ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਵੱਡੀ ਹੋ ਜਾਂਦੀ ਐ। ਇੱਕ ਤਰੀਕ ਸਾਲੀ ਐਸੀ ਕਦੇ ਆਊ ਜਦੋਂ ਕੁੜੀ ਵਿਆਹੁਣ ਵਾਲੀ ਹੋ 'ਗੀ ਤੇ ਕਿਸੇ ਵੀ ਖੱਤਰੀ ਦੇ ਪੁੱਤ ਨੇ ਉਹ ਦਾ ਸਾਕ ਨਾ ਲਿਆ।' ਮੈਂ ਉਸ ਦਾ ਹੁੰਗਾਰਾ ਭਰਦਾ ਰਹਿੰਦਾ ਹਾਂ ਤੇ ਅਸੀਂ ਛੱਤੇ ਖੂਹ ਵੱਲ ਨੂੰ ਤੁਰ ਪੈਂਦੇ ਹਾਂ। ਉਹ ਬੋਲਦਾ ਰਹਿੰਦਾ ਹੈ- 'ਇੱਕ ਤਰੀਕ ਨੂੰ ਤਨਖ਼ਾਹ ਮਿਲਦੀ ਐ ਤੇ ਇੱਕ ਤਰੀਕ ਨੂੰ ਈ ਖ਼ਰਚੀ ਜਾਂਦੀ ਐ। ਕਈ ਵਾਰੀ ਤਾਂ ਇਉਂ ਹੁੰਦੈ ਕਿ ਕਿਸੇ ਮਹੀਨੇ ਦੀ ਇੱਕ ਤਰੀਕ ਨੂੰ ਹੀ ਸ਼ਾਮ ਨੂੰ ਦੁਕਾਨ 'ਤੇ ਸੌਦਾ ਲੈਣ ਜਾਈਂਦੈ ਤੇ ਦੁਕਾਨਦਾਰ ਨੂੰ ਕਹਿ ਦਈਂਦੈ ਕਿ ਪੈਸੇ ਇੱਕ ਤਰੀਕ ਨੂੰ ਮਿਲਣਗੇ ਭਾਈ।'

ਗੱਲ ਕਰਦਾ ਕਰਦਾ ਉਹ ਰਾਹ ਵਿੱਚ ਹੀ ਖੜ੍ਹ ਜਾਂਦਾ ਹੈ। ਕਹਿੰਦਾ ਹੈ- ‘ਛੱਤੇ ਖੂਹ ਕੋਲ ਇੱਕ ਦੁਕਾਨ ਦੇ ਮੈਂ ਕੱਚ ਦੇ ਗਲਾਸਾਂ ਦੇ ਪੈਸੇ ਦੇਣੇ ਐਂ। ਆਪਾਂ ਏਧਰ ਦੀ ਨੀ ਜਾਂਦੇ।' ਤੇ ਅਸੀਂ ਇੱਕ ਗਲੀ ਵਿੱਚ ਦੀ ਫਰਵਾਹੀ ਬਜ਼ਾਰ ਵਿੱਚ ਚਲੇ ਜਾਂਦੇ ਹਾਂ। ਪਰਕਾਸ਼ ਕਹਿੰਦਾ ਹੈ- 'ਹੁਣ ਭਰਾਵਾ ਮੌਤ ਵੀ ਜੇ ਕਦੇ ਆਈ ਤਾਂ ਉਸ ਨੂੰ ਵੀ ਕਹਿ ਦਿਆਂਗੇ- 'ਇੱਕ ਤਰੀਕ’ ਤੋਂ ਬਾਅਦ ਆਈਂ ਭਲੀਏਂ ਮਾਣਸੇ, ਹਾਲੇ ਤਾਂ ਬਰਨਾਲੇ ਦੀਆਂ ਵੀਹ ਦੁਕਾਨਾਂ ਨਬੇੜਨੀਆਂ ਰਹਿੰਦੀਆਂ ਨੇ।'

192

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