸ ਦੇ ਸਦਾ ਹੀ ਚਿੱਟੇ ਲੱਠੇ ਦਾ ਪਜਾਮਾ ਤੇ ਚਿੱਟੀ ਜਾਂ ਕੋਈ ਹੋਰ ਰੰਗ ਦੀ ਪਾਪਲਿਨ ਦਾ ਕਮੀਜ਼ ਦੇਖਿਆ ਹੈ। ਜ਼ਮਾਨੇ ਦਾ ਫ਼ੈਸ਼ਨ ਜਿਵੇਂ ਉਸ ਦੇ ਕੋਲ ਦੀ ਕਦੇ ਵੀ ਨਹੀਂ ਲੰਘਿਆ। ਪੈਰਾਂ ਵਿੱਚ ਉਸ ਦੇ ਸਦਾ ਹੀ ਮੈਂ ਚੰਮ ਦੀ ਘੋਨੀ ਜੁੱਤੀ ਦੇਖੀ ਹੈ। ਸਿਆਲਾਂ ਵਿੱਚ ਉਹ ਇੱਕ ਕੋਟ ਪਾਉਂਦਾ ਹੈ, ਜਿਹੜਾ ਸ਼ਾਇਦ ਛੀ ਸਾਲ ਤੋਂ ਉਸ ਕੋਲ ਹੈ। ਕਿਸੇ ਫ਼ੌਜੀ ਦੋਸਤ ਤੋਂ ਲਈ ਪੁਰਾਣੀ ਬਰਾਂਡੀ ਕਟਵਾ ਕੇ ਉਸ ਨੇ ਇਹ ਕੋਟ ਬਣਵਾਇਆ ਸੀ। ਅਨਾਜ ਮੰਡੀ ਵਿਚੋਂ ਹਿੱਲ ਕੇ ਗੱਲਾਂ ਕਰਦੇ ਕਰਦੇ ਅਸੀਂ ਡਾਕਖ਼ਾਨੇ ਕੋਲ ਦੀ ਸਦਰ ਬਾਜ਼ਾਰ ਵਿੱਚ ਰਾਮਪੁਰੇ ਵਾਲਿਆਂ ਦੀ ਦੁਕਾਨ ਕੋਲ ਆ ਕੇ ਆਪਣੇ ਆਪ ਹੀ ਰੁਕ ਜਾਂਦੇ ਹਾਂ। ਚਾਹ ਦਾ ਆਰਡਰ ਦੇ ਕੇ ਪਰਕਾਸ਼ ਗੱਲ ਤੋਰਦਾ ਹੈ- 'ਜੇ ਕਿਸੇ ਮੁਲਾਜ਼ਮ ਨੂੰ ਬੁਰੀ ਤੋਂ ਬੁਰੀ ਗਾਲ੍ਹ ਕੱਢਣੀ ਹੋਵੇ, ਪਤੈ ਕੀ ਕੱਢੇ?' ਉਹ ਮੈਥੋਂ ਪੁੱਛਦਾ ਹੈ। ਮੈਂ ਸਿਰਫ਼ ਮੁਸਕਰਾ ਦਿੰਦਾ ਹਾਂ, ਕਹਿੰਦਾ ਕੁਝ ਨਹੀਂ। ਉਹ ਫਿਰ ਆਪਣੇ ਆਪ ਹੀ ਜਵਾਬ ਦਿੰਦਾ ਹੈ। ਕਹਿੰਦਾ ਹੈ- 'ਬੁਰੀ ਤੋਂ ਬੁਰੀ ਗਾਲ੍ਹ ਕਿਸੇ ਮੁਲਾਜ਼ਮ ਵਾਸਤੇ ਐ-‘ਮੂੰਹ ਕੀਤੈ ਛੱਬੀ ਤਰੀਕ ਵਰਗਾ। ’ਤੇ ਉਹ ਇਹ ਕਹਿ ਕੇ ਉੱਚੀ ਉੱਚੀ ਹੱਸ ਪੈਂਦਾ ਹੈ। ਦੁਕਾਨ ਵਿੱਚ ਬੈਠੇ ਆਲੇ-ਦੁਆਲੇ ਦੇ ਹੋਰ ਗਾਹਕ ਉਸ ਵੱਲ ਗਹੁ ਨਾਲ ਦੇਖਣ ਲੱਗਦੇ ਹਨ। ‘ਛੱਬੀ ਤਰੀਕ ਤਾਈਂ ਮੁਲਾਜ਼ਮ ਦੀ ਤਨਖ਼ਾਹ ਕੌਡੀ ਕੌਡੀ ਮੁੱਕ ਜਾਂਦੀ ਐ ਅਤੇ ਛੱਬੀ ਤਰੀਕ ਵਾਲਾ ਮੂੰਹ ਮੁਲਾਜ਼ਮ ਦਾ ਸਭ ਤੋਂ ਭੈੜਾ ਮੂੰਹ ਹੁੰਦੈ।' ਪਰਕਾਸ਼ ਗੰਭੀਰ ਹੋ ਜਾਂਦਾ ਹੈ। ਚਾਹ ਦੀਆਂ ਪਿਆਲੀਆਂ ਆ ਜਾਂਦੀਆਂ ਹਨ। ਅਸੀਂ ਹੌਲੀ ਹੌਲੀ ਚੁਸਕੀਆਂ ਭਰਦੇ ਹਾਂ। ਪਰਕਾਸ਼ ਆਪਣੀਆਂ ਗੱਲਾਂ ਜਾਰੀ ਰੱਖਦਾ ਹੈ।

