ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਡਰਿਆ ਹੋਇਆ ਆਦਮੀ

ਕਈ ਹਫ਼ਤੇ ਲੰਘ ਚੁੱਕੇ ਸਨ, ਉਸ ਨੇ ਕੋਈ ਫ਼ਿਲਮ ਨਹੀਂ ਸੀ ਦੇਖੀ। ਘਰ ਦੇ ਦੁੱਖਾਂ ਕਲੇਸ਼ਾਂ ਵਿੱਚ ਜਾਂ ਦਫ਼ਤਰ ਦੇ ਥਕਾਊ ਕੰਮ ਤੋਂ ਜਦ ਉਹ ਅੱਕ ਜਾਂਦਾ ਹੈ ਤਾਂ ਉਸ ਦਿਨ ਉਹ ਸਿਨੇਮੇ ਜਾਂਦਾ ਹੈ। ਤਿੰਨ ਘੰਟੇ ਤਾਂ ਚੰਗੇ ਲੰਘਦੇ ਹਨ। ਇਸ ਸਮੇਂ ਉਹ ਆਪਣੀ ਅੰਦਰਲੀ ਦੁਨੀਆਂ ਵੀ ਭੁੱਲ ਜਾਂਦਾ ਹੈ।

ਇਕੱਲਾ ਹੀ ਸਿਨੇਮੇ ਦੇਖਣ ਦੀ ਆਦਤ ਨਹੀਂ। ਜੇ ਕਦੇ ਉਹ ਇਕੱਲਾ ਚਲਿਆ ਵੀ ਜਾਵੇ ਤਾਂ ਆਪਣੇ ਆਪ ਨੂੰ ਗੁਆਚਿਆ ਗੁਆਚਿਆ ਮਹਿਸੂਸ ਕਰਦਾ ਹੈ। ਫ਼ਿਲਮ ਦੇਖਣ ਦਾ ਲੁਤਫ਼ ਜ਼ਰਾ ਵੀ ਨਹੀਂ ਆਉਂਦਾ। ਕੋਈ ਨਾਲ ਹੋਵੇ ਤਾਂ ਦੁੱਗਣਾ ਸੁਆਦ ਆਉਂਦਾ ਹੈ। ਉਸ ਦੀ ਬੀਵੀ ਸਿਨੇਮੇ ਦੇਖਣ ਦੀ ਸ਼ੌਕੀਨ ਨਹੀਂ। ਭੁੱਲੀ ਚੁੱਕੀ ਜੇ ਕਦੇ ਆ ਵੀ ਜਾਵੇ ਤਾਂ ਘਰ ਆ ਕੇ ਹੀਰੋਇਨ ਨੂੰ ਗਾਲਾਂ ਕੱਢਣੋਂ ਨਹੀਂ ਹਟਦੀ। ਦਫ਼ਤਰ ਦੇ ਕਿਸੇ ਬੰਦੇ ਨੂੰ ਜੇ ਉਹ ਫ਼ਿਲਮ ਦੇਖਣ ਲਈ ਕਹਿੰਦਾ ਹੈ ਤਾਂ ਉਹ ਬੰਦਾ ਸਮਝਣ ਲੱਗ ਪੈਂਦਾ ਹੈ ਕਿ ਰਮੇਸ਼ ਅੱਜ ਆਪ ਹੀ ਪੈਸੇ ਖ਼ਰਚ ਕਰੇਗਾ। ਹੁੰਦਾ ਵੀ ਇਉਂ ਹੀ ਹੈ। ਜਿਸ ਬੰਦੇ ਨੂੰ ਉਹ ਨਾਲ ਲੈ ਕੇ ਜਾਵੇ, ਉਸ ਦਾ ਟਿਕਟ ਉਹ ਆਪ ਹੀ ਖਰੀਦ ਲੈਂਦਾ ਹੈ। ਕਈ ਬੰਦੇ ਤਾਂ ‘ਗਿਵ ਐਂਡ ਟੇਕ’ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਦਿਨ ਟਿਕਟ ਮੈਂ ਲੈ ਗਿਆ, ਦੂਜੇ ਦਿਨ ਤੁਸੀਂ ਲੈ ਲਓ ਜਾਂ ਟਿਕਟ ਮੈਂ ਲਿਆ ਹੈ ਤਾਂ ਇੰਟਰਵਲ ਵਿੱਚ ਚਾਹ ਤੁਸੀਂ ਪਿਆ ਦਿੱਤੀ। ਫੋਕੀ ਨਾਲੋਂ ਕੁਝ ਖਵਾ ਦਿੱਤਾ। ਟਿਕਟ ਦਾ ਭਾਂਗਾ ਪੂਰਾ ਹੋ ਗਿਆ। ਪਰ ਕਈ ਕਮਬਖ਼ਤ ਤਾਂ ਐਸੇ ਟੱਕਰਦੇ ਹਨ ਕਿ ਉਨ੍ਹਾਂ ਦਾ ਟਿਕਟ ਵੀ ਆਪ ਲਓ ਤੇ ਇੰਟਰਵਲ ਵਿੱਚ ਉਨ੍ਹਾਂ ਹਰਾਮਖ਼ੋਰਾਂ ਨੂੰ ਚਾਹ ਵੀ ਆਪਣੀ ਜੇਬ ਵਿੱਚੋਂ ਹੀ ਪਿਆਉ। ਸੋ, ਕਦੇ ਕਦੇ ਤਾਂ ਰਮੇਸ਼ ਨੂੰ ਇਕੱਲਾ ਹੀ ਜਾਣਾ ਪੈਂਦਾ ਹੈ, ਪਰ ਉਸ ਨੂੰ ਇਕੱਲੇ ਜਾਣਾ ਫਿਰ ਵੀ ਓਪਰਾ ਓਪਰਾ ਲੱਗਦਾ ਹੈ। ਕਈ ਬੰਦੇ ਹਨ, ਜੋ ਇਕੱਲੇ ਹੀ ਫ਼ਿਲਮ ਦੇਖ ਲੈਂਦੇ ਹਨ। ਅਜਿਹੇ ਬੰਦਿਆਂ ਨਾਲ ਰਮੇਸ਼ ਨੂੰ ਚਿੜ੍ਹ ਹੈ।

