ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/202

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਫਰੇਮ

ਜਗਦੇਵ ਦਫ਼ਤਰੋਂ ਅਜੇ ਨਹੀਂ ਆਇਆ। ਵੀਹ ਮਿੰਟ ਤੋਂ ਉਸ ਦੇ ਕਮਰੇ ਵਿੱਚ ਬੈਠਾ ਬਹੁਤ ਬੇਸਬਰੀ ਨਾਲ ਮੈਂ ਉਸ ਦੀ ਉਡੀਕ ਕਰ ਰਿਹਾ ਹਾਂ। ਅੱਜ ਸਵੇਰੇ ਜਦ ਮੈਂ ਆਪਣੇ ਸਕੂਲ ਨੂੰ ਜਾ ਰਿਹਾ ਸੀ ਤੇ ਉਹ ਆਪਣੇ ਦਫ਼ਤਰ ਨੂੰ, ਤਾਂ ਉਸ ਨੇ ਆਪ ਹੀ ਸਾਢੇ ਪੰਜ ਵਜੇ ਦਾ ਵਕਤ ਦਿੱਤਾ ਸੀ। ‘ਸਾਢੇ ਪੰਜ ਵਜੇ ਐਗਜ਼ੈਕਟ' ਉਸ ਨੇ ਤਾੜ ਕੇ ਆਖਿਆ ਸੀ। ਅਜੀਬ ਆਦਮੀ ਹੈ। ਛੇ ਵੱਜਣ ਵਾਲੇ ਹਨ। ਉਸ ਦੀ ਬੀਵੀ, ਜੋ ਮੇਰੀ ਕੁਲੀਗ ਹੈ, ਦੋ ਵਾਰ ਕਹਿ ਚੁੱਕੀ ਹੈ-'ਉਹ ਨਹੀਂ ਆਏ ਤਾਂ.. ਮੈਂ ਚਾਹ ਬਣਾ ਦਿੰਨੀ ਆਂ....।'

'ਨਹੀਂ ਨਹੀਂ, ਬੱਸ ਹੁਣ ਤਾਂ ਔਂਦੇ ਈ ਹੋਣਗੇ ਕਿਤੇ।' ਮੈਂ ਕਹਿੰਦਾ ਹਾਂ ਤੇ ਇੱਕ ਲੰਬੀ ਉਬਾਸੀ ਲੈ ਕੇ ਪਲੰਘ ’ਤੇ ਪਏ ਸਿਰ੍ਹਾਣੇ ਨੂੰ ਆਪਣੀ ਬੁੱਕਲ ਵਿੱਚ ਘੁੱਟ ਲੈਂਦਾ ਹਾਂ।

ਉਹ ਤਾਂ ਭਰਾ ਜੀ ਬੱਸ...। ਅਖੇ ਜੀਹਨੇ ਲਾਈ ਗੱਲੀਂ...। ਰਸਤੇ 'ਚ ਟੱਕਰ ਪਿਆ ਹੋਣੈ, ਬਿਮਲ ਗਰਗ ਵਰਗਾ ਕੋਈ। ਉਹ ਕਮਰੇ ਦਹਿਲੀਜ਼ 'ਤੇ ਖੜ੍ਹੀ ਹੈ ਤੇ ਕਹਿ ਰਹੀ ਹੈ ..... 'ਬਿਮਲ ਗਰਗ ਵੀ ਅਜੀਬ ਬੰਦੇ। ਇਨ੍ਹਾਂ ਦਾ ਕੁਲੀਗ ਐ। ਛੁੱਟੀ ਹੁੰਦੀ ਐ। ਪਾਰਕ 'ਚ ਜਾ ਬੈਠਦੇ। ਕਹਾਣੀ ਲਿਖਣ ਜਾਂ ਲਿਖੀ ਹੋਈ ਕਿਸੇ ਨੂੰ ਸਣੌਣ। ਇਹ ਉਸ ਦੇ ਵਧੀਆ ਲਿਸਨਰ ਨੇ। ਦੱਸਦੇ ਹੁੰਦੇ ਨੇ ਫਾਈਲ ਪਰ੍ਹਾਂ ਰੱਖ ਕੇ ਦਫ਼ਤਰ 'ਚ ਈ ਕਹਾਣੀ ਸਣੌਣ ਬਹਿ ਜਾਂਦੈ। ਮੈਂ ਤਾਂ ਡਰਦੀਆਂ ਆਂ, ਘਰ ਈ ਨਾ ਕਿਤੇ ਇਨ੍ਹਾਂ ਨਾਲ ਔਣ ਲੱਗ ਪਏ।'

‘ਚੰਗਾ ਜੀ, ਤੁਸੀਂ ਚਾਹ ਧਰ ਈ ਲਓ: ਕਦੇ ਤਾਂ ਔਣਗੇ ਈ। ਚਾਹ ਬਣਦੀ ਕਰਦੀ ’ਤੇ ਆ ਈ ਜਾਣਗੇ।' ਮੈਂ ਕਹਿੰਦਾ ਹਾਂ। ਉਹ ਰਸੋਈ ਵਿੱਚ ਚਲੀ ਗਈ ਹੈ। ਸਟੋਵ ਵਿੱਚ ਹਵਾ ਭਰਨੀ ਸ਼ੁਰੂ ਕਰ ਦਿੱਤੀ ਹੈ। ਮੈਂ ਟੇਬਲ ਲੈਂਪ ਬਾਲ ਲਿਆ ਹੈ। ਮੇਜ਼ ’ਤੇ ਪਏ ਪਿਕਚਰ ਫਰੇਮ ਨੂੰ ਚੁੱਕਿਆ ਹੈ। ਫਰੇਮ ਵਿਚਲੀ ਤਸਵੀਰ ਕਿਸੇ ਰਸਾਲੇ ਵਿਚੋਂ ਕੱਟੀ ਹੋਈ ਲੱਗਦੀ ਹੈ। ਬਹੁਤ ਸੋਹਣੀ ਔਰਤ ਹੈ। ਟੇਬਲ ਲੈਂਪ ਦੇ ਬਿਲਕੁੱਲ ਸਾਹਮਣੇ ਕਰਕੇ ਮੈਂ ਤਸਵੀਰ ਨੂੰ ਦੇਖਦਾ ਹਾਂ। ਉਹ ਹੋਰ ਵੀ ਸੋਹਣੀ ਲੱਗਦੀ ਹੈ, ਬਹੁਤ ਸੋਹਣੀ, ਅੱਖਾਂ, ਨੱਕ, ਬੁੱਲ੍ਹ, ਠੋਡੀ, ਗਰਦਨ, ਮੱਥਾ, ਸਿਰ ਦੇ ਵਾਲ-ਸਭ ਕੁਝ ਹੀ ਬੇਮਿਸਾਲ।

ਕੇਤਲੀ ਵਿੱਚ ਚਾਹ ਪੈਣ ਤੋਂ ਪਹਿਲਾਂ ਜਗਦੇਵ ਆ ਗਿਆ ਹੈ, ਉਸ ਦੀ ਬੀਵੀ ਨੇ ਮੱਥੇ 'ਤੇ ਹਲਕੀ ਜਿਹੀ ਤਿਊੜੀ ਲਿਆਂਦੀ ਹੈ। ਕਿਹਾ ਹੈ- 'ਮਹਿਮਾਨ ਘਰੇ, ਮੇਜ਼ਬਾਨ ਘਰੋਂ ਬਾਹਰ।

202

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