ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿੰਡ ਇੱਕ ਤੀਵੀਂ ਹੈ। ਉਹ ਦੇ ਘਰ ਵਾਲਾ ਸ਼ਾਹਕੋਟ ਹੀ ਇੱਕ ਵਕੀਲ ਦਾ ਮੁਣਸ਼ੀ ਹੈ। ਧਰਮਗੜ੍ਹ ਤੋਂ ਨਿੱਤ ਆਉਂਦਾ ਹੈ।

'ਹਾਹੋ, ਉਹ ਤਾਂ ਸਾਡਾ ਨਿੱਤ ਦਾ ਗਾਹਕ ਐ।' ਕਸ਼ਮੀਰਾ ਸਿੰਘ ਬੋਲਿਆ। 'ਸਾਲੇ ਨੂੰ ਪਾਣੀ ਪਿਆਈਂਦੈ ਨਿਰਾ। ਤੂੰ ਗੱਲ ਕਰ, ਅਣਲੱਗ ਦੇ ਦਿਆ ਕਰੀਏ?'

'ਓਏ ਨਹੀਂ, ਇਹ ਗੱਲ ਛੱਡ। ਉਹ ਦੀ ਤੀਵੀਂ ਜਿਹੜੀ ਐ ਨਾ। ਉਹ ਬੇਲਣ ਐ ਮੇਰੀ। ਚੱਲਾਂ ਕਦੇ ਤੇਰੇ ਨਾਲ, ਰਾਤ ਰਹਿਣ ਦਾ ਪ੍ਰਬੰਧ ਹੋ ਸਕਦੈ?'

‘ਜਦ ਕਹੇਂ, ਕੋਈ ਕਰ ਲਵਾਂਗੇ ਬੰਦੋਬਸਤ।' ਕਸ਼ਮੀਰਾ ਸਿੰਘ ਨੇ ਕਹਿ ਦਿੱਤਾ। ਤੇ ਫਿਰ ਕਸ਼ਮੀਰਾ ਸਿੰਘ ਨਾਲ ਚੰਦਨ ਧਰਮਗੜ੍ਹ ਨੂੰ ਗਿਆ ਸੀ। ਦੇਵਾਂ ਦੇ ਮਰਨ ਤੋਂ ਸਾਲ ਭਰ ਬਾਅਦ ਦੀ ਇਹ ਗੱਲ ਸੀ। ਮੁਣਸ਼ੀ ਸਮਝਿਆ ਵਕਾਲਤ ਦਾ ਕੋਈ ਕੇਸ ਹੈ। ਚੰਦਨ ਤੇ ਕਸ਼ਮੀਰਾ ਸਿੰਘ ਨੇ ਗੱਲ ਵੀ ਕੋਈ ਅਜਿਹੀ ਹੀ ਘੜ ਲਈ। ਮੁਣਸ਼ੀ ਦੇ ਘਰ ਬੈਠ ਕੇ ਹੀ ਉਹ ਪੀਣ ਲੱਗੇ। ਮੁਣਸ਼ੀ ਦੀ ਔਰਤ ਖੁਸ਼ ਸੀ। ਚੰਦਨ ਉਹ ਨੂੰ ਚੌਦਾਂ ਸਾਲ ਬਾਅਦ ਮਿਲਿਆ ਸੀ। ਮਾਲੇਰਕੋਟਲਾ ਵੱਲ ਭੁਰਥਲਾ ਮੰਡੇਰ ਪਿੰਡ ਚੰਦਨ ਦੀ ਮਾਸੀ ਸੀ। ਬਚਪਨ ਵਿੱਚ ਉਹ ਓਥੇ ਪੜ੍ਹਿਆ ਸੀ। ਮੁਣਸ਼ੀ ਦੀ ਔਰਤ ਰੇਸ਼ਮਾ ਓਥੋਂ ਦੀ ਧੀ ਸੀ। ਅੱਠ ਜਮਾਤਾਂ ਤੱਕ ਉਹ ਇਕੱਠੇ ਪੜ੍ਹੇ ਸਨ। ਰੇਸ਼ਮਾ ਹੱਡਾਂ-ਪੈਰਾਂ ਦੀ ਖੁੱਲ੍ਹੀ ਸੀ ਤੇ ਸਾਰੀਆਂ ਕੁੜੀਆਂ ਨਾਲੋਂ ਵੀ। ਚੰਦਨ ਨੂੰ ਉਹ ਛੇੜਦੀ ਰਹਿੰਦੀ ਤੇ ਫਿਰ ਉਹ ਬਾਹਰ ਖੇਤਾਂ ਵਿੱਚ ਮਿਲਣ ਲੱਗੇ ਸਨ। ਰੇਸ਼ਮਾ ਨੂੰ ਘਰ ਦਿਆਂ ਨੇ ਬਹੁਤ ਕੁੱਟਿਆ ਤੇ ਪੜ੍ਹਨੋਂ ਹਟਾ ਲਿਆ। ਚੰਦਨ ਰਾਣੀਸਰ ਆ ਕੇ ਸ਼ਾਹਕੋਟ ਪੜ੍ਹਨ ਲੱਗਿਆ।