ਅੱਜ ਉਸ ਨੇ ਆਪਣੇ ਦਫ਼ਤਰ ਦੇ ਬਾਬੂ ਹੁਕਮ ਚੰਦ ਨੂੰ ਮਨਾ ਲਿਆ ਸੀ। ਹੁਕਮ ਚੰਦ ਕਦੇ ਕਦੇ ਹੀ ਫ਼ਿਲਮ ਦੇਖਦਾ ਹੈ। ਦੇਣਾ ਇੱਕ ਨਾ ਲੈਂਣੇ ਦੇ। ਆਪਣੇ ਪੈਸਿਆਂ ਦੇ ਟਿਕਟ ਖਰੀਦੇਗਾ ਤੇ ਆਪਣੇ ਪੈਸਿਆਂ ਦੀ ਹੀ ਚਾਹ ਪੀਏਗਾ। ਇਸ ਤਰ੍ਹਾਂ ਦੀ ਗੱਲ ਵੀ ਰਮੇਸ਼ ਨੂੰ ਚੰਗੀ ਨਹੀਂ ਲੱਗਦੀ। ਇਹ ਕਾਹਦੀ ਅਪਣਤ ਹੈ ਕਿ ਫ਼ਿਲਮ ਰਲ ਕੇ ਦੇਖੇ ਤੇ ਪੈਸੇ ਆਪੋ ਆਪਣੇ ਖ਼ਰਚੇ। ਖ਼ੈਰ, ਹੁਕਮ ਚੰਦ ਉਸ ਦੇ ਨਾਲ ਆ ਗਿਆ ਸੀ। ਐਨਾ ਹੀ ਕਾਫ਼ੀ ਸੀ, ਕੋਲ ਤਾਂ ਬੈਠੇਗਾ, ਗੱਲ ਤਾਂ ਕੋਈ ਕਰੇਗਾ।

ਡਰਿਆ ਹੋਇਆ ਆਦਮੀ

197