ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਨਮੋਸ਼ੀ

ਸਾਰੇ ਪਿੰਡ ਵਿੱਚ ਹੀ ਨੱਥਾ ਸਿੰਘ ਦੀ ਪੂਰੀ ਇੱਜ਼ਤ ਸੀ। ਚੰਗੇ ਤਕੜੇ ਟੱਬਰ ਵਾਲਾ ਉਹ ਇੱਕ ਨਰੋਆ ਜ਼ਿੰਮੀਦਾਰ ਸੀ। ਬਹੁਤ ਅਣਖ ਵਾਲਾ, ਬਹੁਤ ਭਲਾਮਾਣਸ। ਆਪਣੀ ਸਾਰੀ ਉਮਰ ਉਸ ਨੇ ਕਦੇ ਕੋਈ ਖਰਾਬੀ ਨਹੀਂ ਸੀ ਕੀਤੀ। ਕਦੇ ਕਿਸੇ ਨੇ ਉਹ ਦੇ ਵੱਲ ਸ਼ੱਕ ਦੀ ਉਂਗਲ ਨਹੀਂ ਕੀਤੀ ਸੀ। ਪੁੱਤ, ਨੂੰਹ, ਪੋਤੇ ਤੇ ਪੋਤੀਆਂ ਦੇ ਪਰਿਵਾਰ ਵਿੱਚ ਉਸ ਦੀ ਇੱਕ ਵਿਸ਼ੇਸ਼ ਥਾਂ ਸੀ। ਲੰਮਾ ਚੌੜਾ ਪੱਕੀਆਂ ਇੱਟਾਂ ਦਾ, ਮਹਿਲ ਵਰਗਾ ਉਹ ਦਾ ਘਰ, ਬਾਹਰਲਾ ਘਰ ਵੀ ਵਧੀਆ, ਡੰਗਰ ਪਸ਼ੂ ਚੜ੍ਹਦੇ ਤੋਂ ਚੜ੍ਹਦੇ ਤੇ ਜ਼ਮੀਨ ਵੀ ਉਸ ਕੋਲ ਖੁੱਲ੍ਹੀ ਸੀ।

ਪਿੰਡ ਵਿੱਚ ਕੋਈ ਰੌਲਾ ਹੋ ਜਾਂਦਾ ਤਾਂ ਨੱਥਾ ਸਿੰਘ ਨੂੰ ਬੁਲਾਇਆ ਜਾਂਦਾ। ਆਪਣੇ ਠੁਲੇ ਵਿਚੋਂ ਉਹ ਹਰ ਵਾਰੀ ਹੀ ਪੰਚ ਚੁਣਿਆ ਜਾਂਦਾ।

ਸੱਥ ਵਿੱਚ ਬੈਠੇ ਚੋਬਰ ਜੋ ਕਦੇ ਉੱਚੀ ਉੱਚੀ ਬੋਲ ਕੇ ਨਾ ਸੁਣਨ ਵਾਲੀਆਂ ਗੱਲਾਂ ਕਰਦੇ ਹੁੰਦੇ ਤੇ ਉਧਰੋਂ ਨੱਥਾ ਸਿੰਘ ਆ ਜਾਂਦਾ ਤਾਂ ਉਹ ਇਕਦਮ ਚੁੱਪ ਕਰ ਜਾਂਦੇ। ਕਈ ਉੱਠਦੇ ਮੁੰਡਿਆਂ ਨੂੰ ਉਹ ਲਾਡ ਨਾਲ ਮਾਵਾਂ ਦੀਆਂ ਗਾਲ੍ਹਾਂ ਕੱਢ ਦਿੰਦਾ ਤਾਂ ਉਹ ਹੱਸ ਛੱਡਦੇ। ਮੁੰਡਿਆਂ ਨੂੰ ਮਸਾਲਾ ਲਾ ਲਾ, ਮਾਵਾਂ ਦੀਆਂ ਗਾਲ੍ਹਾਂ ਕੱਢਣ ਦੀ ਆਦਤ ਉਸ ਨੂੰ ਬਹੁਤ ਸੀ। ਜਿਵੇਂ ਇਸ ਤਰ੍ਹਾਂ ਕਰਨ ਨਾਲ ਉਸ ਦੇ ਦਿਲ ਅੰਦਰ ਮੁੰਡਿਆਂ ਲਈ ਕੋਈ ਮੋਹ ਜਾਗ ਪੈਂਦਾ ਹੋਵੇ।

