ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਤਿਹ ਬੁਲਾਈ ਤੇ ਗਲ ਵਿੱਚ ਖੱਦਰ ਦਾ ਸਮੋਸਾ ਪਾ ਕੇ ਦੋਵੇਂ ਹੱਥ ਜੋੜ ਕੇ ਪੁੱਛਿਆ- 'ਕੀ ਹੁਕਮ ਐ ਸਰਦਾਰ ਸਾਹਿਬ?’ ਥਾਣੇਦਾਰ ਸੂਈ ਕੁੱਤੀ ਵਾਂਗ ਉਸ ਨੂੰ ਝਈ ਲੈਕੇ ਪਿਆ ਤੇ ਕੜਕਿਆ- 'ਤੂੰ ਭਲੀਪਤ ਨਾਲ ਮੁੰਡੇ ਨੂੰ ਪੇਸ਼ ਕਰਦੇ, ਨਹੀਂ ਤਾਂ ਬੁੜ੍ਹਿਆ ਦਾੜ੍ਹੀ ਦਾ ਵਾਲ ਵਾਲ ਕਰ ਦਿਆਂਗੇ। ਸੁਣਿਆ?' ਥਾਣੇਦਾਰ ਦੀ ਏਸ ਝਿੜਕ ਨੇ ਨੱਥਾ ਸਿੰਘ ਨੂੰ ਮਿੱਟੀ ਬਣਾ ਦਿੱਤਾ, ਉਸ ਦੇ ਮੂੰਹੋਂ ਸਿਰਫ਼ ਐਨੀ ਅਵਾਜ਼ ਹੀ ਨਿਕਲੀ- ‘ਚੰਗਾ ਹਜ਼ੂਰ।'

ਹਥਾਈ ਵਿੱਚ ਉਨ੍ਹਾਂ ਦੇ ਅਗਵਾੜ ਦੇ ਹੋਰ ਆਦਮੀ ਵੀ ਆਏ ਬੈਠੇ ਸਨ। ਲੋਕਾਂ ਵਿੱਚ ਨੱਥਾ ਸਿੰਘ ਨੂੰ ਬਹੁਤ ਨਮੋਸ਼ੀ ਆਈ। ਉਸਨੂੰ ਧਰਤੀ ਬਿਆੜ ਨਹੀਂ ਸੀ ਦੇ ਰਹੀ, ਨਹੀਂ ਤਾਂ ਉਹ ਥਾਂ ਦੀ ਥਾਂ ਗਰਕ ਹੋ ਜਾਂਦਾ। ਸਾਰੀ ਉਮਰ ਦੀ ਰੱਖੀ ਉਸ ਦੀ ਪਤ ਮਿੱਟੀ ਵਿੱਚ ਮਿਲ ਗਈ ਸੀ, ਮਿਲ ਕਾਹਨੂੰ ਰੁਲ ਗਈ ਸੀ। ਗੂੰਗਾ ਜਿਹਾ ਬਣਿਆ ਉਹ ਆਪਣੇ ਘਰ ਆ ਗਿਆ।

ਬਿੰਦ ਝੱਟ ਘਰ ਦਮ ਲੈ ਕੇ ਉਹ ਆਪਣੇ ਬਾਹਰਲੇ ਘਰ ਚਲਿਆ ਗਿਆ। ਓਥੇ ਜਾ ਕੇ ਨਿੰਮ੍ਹ ਦੀ ਥਾਂ ਥੱਲੇ ਉਹ ਮੁਟਕੜੀ ਮਾਰੀ ਬੈਠਾ ਰਿਹਾ, ਉਸ ਨੂੰ ਕੋਈ ਵੀ ਗੱਲ ਨਹੀਂ ਸੀ ਸੁੱਝ ਰਹੀ। ਉਸ ਦੇ ਵੱਡੇ ਮੁੰਡੇ ਦੀ ਇਹ ਹਿੰਡ ਹੀ ਸੀ, ਜਿਹੜਾ ਉਹ ਤਾਏ ਵਾਲਾ ਥਾਂ ਵੰਡ ਕੇ ਬੱਗੂ ਨੂੰ ਨਹੀਂ ਦਿੰਦਾ। ਜਦ ਕਦੇ ਤਾਏ ਵਾਲਾ ਥਾਂ ਵੰਡ ਦੇਣ ਲਈ ਉਸ ਨੇ ਘਰ ਗੱਲ ਤੋਰੀ ਸੀ ਤਾਂ ਵੱਡਾ ਮੁੰਡਾ ਉਸ ਨੂੰ ਆਕੜ ਆਕੜ ਪਿਆ ਸੀ। ਬਰਾਬਰ ਦਾ ਪੁੱਤ ਸਮਝ ਕੇ ਉਸ ਨੇ ਕਦੇ ਉਸ ਦਾ ਮੂੰਹ ਨਹੀਂ ਸੀ ਫਿਟਕਾਰਿਆ, ਪਰ ਅੱਜ ਥਾਣੇਦਾਰ ਦੇ ਮੂੰਹੋਂ ਫਿਟਕਾਰ ਸੁਣ ਕੇ ਉਸ ਨੂੰ ਜਿਹੜੀ ਨਮੋਸ਼ੀ ਚਿੰਬੜ ਗਈ ਸੀ। ਉਸ ਨੇ ਤਾਂ ਉਸ ਦੀ ਬਿਲਕੁਲ ਹੀ ਜਾਨ ਹੀ ਜਾਨ ਕੱਢ ਲਈ ਸੀ। ਸਾਰੀ ਉਮਰ ਉਸ ਨੇ ਕਦੇ ਕਿਸੇ ਤੋਂ ਅਜਿਹਾ ਬੋਲ ਨਹੀਂ ਸੀ ਅਖਵਾਇਆ, ਜਿਹੜਾ ਬੋਲ ਉਸ ਖੋਦੀ ਦਾੜ੍ਹੀ ਵਾਲੇ ਥਾਣੇਦਾਰ ਨੇ ਉਸ ਨੂੰ ਕਹਿ ਦਿੱਤਾ ਸੀ- 'ਨਹੀਂ ਤਾਂ ਬੁੜ੍ਹਿਆ ਦਾੜ੍ਹੀ ਦਾ ਵਾਲ ਵਾਲ ਕਰ ਦਿਆਂਗੇ।'

