ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਸ਼ਰਾਬ ਪੀ ਕੇ ਆਦਮੀਆਂ ਵਾਂਗ ਗਾਲ੍ਹਾਂ ਕੱਢਦੀ ਹੈ। ਪਿੰਡ ਦੇ ਹੋਰ ਬਦਮਾਸ਼ ਵੀ ਬੰਤੇ ਦੇ ਘਰ ਜਾਣ ਲੱਗੇ। ਤੇ ਫਿਰ ਇੱਕ ਵਿਆਹ ਵਿੱਚ ਬਹੁਤੀ ਸ਼ਰਾਬ ਪੀ ਕੇ ਬੰਤਾ ਮਰ ਗਿਆ ਸੀ। ਕਹਿੰਦੇ ਸ਼ਰਾਬ ਵਿੱਚ ਕਿਸੇ ਨੇ ਕੁਝ ਦੇ ਦਿੱਤਾ ਸੀ। ਕੰਦੋ ਦੀ ਉਮਰ ਓਦੋਂ ਚਾਲ੍ਹੀ ਤੋਂ ਥੱਲੇ ਸੀ। ਉਹ ਪਿੰਡ ਛੱਡ ਕੇ ਜਾਣ ਲੱਗੀ, ਪਰ ਬੰਤੇ ਦੇ ਮਿੱਤਰ-ਬੇਲੀਆਂ ਨੇ ਉਹ ਨੂੰ ਜਾਣ ਨਹੀਂ ਦਿੱਤਾ। ਕਹਿੰਦੇ ਤੂੰ ਇੱਥੇ ਹੀ ਬੈਠ। ਤੈਨੂੰ ਕਾਸੇ ਦਾ ਘਾਟਾ ਨਹੀਂ। ਅਸੀਂ ਹੈ 'ਗੇ ਆਂ। ਚਾਰ-ਪੰਜ ਸਾਲ ਤਾਂ ਉਹ ਦੇ ਲੰਘੇ। ਫਿਰ ਤਾਂ ਬੰਤੇ ਦਾ ਕੋਈ ਮਿੱਤਰ-ਬੇਲੀ ਉਹ ਦੇ ਕੋਲ ਨਹੀਂ ਆਉਂਦਾ ਸੀ। ਉਹ ਭੁੱਖੀ ਮਰਨ ਲੱਗੀ ਤਾਂ ਛੜਿਆਂ ਲਈ ਰੇਟ ਬੰਨ੍ਹ ਦਿੱਤਾ। ਉਹ ਦਸ ਰੁਪਏ ਲੈਂਦੀ ਤੇ ਸਾਰੀ ਰਾਤ ਅਗਲੇ ਨੂੰ ਘਰ ਰੱਖਦੀ। ਦਾਰੂ-ਮੀਟ ਅਗਲੇ ਦਾ। ਆਉਣ ਵਾਲਿਆਂ ਲਈ ਉਹ ਮਹਿੰਗੀ ਪੈਂਦੀ, ਫਿਰ ਵੀ ਨਿੱਤ ਕੋਈ ਨਾ ਕੋਈ ਆ ਜਾਂਦਾ। ਉਹ ਪਿਛਲੇ ਪਹਿਰ ਤੱਕ ਗਾਹਕ ਉਡੀਕਦੀ, ਨਹੀਂ ਤਾਂ ਝੋਲਾ ਚੁੱਕੇ ਸ਼ਾਹਕੋਟ ਨੂੰ ਚੱਲ ਪੈਂਦੀ। ਸ਼ਾਹਕੋਟ ਦੇ ਕਿੰਨੇ ਹੀ ਕੰਡਕਟਰ-ਡਰਾਈਵਰ ਉਹ ਦੇ ਪੱਕੇ ਗਾਹਕ ਸਨ। ਉਹ ਬੱਸ ਸਟੈਂਡ 'ਤੇ ਪੈਰ ਧਰਦੀ ਤਾਂ ਕੰਡਕਟਰ-ਡਰਾਈਵਰਾਂ ਵਿੱਚ ਘੁਸਰ-ਮੁਸਰ ਹੋਣ ਲੱਗ ਪੈਂਦੀ-ਬੁੱਢਾ ਪਹਿਲਵਾਨ ਆਇਐ। ਕੰਢਿਆਂ ਤੱਕ ਉਬਲਿਆ ਕੋਈ ਉਹ ਦੀ ਬਾਂਹ ਫੜਦਾ ਤੇ ਹੱਥ ਜੋੜ ਦਿੰਦਾ। ਉਹ ਖੁਸ਼ ਹੋ ਜਾਂਦੀ ਤੇ ਮੁਸਕਰਾ ਦਿੰਦੀ। ਓਦਣ ਦੀ ਰਾਤ ਓਸੇ ਕੋਲ ਰਹਿੰਦੀ।