ਵੀਹੀ ਗਲੀ ਜੇ ਉਹ ਲੰਘਿਆ ਜਾਂਦਾ ਹੁੰਦਾ ਤਾਂ ਰਾਹ ਵਿੱਚ ਕੋਈ ਬਹੂ ਘੁੰਡ ਕੱਢੀ ਆਉਂਦੀ ਟੱਕਰ ਜਾਂਦੀ, ਉਹ ਕੰਧ ਨਾਲ ਲੱਗ ਕੇ ਖੜ੍ਹ ਜਾਂਦੀ। ਪਿੰਡ ਦੀ ਕੋਈ ਮੁਟਿਆਰ ਕੁੜੀ ਨੱਥਾ ਸਿੰਘ ਵੱਲ ਪਲਕ ਚੁੱਕ ਕੇ ਵੀ ਨਹੀਂ ਸੀ ਦੇਖਦੀ।

ਪਿੰਡ ਵਿੱਚ ਜੇ ਕੋਈ ਅਫ਼ਸਰ ਆਇਆ ਹੁੰਦਾ, ਹੋਰ ਕਿਤੋਂ ਜੇ ਰੋਟੀ ਦਾ ਪ੍ਰਬੰਧ ਹੁੰਦਾ ਤਾਂ ਬਿਨਾਂ ਪਿੱਛੇ ਰੋਟੀ ਉਹ ਨੱਥਾ ਸਿੰਘ ਦੇ ਘਰ ਖਾਂਦਾ।ਪਟਵਾਰੀ,ਗ੍ਰਾਮ ਸੇਵਕ, ਮਾਸਟਰ, ਬਿਜਲੀ ਕਰਮਚਾਰੀ ਤੇ ਪੰਚਾਇਤ ਸੈਕਟਰੀ ਤਾਂ ਜਿਵੇਂ ਉਹ ਦੇ ਨਿੱਤ ਦੇ ਮਹਿਮਾਨ ਸਨ, ਉਹ ਦਾ ਰਾਜਿਆ ਵਰਗਾ ਘਰ ਸੀ। ਕੋਈ ਬੰਦਾ ਉਹ ਦੇ ਘਰੋਂ ਕਦੇ ਨਿਰਾਸ਼ ਨਹੀਂ ਸੀ ਮੁੜਿਆ। ਪਿੰਡ ਦੇ ਗਰੀਬ ਗੁਰਬੇ ਤੇ ਕਮੀਂ ਉਹ ਦਾ ਸਤਿਕਾਰ ਕਰਦੇ ਸਨ।

‘ਨੱਥਾ ਸੂੰ ਜੀ ਘਰੇਓਂ?'ਇੱਕ ਦਿਨ ਚੌਕੀਦਾਰ ਨੇ ਉਹ ਦੇ ਘਰ ਮੂਹਰੇ ਆ ਕੇ ਹਾਕ ਮਾਰੀ। ਅੰਦਰੋਂ ਕੋਈ ਨਾ ਬੋਲਿਆ। ਚੌਕੀਦਾਰ ਨੇ ਇੱਕ ਹਾਕ ਹੋਰ ਮਾਰੀ। ਬਾਰਾਂ ਤੇਰਾਂ ਸਾਲ ਦੇ ਇੱਕ ਮੁੰਡੇ ਨੇ ਬਾਰ ਵਿੱਚ ਆ ਕੇ ਪੁੱਛਿਆ- 'ਕੀਹ ਐ ਚੌਕੀਦਾਰਾਂ?' ਉਹ

ਨਮੋਸ਼ੀ

193