ਕੱਚੀਆਂ ਕੈਲਾਂ ਨੂੰ ਚਿੱਤ ਸਭਨਾਂ ਦਾ ਕਰਦਾ।
ਉਹ ਦਾ ਨਾਉਂ ਕੈਲੋ ਸੀ-ਕਰਨੈਲ ਕੌਰ ਤੇ ਸੀ ਵੀ ਕੈਲ ਜਿਹੀ ਉੱਚੀ ਲੰਮੀ, ਅਕਹਿਰੇ ਬਦਨ ਦੀ ਤੇ ਸੁਹਣੀ। ਗੋਰਾ ਬਦਾਮੀ ਰੰਗ। ਕਾਲੀ ਸਲਵਾਰ ਪਾ ਕੇ ਰੱਖਦੀ ਜਾਂ ਸਿਰ 'ਤੇ ਕਾਲਾ ਦੁਪੱਟਾ। ਗਲ ਕਾਲੇ ਧਾਗੇ ਵਿੱਚ ਪਰੋਈ ਸੋਨੇ ਦੀ ਤਵੀਤੀ, ਗਰਦਨ ਦੁਆਲੇ ਕੱਸ ਕੇ ਬੰਨ੍ਹੀ ਹੋਈ। ਅਗਵਾੜ ਵਿੱਚ ਦੀ ਲੰਘਦੀ ਤਾਂ ਹਾਏ ਲੋਹੜਾ ਕਰਦੀ ਤੁਰੀ ਜਾਂਦੀ।
ਕੈਲੋ ਦੇ ਘਰ ਵਾਲਾ ਹੌਲਦਾਰ ਅਖਵਾਉਂਦਾ ਸੀ, ਇਸੇ ਕਰਕੇ ਕੈਲੋ ਨੂੰ ਹੌਲਦਾਰਨੀ ਆਖਦੇ। ਪਾਖਰ ਆਪ ਵੀ ਹੌਲਦਾਰ ਕਦੋਂ ਸੀ, ਬੱਸ ਐਵੇਂ ਹੀ ਕਦੇ ਉਹ ਦਾ ਨਾਉਂ ਹੌਲਦਾਰ ਪੱਕ ਗਿਆ ਤੇ ਉਹ ਹੌਲਦਾਰ ਹੋ ਗਿਆ।
ਉਹ ਦੋ ਭਰਾ ਸਨ। ਵੱਡਾ ਕਾਟੂ ਉਹ ਦੇ ਨਾਲੋਂ ਦਸ ਬਾਰ੍ਹਾਂ ਵਰ੍ਹੇ ਵੱਡਾ ਸੀ। ਨਿਰਾ ਘੋਰੀ ਉਨ੍ਹਾਂ ਕੋਲ ਜ਼ਮੀਨ ਚੰਗੀ ਸੀ। ਪਰ ਪਤਾ ਨਹੀਂ ਕਿਉਂ, ਦੋਵਾਂ ਨੂੰ ਸਾਕ ਨਹੀਂ ਹੋਇਆ ਸੀ।
ਪਿੰਡ ਵਿੱਚ ਉਨ੍ਹਾਂ ਦੀ ਇਹ ਗੱਲ ਮਸ਼ਹੂਰ ਸੀ-ਹਾੜ੍ਹੀ ਦੇ ਦਿਨਾਂ ਵਿੱਚ ਪਾਖਰ ਨੇ ਕਿਹਾ- 'ਓਏ ਕਾਟੂ, ਨ੍ਹਾ ਲੈ। ਪਾਣੀ ਤੱਤਾ ਕੀਤਾ ਪਿਆ।'
ਕਾਟੂ ਨੇ ਜਵਾਬ ਦਿੱਤਾ- 'ਨਾਕੇ ਕੀ ਲੈਣੇ, ਕੱਲ੍ਹ ਨੂੰ ਤਾਂ ਫੇਰ ਹਾੜ੍ਹੀ ਵੱਢਣ ਜਾਣੈ।'
ਸੰਤਾਲੀ ਦੇ ਫ਼ਸਾਦਾਂ ਵੇਲੇ ਪਾਖਰ ਹੌਲਦਾਰ ਦੀ ਉਮਰ ਚਾਲ੍ਹੀ ਬਿਆਲੀ ਸਾਲ ਦੀ ਹੋਵੇਗੀ। ਛੇ ਛੱਤ ਸਾਲਾਂ ਬਾਅਦ ਕਾਟੂ ਨਾਲ ਸਲਾਹ ਮਸ਼ਵਰਾ ਕਰਕੇ ਉਹ ਇਸ ਕੈਲੋ ਨੂੰ ਘਰ ਲੈ ਆਇਆ ਸੀ। ਕੈਲੋ ਉਸ ਸਮੇਂ ਮਸਾਂ ਪੰਜ ਕੁ ਵਰ੍ਹਿਆਂ ਦੀ ਸੀ।
ਕੈਲੋ ਦੀ ਮਾਂ ਮੁਸਲਮਾਨ ਸੀ ਤੇ ਬਾਪ ਜੱਟ। ਉਹ ਵੀ ਓਦੋਂ ਉਤਾਰ ਉਮਰ ਸਨ। ਕੈਲੋ ਜਦੋਂ ਜੰਮੀ, ਉਹ ਦਾ ਪਿਓ ਪੰਜਾਹ ਵਰ੍ਹਿਆਂ ਦਾ ਸੀ, ਮਾਂ ਚਾਲ੍ਹੀਆਂ ਦੀ। ਫ਼ਸਾਦਾਂ ਵੇਲੇ ਕੈਲੋ ਦੀ ਮਾਂ ਦਾ ਪਹਿਲਾ ਪਤੀ ਤੇ ਜਵਾਕ ਜੱਲਾ ਸਭ ਮਾਰ ਦਿੱਤੇ ਗਏ ਸਨ। ਉਹ ਪਤਾ ਨਹੀਂ ਕਿਸੇ ਦੇ ਘਰ ਜਾ ਲੁਕੀ ਸੀ ਤੇ ਫੇਰ ਬਚ ਗਈ। ਤੇ ਫੇਰ ਉਸ ਪਿੰਡ ਦੇ ਹੀ ਘੁੱਦੇ ਜੱਟ ਨੇ ਉਹ ਨੂੰ ਆਪਣੇ ਘਰ ਰੱਖ ਲਿਆ ਸੀ। ਮਿਲਟਰੀ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ। ਪੁਲਿਸ ਵਾਲੇ ਤਾਂ ਆਪਣੇ ਬੰਦੇ ਸਨ। ਨੰਬਰਦਾਰ ਦਾ ਤਰਕ ਸੀ- 'ਇਹ ਵਿਚਾਰੀ ਓਧਰ ਪਾਕਿਸਤਾਨ ਜਾ ਕੇ ਕੀ ਕਰੂਗੀ? ਓਧਰ ਕੌਣ ਐ ਇਹਦਾ? ਜੀਅ-ਜੰਤ ਤਾਂ ਸਭ ਏਧਰ ਈ ਖ਼ਤਮ ਹੋ ਗਿਆ। ਘੁੱਦਾ ਮਾੜਾ ਬੰਦਾ ਨ੍ਹੀ। ਸਰਦਾਰ ਜੀ, ਤੀਮੀਂ ਨੂੰ ਫੁੱਲਾਂ ਪਾਨਾਂ ਵਾਗੂੰ ਰੱਖੂ।'