ਬੈਠੇ ਬੈਠੇ ਉਸ ਦੇ ਜੀਅ ਵਿੱਚ ਆਈ ਕਿ ਚੱਲੋ ਜੋ ਹੋ ਗਈ ਹੈ, ਉਹ ਤਾਂ ਹੁਣ ਹੱਥ ਨਹੀਂ ਆ ਸਕਦੀ। ਮਰਿਆ ਤਾਂ ਜਾਂਦਾ ਨਹੀਂ। ਪਰ ਉਸ ਦਾ ਮਨ ਕਹਿੰਦਾ ਸੀ ਕਿ ਉਹ ਆਪਣੇ ਮੂੰਹ ਨੂੰ ਕਿਸੇ ਅਜਿਹੀ ਥਾਂ ਲੁਕੋ ਲਵੇ, ਜਿੱਥੇ ਉਸ ਨੂੰ ਕੋਈ ਨਾ ਦੇਖੇ, ਕੋਈ ਉਸ ਨਾਲ ਗੱਲ ਨਾ ਕਰੇ। ਛੋਟੇ ਭਰਾ ਨੇ ਐਨੇ ਲੋਕਾਂ ਵਿੱਚ ਪੁੱਜ ਕੇ ਉਸ ਦੀ ਪੱਟੀ ਮੇਸ ਕਰ ਦਿੱਤੀ ਸੀ। ਉਹ ਹੁਣ ਸੱਥ ਵਿੱਚ ਖੜ੍ਹ ਕੇ ਬੋਲਣ ਜੋਗਾ ਨਹੀਂ ਸੀ ਰਿਹਾ।

ਉਸ ਨੇ ਦੇਖਿਆ, ਖੁਰਲੀ 'ਤੇ ਖੜ੍ਹੀ ਕੱਟੀ ਰੱਸਾ ਤੁੜਾ ਰਹੀ ਹੈ। ਸ਼ਾਇਦ ਖੁਰਲੀ ਵਿੱਚ ਕੱਖ ਨਹੀਂ ਸਨ। ਉਸਨੇ ਇੱਕ ਟੋਕਰਾ ਚੁੱਕਿਆ ਤੇ ਕੁਤਰੇ ਵਾਲੀ ਮਸ਼ੀਨ ਮੂਹਰੇ ਜਾ ਬੈਠਾ। ਕੁਤਰੇ ਹੋਏ ਚਾਰੇ ਦਾ ਟੋਕਰਾ ਉਸ ਨੇ ਮੂੰਹ ਤਾਈਂ ਥਾਪੜ ਕੇ ਭਰ ਲਿਆ। ਦੋਵੇਂ ਹੱਥ ਪਾ ਕੇ ਉਹ ਟੋਕਰਾ ਚੁੱਕਣ ਲੱਗਿਆ, ਪਰ ਟੋਕਰਾ ਉਸ ਤੋਂ ਚੁੱਕਿਆ ਨਾ ਗਿਆ।

ਵੱਡੀ ਬਹੂ ਬਾਹਰਲੇ ਘਰ ਪਾਥੀਆਂ ਦਾ ਟੋਕਰਾ ਲੈਣ ਆਈ। ਉਸ ਨੇ ਦੇਖਿਆ, ਉਹ ਦਾ ਸਹੁਰਾ ਕੁਤਰੇ ਵਾਲੀ ਮਸ਼ੀਨ ਮੂਹਰੇ ਚਾਰੇ ਦੇ ਭਰੇ ਦੌਕਰੇ ’ਤੇ ਹਿੱਕ ਪਰਨੇ ਡਿੱਗਿਆ ਪਿਆ ਹੈ। ਉਸ ਨੇ ਬਾਹੋਂ ਫੜ ਕੇ ਬੁੜ੍ਹੇ ਨੂੰ ਹਲਾਇਆ, ਪਰ ਉਹ ਹਿੱਲਿਆ ਨਾ। ਉਸ ਦੀ ਦਾੜ੍ਹੀ ਵਿੱਚ ਚਾਰੇ ਦੇ ਡੱਕੇ ਫਸੇ ਪਏ ਸਨ। ਅੱਖਾਂ ਬੰਦ ਤੇ ਦੰਦ ਬੀੜ ਜੁੜੀ ਹੋਈ ਸੀ। ਉਸ ਨੇ ਪੂਰੀ ਤਸੱਲੀ ਕੀਤੀ-ਬੁੜ੍ਹੇ ਵਿਚੋਂ ਸਾਹ ਸਾਰੇ ਦੇ ਸਾਰੇ ਉਡ ਚੁੱਕੇ ਸਨ।

196

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