'ਮੁਲਾਜ਼ਮਾਂ ਦੀ ਜ਼ਿੰਦਗੀ 'ਚ ‘ਇੱਕ ਤਰੀਕ’ ਬਹੁਤ ਵੱਡੀ ਤਿਹਾਰ ਐ। ਸਾਡੀ ਛੋਟੀ ਗੁੱਡੀ ਕਹਿੰਦੀ- 'ਪਾਪਾ ਜੀ ਲਾਲ ਰਿਬਨ?' ਮੈਂ ਕਹਿ ਦਿੰਨਾਂ- ‘ਇੱਕ ਤਰੀਕ’ ਨੂੰ।

'ਅੱਠਵੀਂ' ਜਮਾਤ 'ਚ ਪੜ੍ਹਦਾ ਰਾਜੂ ਬੂਟਾਂ ਦੀ ਗੱਲ ਤੋਰਦੈ। ਗਰਮੀ ਦੀ ਰੁੱਤ ਐ ਤੇ ਮੈਨੂੰ ਪਤੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੇ ਜੋੜੇ ਟੁੱਟੇ ਨੇ ਤੇ ਅਗਲੇ ਦੋ ਮਹੀਨੇ ਹੋਰ ਵੀ ਉਸ ਨੂੰ ਜੋੜੇ ਨਹੀਂ ਜੁੜਨੇ ਤੇ ਮੈਂ ਫੇਰ ਵੀ ਉਸ ਨੂੰ ਕਹਿ ਦਿੰਨਾਂ- ‘ਇੱਕ ਤਰੀਕ’ ਬੱਸ ਅਗਲੇ ਮਹੀਨੇ ਦੀ'

‘ਤੇਰੀ ਭਰਜਾਈ ਨੂੰ ਪੈੜੇ ਦੀ ਬਿਮਾਰੀ ਐ। ਉਹ ਦਿਨੋਂ ਦਿਨ ਘਟਦੀ ਜਾਂਦੀ ਐ। ਮੈਂ ਚਾਰ ਮਹੀਨਿਆਂ ਤੋਂ ਓਸ ਨੂੰ ‘ਇੱਕ ਤਰੀਕ' ਦੀਆਂ ਪੁੜੀਆਂ ਦੇ ਰਿਹਾ। ਉਹ ਹੋਰ ਘਟਦੀ ਜਾ ਰਹੀ ਐ।'

ਅਸੀਂ ਚਾਹ ਪੀ ਲੈਂਦੇ ਹਾਂ। ਉਹ ਵੀ ਜੇਬ੍ਹ ਨੂੰ ਹੱਥ ਮਾਰਦਾ ਹੈ, ਮੈਂ ਵੀ ਜੇਬ੍ਹ ਨੂੰ ਹੱਥ ਮਾਰਦਾ ਹਾਂ। ਪੈਸੇ ਉਹ ਦੇਣ ਲੱਗਦਾ ਹੈ, ਪਰ ਮੈਂ ਹੀ ਪਹਿਲਾਂ ਦੇ ਦਿੰਦਾ ਹਾਂ ਤੇ ਉਹ ਆਪਣੇ ਪੈਸੇ ਮੋੜ ਕੇ ਜੇਬ੍ਹ ਵਿੱਚ ਪਾ ਲੈਂਦਾ ਹੈ ਤੇ ਚੁੱਪ ਕਰ ਜਾਂਦਾ ਹੈ। ਦੁਕਾਨ ਉੱਤੋਂ ਅਸੀਂ ਦੋਵੇਂ ਉੱਠਦੇ ਹਾਂ। ਉੱਠਦਾ ਉੱਠਦਾ ਉਹ ਕਹਿ ਰਿਹਾ ਹੁੰਦਾ ਹੈ- 'ਵੱਡੀ ਕੁੜੀ ਦੇ ਕੰਨਾਂ 'ਚ ਨੁਕਸ ਐ। ਸੋਚਦਾ ਉਸ ਨੂੰ 'ਇੱਕ ਤਰੀਕ’ ਨੂੰ ਜ਼ਰੂਰ ਡਾਕਟਰ ਨੂੰ ਦਿਖੌਣੈਂ। ‘ਇੱਕ ਤਰੀਕ' ਹਰ ਵਾਰੀ ਲੰਘ ਜਾਂਦੀ ਐ ਤੇ ਕੁੜੀ ਇੱਕ ਤਰੀਕ ਪਿੱਛੋਂ ਇੱਕ ਮਹੀਨਾ

ਇੱਕ ਤਰੀਕ

191