ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/195

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਜਦੋਂ ਬੁੜ੍ਹੇ ਨੇ ਸਾਰੀ ਉਮਰ ਸਾਡੇ ਚੁੱਲ੍ਹੇ 'ਤੇ ਰੋਟੀ ਖਾਧੀ ਹੈ ਤੇ ਮਰਨ ਵੇਲੇ ਉਸ ਦੀ ਬਹੂ ਨੇ ਉਸ ਦਾ ਗ਼ੰਦ ਸਾਂਭਿਆ ਹੈ ਅਤੇ ਜਦੋਂ ਉਹ ਆਪਣੇ ਹੱਥੀਂ ਦੋਵੇਂ ਸਬਾਤਾਂ ਮੇਰੇ ਨਾਉਂ ਲਿਖਵਾ ਗਿਆ ਹੈ ਤਾਂ ਇਸ ਵਿੱਚ ਚਾਚੇ ਬੱਗੂ ਦੀ ਕੀ ਫਾਲ ਪੁੱਗਦੀ ਹੈ?

ਪੰਚਾਇਤ ਨੇ ਕੋਈ ਫੈਸਲਾ ਨਾ ਕੀਤਾ।

ਬੱਗੂ ਨੇ ਇੱਕ ਵਾਰੀ ਅਗਵਾੜ ਦਾ ਇਕੱਠਾ ਵੀ ਕੀਤਾ, ਪਰ ਉੱਥੇ ਵੀ ਕੋਈ ਗੱਲ ਨਾ ਬਣੀ। ਤਾਏ ਵਾਲੀ ਇੱਕ ਸਬ‌੍ਹਾਤ ਵਿੱਚ ਨੱਥਾ ਸਿੰਘ ਦੀ ਘੋੜੀ ਬੰਨ੍ਹੀ ਹੁੰਦੀ। ਬੱਗੂ ਨੇ ਇੱਕ ਦਿਨ ਘੋੜੀ ਓਥੋਂ ਖੋਲ੍ਹ ਦਿੱਤੀ ਤੇ ਓਸੇ ਕਿੱਲੇ 'ਤੇ ਆਪਣੀ ਗਾਂ ਬੰਨ੍ਹ ਦਿੱਤੀ। ਖੁੱਲੀ ਫਿਰਦੀ ਤੇ ਅਗਵਾੜ ਵਿੱਚ ਖਰੂਦ ਪਾਉਂਦੀ ਘੋੜੀ ਜਦ ਨੱਥਾ ਸਿੰਘ ਦੇ ਵੱਡੇ ਮੁੰਡੇ ਨੇ ਦੇਖੀ ਤਾਂ ਉਸ ਨੂੰ ਪੁਚਕਾਰ ਕੇ ਫੜ ਲਿਆਇਆ। ਸਬਾਤ ਵਿੱਚ ਆਇਆ ਤਾਂ ਦੇਖਿਆ ਕਿ ਓਥੇ ਬੱਗੂ ਦੀ ਗਾਂ ਬੰਨ੍ਹੀ ਖੜ੍ਹੀ ਹੈ। ਉਸ ਨੇ ਗਾਂ ਦਾ ਰੱਸਾ ਖੋਲ੍ਹ ਦਿੱਤਾ ਤੇ ਘੋੜੀ ਬੰਨ੍ਹ ਦਿੱਤੀ।ਖੁੱਲ੍ਹੀ ਗਾਂ ਜਦ ਬੱਗੂ ਨੇ ਆਪਣੇ ਘਰ ਵੜਦੀ ਦੇਖੀ ਤਾਂ ਉਹ ਦੇ ਵਿੱਚ ਫੱਕਾ ਨਾ ਰਿਹਾ। ਉਹ ਭੱਜਿਆ ਭੱਜਿਆ ਤਾਏ ਦੀ ਸਬ੍ਹਾਤ ਵੱਲ ਆਇਆ ਤੇ ਭਤੀਜੇ ਨੂੰ ਅੱਖਾਂ ਦਿਖਾਉਣ ਲੱਗਿਆ। ਭਤੀਜਾ ਕਿਹੜਾ ਭਲਾਮਾਣਸ ਸੀ। ਉਸ ਨੇ ਫਹੁੜਾ ਚੁੱਕ ਕੇ ਪੈਰਾਂ 'ਤੇ ਠੋਕਿਆ ਉਹ ਥਾਂ ਦੀ ਥਾਂ ਫੁੜਕ ਗਿਆ। ਫਹੁੜਾ ਮਾਰਨ ਸਾਰ ਉਹ ਪਤਾ ਨਹੀਂ ਕਿੱਧਰ ਰੋਹੀਆਂ ਨੂੰ ਜਾ ਚੜ੍ਹਿਆ। ਉਸੇ ਦਿਨ ਬੱਗੂ ਜਦ ਕੁਝ ਤੁਰਨ ਫਿਰਨ ਜੋਗਾ ਹੋਇਆ ਤਾਂ ਥਾਣੇ ਵਿੱਚ ਜਾ ਕੇ ਅਰਜ਼ੀ ਦੇ ਆਇਆ।

ਪਿੰਡ ਵਿੱਚ ਹੋਰ ਝਗੜੇ ਵੀ ਸਨ ਤੇ ਇੱਕ ਇਹ ਝਗੜਾ ਲੈ ਕੇ ਥਾਣੇਦਾਰ ਉਸ ਦਿਨ ਪਿੰਡ ਦੀ ਹਥਾਈ ਵਿੱਚ ਉਤਰਿਆ ਹੋਇਆ ਸੀ। ਚੌਕੀਦਾਰ ਦੇ ਹੱਥ ਉਸ ਨੇ ਨੱਥਾ ਸਿੰਘ ਨੂੰ ਘਰੋਂ ਬੁਲਵਾਇਆ ਸੀ।

