ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/209

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਮਿਆਰਾਂ-ਵਿਹੜੇ ਦੇ ਨਾਲ ਲੱਗਦੇ ਦੋਵੇਂ ਤਿੰਨੇ ਅਗਵਾੜਾਂ ਦੇ ਬਹੁਤ ਸਾਰੇ ਜਵਾਕ ਸਕੂਲ ਪੜ੍ਹਨ ਜਾਂਦੇ ਸਨ। ਦੇਖਦਿਆਂ ਦੇਖਦਿਆਂ ਕਿੰਨੇ ਹੀ ਮੁੰਡੇ ਦਸਵੀਂ ਜਮਾਤ ਪਾਸ ਕਰ ਗਏ ਸਨ। ਕਈ ਤਾਂ ਨੇੜੇ ਦੇ ਸ਼ਹਿਰ ਕਾਲਜ ਪੜ੍ਹਨ ਜਾਂਦੇ ਸਨ। ਚਮਿਆਰਾਂ-ਵਿਹੜੇ ਦੇ ਵੀ ਕੁਝ ਮੁੰਡੇ ਸਕੂਲ ਜਾਂਦੇ ਸਨ ਤੇ ਦੋ ਤਿੰਨ ਮੁੰਡੇ ਕਾਲਜ ਵੀ। ਘੋਤੂ ਦਾ ਮੁੰਡਾ ਮਾਸਟਰ ਲੱਗਿਆ ਹੋਇਆ ਸੀ। ਧੱਲੇ ਦਾ ਮੁੰਡਾ ਪਟਵਾਰੀ। ਘੀਚਰ ਦੇ ਦੋਵੇਂ ਮੁੰਡੇ ਬਿਜਲੀ ਦ ਮਹਿਕਮੇ ਵਿੱਚ ਸਨ ਸੁਹਣੀ ਰੋਟੀ ਖਾਂਦੇ ਸਨ। ਚੰਗੇ ਕੱਪੜੇ ਪਾਉਂਦੇ ਸਨ।

ਮਾਸਟਰ ਕਿੰਨੀ ਵਾਰ ਆਇਆ ਹੈ। ਕਹਿੰਦਾ ਹੈ-ਪ੍ਰੀਤਮ ਸਿੰਘ ਨੂੰ ਭੇਜੋ ਸਕੂਲ। ਦਾਖ਼ਲ ਕਰਵਾਓ ਇਹ ਦਾ ਨਾਉਂ। ਪਰ ਕੀ ਪਤਾ ਮਾਸਟਰ ਵਿਚਾਰੇ ਨੂੰ ਰੋਟੀ ਮਸ੍ਹਾਂ ਪੱਕਦੀ ਹੈ। ਪੜ੍ਹਾਈਆਂ ਕਿੱਥੇ? ਮੁਸ਼ਕਲ ਨਾਲ ਮੁੰਡਾ ਉਡਾਰ ਹੋਇਆ ਹੈ। ਕੰਮ ਵਿੱਚ ਨਹੀਂ ਪਾਵਾਂਗੇ ਤਾਂ ਖਾਵਾਂਗੇ ਕਿੱਥੋਂ? ਕਦੋਂ ਮੁੰਡੇ ਦੀ ਦਸਵੀਂ ਪਾਸ ਹੋਈ, ਕਦੋਂ ਕੋਈ ਸਿਖਲਾਈ ਕੀਤੀ ਤੇ ਕਦੋਂ ਫਿਰ ਨੌਕਰੀ ਮਿਲੀ। ਉਦੋਂ ਨੂੰ ਤਾਂ ਬੀਤ ਜਾਵਾਂਗੇ ਭਾਈ।