ਹੁਣ ਰੇਸ਼ਮਾ ਦੇ ਦੋ ਮੁੰਡੇ ਤੇ ਤਿੰਨ ਕੁੜੀਆਂ ਸਨ। ਕਬੀਲਦਾਰੀ ਵਿੱਚ ਪੂਰੀ ਫਸੀ ਹੋਈ ਸੀ। ਉਹ ਤਿੰਨੇ ਜਣੇ ਸ਼ਰਾਬ ਪੀ ਰਹੇ ਸਨ। ਆਨੀ-ਬਹਾਨੀ ਉਹ ਉਨ੍ਹਾਂ ਕੋਲ ਆਉਂਦੀ ਤੇ ਆਪਣੇ ਪਤੀ ਨਾਲ ਕੋਈ ਗੱਲ ਕਰਦੀ ਚੰਦਨ ਵੱਲ ਦੇਖ ਜਾਂਦੀ। ਚੰਦਨ ਮੱਲੋ-ਮੱਲੀ ਕੋਈ ਸਾਂਝੀ ਜਿਹੀ ਗੱਲ ਕਰਦਾ, ਜਿਸ ਦਾ ਸਬੰਧ ਉਹ ਦੇ ਆਪਣੇ ਨਾਲ ਹੁੰਦਾ, ਰੇਸ਼ਮਾ ਤਿੰਨ ਵਾਰੀ ਕਹਿ ਕੇ ਗਈ, ‘ਇਨ੍ਹਾਂ ਨੂੰ ਬਹੁਤੀ ਨਾ ਪਿਆਇਓ। ਅਜੇ ਤਾਂ ਕੱਲ੍ਹ ਸੂਏ ਲਗਣੋਂ ਹਟੇ ਨੇ।'

‘ਸੂਏ ਈ ਲੱਗ ਕੇ ਸਰ ਜਾਂਦੈ ਤਾਂ, ਬੀਬੀ ਹੋਰ ਲਵਾ ਲਵਾਂਗੇ ਕੱਲ੍ਹ ਨੂੰ। ਹੁਣ ਤਾਂ ਪੀਣ ਦਿਓ, ਮੁਣਸ਼ੀ ਸਾਅਬ ਨੂੰ।' ਕਸ਼ਮੀਰਾ ਸਿੰਘ ਬੋਲਿਆ।

ਉਹ ਸਾਰੇ ਹੱਸੇ। ਰੇਸ਼ਮਾ ਵੀ ਹੱਸ ਪਈ। ਪਰ ਦੂਜੇ ਪਲ ਹੀ ਗੰਭੀਰ ਹੋ ਕੇ ਚੰਦਨ ਵੱਲ ਝਾਕਣ ਲੱਗੀ। ਬਹੁਤੀ ਪੀਤੀ ਹੋਣ ਦਾ ਬਹਾਨਾ ਕਰਕੇ ਚੰਦਨ ਮੁਣਸੀ ਦੇ ਘਰ ਹੀ ਸੌਂ ਗਿਆ। ਸਿਆਲਾਂ ਦੇ ਦਿਨ ਸਨ। ਅੱਧੀ ਰਾਤ ਚੰਦਨ ਉੱਠਿਆ। ਰੇਸ਼ਮਾ ਦੇ ਮੰਜੇ ਤੱਕ ਪਹੁੰਚਿਆ। ਉਸ ਨੇ ਹੱਥ ਜੋੜ ਦਿੱਤੇ। ਕਹਿਣ ਲੱਗੀ, 'ਇਹ ਨੂੰ ਤਾਂ ਝੱਟ ਜਾਗ ਆ ਜਾਂਦੀ ਐ। ਮੈਨੂੰ ਵੱਸਦੀ-ਰੱਸਦੀ ਨੂੰ ਕਿਉਂ ਪੱਟਣ ਆ ਗਿਆ।'

'ਮੈਂ ਪੱਟਿਆ ਫਿਰਦਾਂ, ਪਹਿਲਾਂ ਹੀ।' ਚੰਦਨ ਨੇ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਰੇਸ਼ਮਾ ਨੇ ਇੱਕ ਨਾ ਸੁਣੀ ਤੇ ਉਹ ਦੇ ਮੂੰਹ 'ਤੇ ਆਪਣਾ ਹੱਥ ਰੱਖ ਕੇ ਉਹ ਨੂੰ ਆਪਣੇ ਮੰਜੇ 'ਤੇ ਜਾ ਕੇ ਪੈਣ ਲਈ ਆਖਿਆ। ਕੰਬਦਾ-ਟੁੱਟਦਾ ਲੰਬੇ-ਲੰਬੇ ਸਾਹ ਭਰਦਾ ਉਹ ਆਪਣੇ ਮੰਜੇ ’ਤੇ ਰਜ਼ਾਈ ਵਿੱਚ ਆ ਵੜਿਆ। ਜਿਵੇਂ ਕੋਈ ਭੂਤ ਚੁੱਪ

ਅੱਧਾ ਆਦਮੀ

21