ਨੱਥਾ ਸਿੰਘ ਮੁੰਡੇ ਦੇ ਮੂੰਹੋਂ ਚੌਕੀਦਾਰ ਦੀ ਗੱਲ ਸੁਣ ਕੇ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਸੀ। ਥਾਣੇਦਾਰ ਤਾਂ ਕੀ ਸੀ ਕਿਸੇ ਡੀ. ਸੀ. ਨੇ ਅੱਜ ਤਾਈਂ ਉਸ ਨੂੰ ਇਉਂ ਸੱਥ ਵਿੱਚ ਨਹੀਂ ਸੀ ਸੱਦਿਆ। ਖੇਸ ਦੀ ਬੁੱਕਲ ਮਾਰੀਂ, ਉਹ ਖਾਸਾ ਚਿਰ ਅੰਦਰੇ ਬੈਠਕ ਵਿੱਚ ਮੰਜੀ ਦੀ ਬਾਹੀ ਫੜ ਕੇ ਬੈਠਾ ਰਿਹਾ ਤੇ ਆਪਣੇ ਦਿਮਾਗ ਵਿੱਚ ਖਿਆਲਾਂ ਦੇ ਘੋੜੇ ਭਜਾਉਂਦਾ ਰਿਹਾ। ਪਿਛਲੇ ਪਹਿਰ ਦੀ ਚਾਹ ਦਾ ਵੇਲਾ ਸੀ। ਉਸ ਦੀ ਛੋਟੀ ਨੂੰਹ ਚਾਹ ਦੀ ਗੜਵੀ ਤੇ ਗਲਾਸ ਉਸ ਦੇ ਸਰ੍ਹਾਣੇ ਰੱਖ ਗਈ। ਉਸ ਨੇ ਗਲਾਸ ਵਿੱਚ ਚਾਹ ਪਾ ਕੇ ਘੁੱਟ ਭਰੀ। ਚਾਹ ਉਸ ਨੂੰ ਸੁਆਦ ਨਾ ਲੱਗੀ। ਬਕਬਕੀ ਚਾਹ, ਜਿਵੇਂ ਬੱਬੇ ਦਾ ਪਾਣੀ ਉਬਾਲਿਆ ਹੋਇਆ ਹੋਵੇ। ਦੋ ਘੁੱਟਾਂ ਭਰ ਕੇ ਉਸ ਨੇ ਗਲਾਸ ਥਾਂ ਦੀ ਥਾਂ ਧਰ ਦਿੱਤਾ ਤੇ ਓਵੇਂ ਜਿਵੇਂ ਖੇਸ ਦੀ ਬੁੱਕਲ ਮਾਰੀਂ, ਪੈਰੀਂ ਜੋੜੇ ਪਾ ਕੇ ਹਥਾਈ ਵੱਲ ਨੂੰ ਚੱਲ ਪਿਆ।

ਰਾਹ ਵਿੱਚ ਉਸ ਨੂੰ ਲੱਗਿਆ, ਜਿਵੇਂ ਉਸ ਦਾ ਮੱਥਾ ਪਾਟ ਪਾਟ ਜਾਂਦਾ ਹੋਵੇ। ਜਿਵੇਂ ਉਸ ਦੇ ਪੈਰਾਂ ਥੱਲਿਓਂ ਧਰਤੀ ਤਿਲ੍ਹਕ ਰਹੀ ਹੋਵੇ। ਜਿਵੇਂ ਉਸ ਦੇ ਪਿੰਡਾਂ ਵਿਚੋਂ ਸੇਕ ਜਿਹਾ ਆਉਣ ਲੱਗ ਪਿਆ ਹੋਵੇ।

ਉਸ ਦੇ ਮਨ ਵਿੱਚ ਇੱਕ ਲਹਿਰ ਚੜ੍ਹਦੀ ਸੀ, ਇੱਕ ਉਤਰਦੀ ਸੀ। ਉਸ ਦੀ ਸੱਠ ਸਾਲ ਦੀ ਉਮਰ ਹੋ ਗਈ, ਇਸ ਤਰ੍ਹਾਂ ਚੌਕੀਦਾਰ ਦੇ ਹੱਥ ਪੁਲਿਸ ਵਾਲਿਆਂ ਨੇ ਉਸ ਨੂੰ ਕਦੇ ਨਹੀਂ ਸੀ ਬੁਲਾਇਆ। ਜੁੱਸੇ ਦਾ ਸਾਰਾ ਜ਼ੋਰ ਇਕੱਠਾ ਜਿਹਾ ਕਰਕੇ ਉਹ ਹਥਾਈ ਵਿੱਚ ਪਹੁੰਚਿਆ ਤਾਂ ਬੱਗੂ ਥਾਣੇਦਾਰ ਦੇ ਪੈਰਾਂ ਵਿੱਚ ਬੈਠਾ ਡੱਕੇ ਨਾਲ ਧਰਤੀ ਖੁਰਚ ਰਿਹਾ ਸੀ। ਨੱਥਾ ਸਿੰਘ ਨੇ ਥਾਣੇਦਾਰ ਨੂੰ

ਨਮੋਸ਼ੀ

195