"ਓਏ ਤੂੰ ਸਕੂਲ 'ਚ ਪੜ੍ਹਨ ਲੱਗਣੈ?" ਜਬਰਾ ਉੱਭੜਵਾਹਾ ਬੋਲਿਆ।

ਮੁੰਡੇ ਦੀਆਂ ਅੱਖਾਂ ਜਿਵੇਂ ਜਾਗ ਪਈਆਂ ਹੋਣ। ਚਿਹਰਾ ਜਿਵੇਂ ਮੀਂਹ ਧੋਤੇ ਫੁੱਲ ਵਾਂਗ ਨਿੱਖਰ ਗਿਆ ਹੋਵੇ, ਟਹਿਕ ਪਿਆ ਹੋਵੇ। ਉਸ ਦੇ ਹਾਣੀ ਮੁੰਡੇ ਗਿੰਦਰੀ, ਢੂੰਡਾ ਤੇ ਪਾਖਰ ਸਾਲ ਭਰ ਤੋਂ ਸਕੂਲ ਲੱਗੇ ਹੋਏ ਸਨ। ਉਨ੍ਹਾਂ ਕੋਲ ਲੱਕੜ ਦੀਆਂ ਕੂਲੀਆਂ ਕੂਲੀਆਂ, ਚਿੱਟੀ ਗਾਜਣੀ ਨਾਲ ਪੋਚੀਆਂ, ਲੰਮੇ ਲੰਮੇ ਡੂਡਣਿਆਂ ਵਾਲੀਆਂ ਫੱਟੀਆਂ ਸਨ। ਘਰ ਦੇ ਬੁਣੇ ਹੋਏ ਮੋਰਨੀਆਂ ਵਾਲੇ ਝੋਲੇ ਸਨ। ਝੋਲਿਆਂ ਵਿੱਚ ਕਿਤਾਬਾਂ ਤੋਂ ਬਿਨ੍ਹਾਂ ਕਿੰਨਾ ਕੁਝ ਹੋਰ ਉਹ ਪਾ ਕੇ ਰੱਖਦੇ ਹਨ। ਸਕੂਲ ਜਾ ਕੇ ਅੱਧੀ ਛੁੱਟੀ ਵੇਲੇ ਖਾਣ ਲਈ ਲੀਰ ਵਿੱਚ ਰੋਟੀ ਬੰਨ੍ਹ ਕੇ ਵੀ ਉਹ ਝੋਲਿਆਂ ਵਿੱਚ ਪਾ ਕੇ ਲਿਜਾਂਦੇ ਸਨ।

ਪਰ ਉਸੇ ਬਿੰਦ ਜਬਰੇ ਨੂੰ ਮਹਿਸੂਸ ਹੋਇਆ, ਢਾਈ ਤਿੰਨ ਸੌ ਹੀ ਪਤਾ ਨਹੀਂ ਕਦੋਂ ਮੁੜੇ, ਵਿਆਜ ਦਾ ਬੰਦੋਬਸਤ? ਉਸ ਨੇ ਸਿਰ ਨੂੰ ਚੱਕਰ ਜਿਹਾ ਆਇਆ। ਕਰਮ ਸਿੰਘ ਦੇ ਕੋਠੇ ਸਾਹਮਣੇ ਹੀ ਦਿਸ ਰਹੇ ਸਨ।

"ਆਪਾਂ ਨੂੰ ਕਿੱਥੇ ਵਿੱਦਿਆ, ਭਾਈ ਮੁੰਡਿਆ। ਚੱਲ ਉੱਠ। ਜਬਰੇ ਨੇ ਹਉਕਾ ਲਿਆ।"

"ਕਿਉਂ ਬਾਪੂ? ਲਾ ਦੇ ਮੈਨੂੰ ਵੀ ਪੜ੍ਹਨ।"

ਜਬਰੇ ਦੇ ਮੂੰਹੋਂ ਕੋਈ ਬੋਲ ਨਹੀਂ ਨਿਕਲਿਆ। ਫੇਰ ਕੁਝ ਪਲ ਰੁਕ ਕੇ ਉਹ ਬੋਲਿਆ, "ਚੱਲ ਤੁਰ। ਮੈਂ ਤਾਂ ਸੜਕ `ਤੇ ਜਾਣੇ ਅਜੇ। ਮੇਟ ਦਾ ਸੁਭਾਅ ਵੀ ਮਾੜਾ ਈ ਐ।"

ਪੀਤੇ ਦੀਆਂ ਅੱਖਾਂ ਫਿਰ ਡੁੱਬ ਗਈਆਂ। ਚਿਹਰਾ ਫਿਰ ਲਮਕ ਗਿਆ। ਕਰਮ ਸਿੰਘ ਦੇ ਕੋਠਿਆਂ ਵੱਲ ਉਹ ਸਿਰ ਸੁੱਟੀ ਜਾ ਰਹੇ ਸਨ।

ਕਮਾਈ

209