ਬੱਸ ਆਈ ਤਾਂ ਸਵਾਰੀਆਂ ਚੜ੍ਹ ਗਈਆਂ। ਕੰਦੋ ਦੇ ਨਾਲ ਵਾਲੀ ਸੀਟ ਖਾਲੀ ਸੀ। ਚੰਦਨ ਨੇ ਸਾਰੀ ਬੱਸ ਵਿੱਚ ਨਿਗਾਹ ਮਾਰੀ, ਕੋਈ ਵੀ ਹੋਰ ਸੀਟ ਖਾਲੀ ਨਹੀਂ ਸੀ। ਉਹ ਕੰਦੋ ਨਾਲ ਨਹੀਂ ਬੈਠਾ। ਡਰਾਈਵਰ ਦੀ ਸੀਟ ਮਗਰ ਤਿੰਨ ਪਤਲੇ-ਪਤਲੇ ਬੰਦੇ ਬੈਠੇ ਸਨ, ਉਨ੍ਹਾਂ ਤੋਂ ਪਾਸਾ ਮਰਵਾ ਕੇ ਉਹ ਕਿਨਾਰੇ 'ਤੇ ਇੱਕ ਚਿੱਤੜ ਰੱਖ ਕੇ ਬੈਠ ਗਿਆ। ਰਾਣਸੀਰ ਤੋਂ ਸ਼ਾਹਕੋਟ ਪੰਜ ਮੀਲ ਸੀ। ਡਰਾਈਵਰ ਨੇ ਸ਼ੀਸ਼ਾ ਕੰਦੋ 'ਤੇ ਫਿੱਟ ਕਰਨਾ ਚਾਹਿਆ, ਪਰਨਹੀਂ। ਪਹਿਲਾਂ ਵਾਲੀ ਥਾਂ 'ਤੇ ਹੀ ਉਸ ਨੂੰ ਇੱਕ ਨਵ-ਵਿਆਹੀ ਮੁਟਿਆਰ ਦਿੱਸ ਰਹੀ ਸੀ। ਦੋ ਵਾਰ ਹੀ ਅੱਖਾਂ ਲੜੀਆਂ ਹੋਣਗੀਆਂ ਕਿ ਸ਼ਾਹਕੋਟ ਆ ਗਿਆ। ਨਵ-ਵਿਆਹੀ ਮੁਟਿਆਰ ਰਾਣੀਸਰ ਤੋਂ ਹੀ ਚੜ੍ਹੀ ਸੀ।

ਸ਼ਾਹਕੋਟ ਤੋਂ ਬੱਸ ਬਦਲ ਕੇ ਚੰਦਨ ਦੂਜੀ ਬੱਸ ਵਿੱਚ ਬੈਠ ਗਿਆ। ਇਹ ਸ਼ਾਇਦ ਆਖ਼ਰੀ ਬੱਸ ਹੋਵੇਗੀ। ਬੇਹੱਦ ਭੀੜ ਸੀ। ਛੱਤ ਦਾ ਡੰਡਾ ਫੜ ਕੇ ਉਸ ਨੂੰ ਖੜ੍ਹਨਾ ਹੀ ਪਿਆ। ਬੱਸ ਤੁਰੀ ਤਾਂ ਮੁੜ੍ਹਕਾ ਸੁੱਕਣ ਲੱਗਿਆ। ਹਵਾ ਦੇ ਤੱਤੇ ਫਰਾਟੇ ਅੰਦਰ ਲੰਘ ਆਏ। ਉਹ ਖ਼ੁਸ਼ ਸੀ। ਪਰ ਕਦੇ-ਕਦੇ ਗਰਮੀ ਦੇ ਮੌਸਮ ਦਾ ਖ਼ਿਆਲ ਉਹ ਦੇ ਮਨ ਨੂੰ ਬਿੰਦ-ਝੱਟ ਲਈ ਉਦਾਸ ਕਰ ਜਾਂਦਾ। ਪਿਛਲੀ ਵਾਰ ਜਦੋਂ ਉਹ ਧਰਮਗੜ੍ਹ ਆਇਆ ਸੀ ਤਾਂ ਸਿਆਲ ਸੀ। ਸਿਆਲ ਵਿੱਚ ਤਾਂ ਵਧੀਆ ਰਿਹਾ ਸੀ। ਗਰਮੀ ਵਿੱਚ ਤਾਂ ਲੋਕ ਕੋਠਿਆਂ 'ਤੇ ਸੌਂਦੇ। ਪਰ ਧਰਮਗੜ੍ਹ ਵਿੱਚ ਬਿਜਲੀ ਸੀ। ਬਿਜਲੀ ਹੀ ਉਹ ਦਾ ਆਖ਼ਰੀ ਸਹਾਰਾ ਸੀ।

ਧਰਮਗੜ੍ਹ ਵਿੱਚ ਉਹ ਦਾ ਇੱਕ ਵਾਕਫ਼ ਸੀ। ਉਹ ਦੇਸੀ ਸ਼ਰਾਬ ਦਾ ਠੇਕੇਦਾਰ ਸੀ। ਸ਼ਾਹਕੋਟ ਦੀ ਬੈਂਕ ਵਿੱਚ, ਜਿੱਥੇ ਚੰਦਨ ਕੰਮ ਕਰਦਾ ਸੀ, ਠੇਕੇਦਾਰ ਕਸ਼ਮੀਰਾ ਸਿੰਘ ਨੂੰ ਕੰਮ ਰਹਿੰਦਾ। ਇੱਕ ਦਿਨ ਚੰਦਨ ਨੇ ਕਸ਼ਮੀਰਾ ਸਿੰਘ ਕੋਲ ਗੱਲ ਤੋਰੀ ਕਿ ਉਨ੍ਹਾਂ ਦੇ

20

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